ਜਲੰਧਰ(ਗੁਲਸ਼ਨ)—ਬੀਤੀ ਰਾਤ ਜੀ. ਆਰ. ਪੀ. ਨੂੰ ਸੋਢਲ ਫਾਟਕ ਕੋਲ ਪੈਂਦੇ ਰੇਲ ਟ੍ਰੈਕ ਤੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜੀ. ਆਰ. ਪੀ. ਨੇ ਮੌਕੇ ਤੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਦੇਰ ਰਾਤ ਸਿਵਲ ਹਸਪਤਾਲ ਦੇ ਲਾਸ਼ ਘਰ ਵਿਚ ਰਖਵਾ ਦਿੱਤਾ। ਮ੍ਰਿਤਕ ਕੋਲੋਂ ਮਿਲੇ ਮੋਬਾਈਲ ਫੋਨ 'ਤੇ ਪੁਲਸ ਨੇ ਉਸਦੇ ਪਰਿਵਾਰ ਨੂੰ ਸੂਚਨਾ ਦਿੱਤੀ। ਮ੍ਰਿਤਕ ਦੀ ਪਛਾਣ ਆਰ. ਐੱਸ. ਐੱਸ. ਸਵੈਮ ਸੇਵਕ ਕਿਸ਼ੋਰ ਕੁਮਾਰ (33) ਪੁੱਤਰ ਸਵ. ਪੀਰੂ ਰਾਮ ਵਾਸੀ ਸੈਦਾਂ ਗੇਟ ਮੂਲ ਵਾਸੀ ਰਾਜਸਥਾਨ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਦੇ ਭਰਾ ਪਵਨ ਨੇ ਦੱਸਿਆ ਕਿ ਉਸਦੇ ਪਿਤਾ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਹ 3 ਭਰਾ ਤੇ 4 ਭੈਣਾਂ ਹਨ। ਸਾਰੀਆਂ ਭੈਣਾਂ ਰਾਜਸਥਾਨ ਵਿਚ ਵਿਆਹੀਆਂ ਹਨ। ਵੱਡਾ ਭਰਾ ਸਤਿਆਨਾਥ (ਪੱਪੂ) ਵਿਦੇਸ਼ ਵਿਚ ਹੈ। ਮੈਂ ਦੂਜੇ ਨੰਬਰ ਤੇ ਕਿਸ਼ੋਰ ਸਭ ਤੋਂ ਛੋਟਾ ਸੀ। ਸੰਨ 2009 ਵਿਚ ਉਸਦਾ ਵਿਆਹ ਹੋਇਆ ਸੀ। ਉਸ ਦੀਆਂ 2 ਲੜਕੀਆਂ ਹਨ। ਬੀਤੀ ਰਾਤ ਕਿਸ਼ੋਰ ਕਰੀਬ 9.30 ਵਜੇ ਕੰਮ ਤੋਂ ਵਾਪਸ ਘਰ ਆਇਆ। 10 ਮਿੰਟ ਬਾਅਦ ਉਹ ਘਰੋਂ ਨਿਕਲਿਆ ਤੇ ਕਿਹਾ ਕਿ ਇਕ ਘੰਟੇ ਤਕ ਵਾਪਸ ਆ ਜਾਵੇਗਾ, ਜਦੋਂ ਕਾਫੀ ਦੇਰ ਤਕ ਨਾ ਮੁੜਿਆ ਤਾਂ ਥਾਣਾ ਨੰਬਰ 4 ਵਿਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾਈ ਗਈ। ਜੀ. ਆਰ. ਪੀ. ਨੇ ਰਾਤ 12.30 ਵਜੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਕਿਸ਼ੋਰ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ, ਸਗੋਂ ਉਹ ਬੜੇ ਹੱਸਮੁੱਖ ਸੁਭਾਅ ਦਾ ਮਾਲਕ ਸੀ। ਪਰਿਵਾਰਕ ਮੈਂਬਰਾਂ ਨੇ ਸ਼ੱਕ ਪ੍ਰਗਟਾਇਆ ਕਿ ਕਿਸ਼ੋਰ ਦੀ ਮੌਤ ਰੇਲ ਹਾਦਸਾ ਨਹੀਂ, ਸਗੋਂ ਉਸਦੀ ਹੱਤਿਆ ਕਰ ਕੇ ਲਾਸ਼ ਰੇਲ ਟ੍ਰੈਕ 'ਤੇ ਸੁੱਟੀ ਗਈ ਹੈ।
ਜੀ. ਆਰ. ਪੀ. ਵਲੋਂ ਲਿਖੇ ਬਿਆਨਾਂ 'ਤੇ ਪਰਿਵਾਰਕ ਮੈਂਬਰਾਂ ਨੇ ਹਸਤਾਖਰ ਕਰਨ ਤੋਂ ਕੀਤਾ ਮਨ੍ਹਾ
ਜੀ. ਆਰ. ਪੀ. ਵਲੋਂ ਆਮ ਤੌਰ 'ਤੇ ਟਰੇਨ ਦੀ ਲਪੇਟ ਵਿਚ ਆ ਕੇ ਹੋਈ ਮੌਤ ਨੂੰ ਇਕ ਹਾਦਸਾ ਹੀ ਕਰਾਰ ਦਿੱਤਾ ਜਾਂਦਾ ਹੈ। ਭਾਵੇਂ ਮਾਮਲਾ ਖੁਦਕੁਸ਼ੀ ਦਾ ਹੀ ਕਿਉਂ ਨਾ ਹੋਵੇ। ਪੁਲਸ ਵਲੋਂ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾਂਦੀ ਹੈ। ਇਸ ਮਾਮਲੇ ਵਿਚ ਵੀ ਜੀ. ਆਰ. ਪੀ. ਨੇ ਖੁਦ ਹੀ ਬਿਆਨ ਲਿਖ ਕੇ ਮ੍ਰਿਤਕ ਦੇ ਭਰਾ ਪਵਨ ਨੂੰ ਉਸ 'ਤੇ ਹਸਤਾਖਰ ਕਰਨ ਲਈ ਕਿਹਾ। ਪੁਲਸ ਨੇ ਕਾਗਜ਼ਾਂ 'ਤੇ ਲਿਖਿਆ ਸੀ ਕਿ ਮ੍ਰਿਤਕ ਦੇ ਵਾਰਸਾਂ ਨੇ ਰੇਲ ਟ੍ਰੈਕ 'ਤੇ ਜਾ ਕੇ ਲਾਸ਼ ਦੀ ਸ਼ਨਾਖਤ ਕੀਤੀ। ਉਸਨੇ ਕਿਹਾ ਕਿ ਜਦੋਂ ਕਿ ਅਸੀਂ ਤਾਂ ਸਿਵਲ ਹਸਪਤਾਲ ਜਾ ਕੇ ਲਾਸ਼ ਨੂੰ ਵੇਖਿਆ। ਇਸ ਲਈ ਉਨ੍ਹਾਂ ਨੇ ਪੁਲਸ ਵਲੋਂ ਲਿਖੇ ਬਿਆਨਾਂ 'ਤੇ ਹਸਤਾਖਰ ਕਰਨ ਤੋਂ ਮਨ੍ਹਾ ਕਰ ਦਿੱਤਾ। ਮਾਮਲਾ ਭਖਦਾ ਦੇਖ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਲਿਖਤੀ ਸ਼ਿਕਾਇਤ ਦੇਣ ਨੂੰ ਕਿਹਾ।
ਪੋਸਟਮਾਰਟਮ ਦੀ ਕਰਵਾਈ ਵੀਡੀਓਗ੍ਰਾਫੀ
ਮ੍ਰਿਤਕ ਦੇ ਪਰਿਵਾਰ ਵਾਲਿਆਂ ਵਲੋਂ ਸ਼ੱਕ ਜਤਾਉਣ 'ਤੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। 3 ਡਾਕਟਰਾਂ ਦੀ ਮੌਜੂਦਗੀ ਵਿਚ ਕਿਸ਼ੋਰ ਦਾ ਪੋਸਟਮਾਰਟਮ ਕੀਤਾ ਗਿਆ। ਆਰ. ਐੱਸ. ਐੱਸ. ਸਵੈਮ ਸੇਵਕ ਹੋਣ ਦਾ ਮ੍ਰਿਤਕ ਦੇ ਭਰਾ ਪਵਨ ਦੇ ਨਾਲ ਭਾਰਤੀ ਜੀਨਗਰ ਸਮਾਜ ਜਲੰਧਰ ਦੇ ਪ੍ਰਧਾਨ ਨਛੱਤਰ ਮਲ ਗਜ਼ਾਨੰਦ, ਗੋਬਿੰਦ, ਅਨੂਪ ਪਾਠਕ, ਅਮਰਜੀਤ ਸਿੰਘ ਅਮਰੀ, ਰੋਹਣ ਸਹਿਗਲ ਸਣੇ ਵੱਡੀ ਗਿਣਤੀ ਵਿਚ ਲੋਕ ਸਵੇਰੇ ਜੀ. ਆਰ. ਪੀ. ਥਾਣੇ ਤੇ ਬਾਅਦ ਵਿਚ ਸਿਵਲ ਹਸਪਤਾਲ ਪਹੁੰਚੇ ਹੋਏ ਸਨ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਤੇ ਬਾਅਦ ਦੁਪਹਿਰ ਹਰਨਾਮਦਾਸਪੁਰਾ ਸ਼ਮਸ਼ਾਨਘਾਟ ਵਿਚ ਕਿਸ਼ੋਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ : ਐੱਸ. ਐੱਚ. ਓ. ਰੰਧਾਵਾ
ਜੀ. ਆਰ. ਪੀ. ਥਾਣੇ ਦੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੱਤਿਆ ਦਾ ਸ਼ੱਕ ਪ੍ਰਗਟ ਕੀਤਾ ਹੈ ਪਰ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਡਾਕਟਰਾਂ ਕੋਲੋਂ ਵਿਸਰਾ ਰਿਪੋਰਟ ਵੀ ਮੰਗੀ ਗਈ ਹੈ। ਮ੍ਰਿਤਕ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਵੀ ਕਢਵਾਈ ਜਾਵੇਗੀ। ਕਿਸ਼ੋਰ ਦੇ ਘਰੋਂ ਨਿਕਲਣ ਦੌਰਾਨ ਉਨ੍ਹਾਂ ਦੀ ਕਿਨ੍ਹਾਂ-ਕਿਨ੍ਹਾਂ ਨਾਲ ਗੱਲ ਹੋਈ, ਉਨ੍ਹਾਂ ਨੂੰ ਵੀ ਤਫਤੀਸ਼ ਵਿਚ ਸ਼ਾਮਲ ਕੀਤਾ ਜਾਵੇਗਾ।
ਕੰਪਨੀ ਬਾਗ ਸ਼ਾਖਾ ਦਾ ਮੁੱਖ ਸਿੱਖਿਅਕ ਸੀ ਕਿਸ਼ੋਰ
ਸਿਵਲ ਹਸਪਤਾਲ ਪਹੁੰਚੇ ਗਜ਼ਾਨੰਦ, ਗੋਬਿੰਦ ਤੇ ਹੋਰ ਲੋਕਾਂ ਨੇ ਦੱਸਿਆ ਕਿ ਕਿਸ਼ੋਰ ਆਰ. ਐੱਸ. ਐੱਸ. ਦਾ ਸਵੈਮ ਸੇਵਕ ਸੀ। ਉਹ ਕੰਪਨੀ ਬਾਗ ਸ਼ਾਖਾ ਵਿਚ ਮੁੱਖ ਸਿੱਖਿਅਕ ਸੀ। ਉਸਦਾ ਭਰਾ ਪਵਨ ਤੇ ਹੋਰ ਮੈਂਬਰ ਵੀ ਸੰਘ ਨਾਲ ਜੁੜੇ ਹੋਏ ਹਨ। ਦੂਜੇ ਪਾਸੇ ਸਿਵਲ ਹਸਪਤਾਲ ਵਿਚ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਸੰਘ ਪ੍ਰਮੁੱਖ ਜਗਦੀਸ਼ ਗਗਨੇਜਾ ਦੀ ਮੌਤ ਅਜੇ ਤੱਕ ਇਕ ਬੁਝਾਰਤ ਬਣੀ ਹੋਈ ਹੈ। ਹੁਣ ਇਕ ਹੋਰ ਸਵੈਮ ਸੇਵਕ ਦੀ ਮੌਤ ਹੋ ਗਈ ਹੈ। ਲੋਕਾਂ ਦਾ ਕਹਿਣਾ ਸੀ ਕਿ ਭਾਵੇਂ ਪੁਲਸ ਇਸ ਨੂੰ ਰੇਲ ਹਾਦਸਾ ਮੰਨ ਰਹੀ ਹੈ ਪਰ ਇਸਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਨੈਸ਼ਨਲ ਬੂਟ ਹਾਊਸ 'ਚ ਸੇਲਜ਼ਮੈਨ ਸੀ ਕਿਸ਼ੋਰ
ਮ੍ਰਿਤਕ ਕਿਸ਼ੋਰ ਫੁੱਲਾਂਵਾਲਾ ਚੌਕ ਸਥਿਤ ਨੈਸ਼ਨਲ ਬੂਟ ਹਾਊਸ ਵਿਚ ਬਤੌਰ ਸੇਲਜ਼ਮੈਨ ਕੰਮ ਕਰਦਾ ਸੀ। ਕਿਸ਼ੋਰ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਦੁਕਾਨ ਮਾਲਕ ਤੇ ਦੁਕਾਨ 'ਤੇ ਕੰਮ ਕਰਨ ਵਾਲੇ ਸਾਰੇ ਲੋਕ ਸਿਵਲ ਹਸਪਤਾਲ ਪਹੁੰਚੇ। ਦੁਕਾਨ ਦੇ ਪੁਰਾਣੇ ਸੇਲਜ਼ਮੈਨ ਬ੍ਰਿਜ ਨਾਰੰਗ ਨੇ ਦੱਸਿਆ ਕਿਸ਼ੋਰ ਕਰੀਬ 25 ਸਾਲਾਂ ਤੋਂ ਉਥੇ ਕੰਮ ਕਰ ਰਿਹਾ ਸੀ ਤੇ ਕਾਫੀ ਮਿਹਨਤੀ ਸੀ। ਬੁੱਧਵਾਰ ਰਾਤ ਕਰੀਬ 9 ਵਜੇ ਦੁਕਾਨ ਬੰਦ ਹੋਣ ਤੋਂ ਬਾਅਦ ਉਹ ਘਰ ਗਿਆ। ਸਟਾਫ ਮੈਂਬਰਾਂ ਦਾ ਕਹਿਣਾ ਸੀ ਕਿ ਉਸਦਾ ਘਰ ਸੈਦਾਂ ਗੇਟ ਵਿਚ ਹੈ ਤੇ ਉਹ ਸੋਢਲ ਫਾਟਕ ਕੋਲ ਕਿਵੇਂ ਪਹੁੰਚ ਗਿਆ। ਇਹ ਬੜੀ ਹੈਰਾਨੀ ਦੀ ਗੱਲ ਹੈ।
ਮੋਟਰਸਾਈਕਲ ਚੋਰ ਪੁਲਸ ਅੜਿੱਕੇ
NEXT STORY