ਬਠਿੰਡਾ(ਸੁਖਵਿੰਦਰ)-ਮਲੋਟ ਰੋਡ ਓਵਰਬ੍ਰਿਜ ਦੇ ਹੇਠੋਂ ਖੂਨ ਨਾਲ ਲਥਪਥ ਇਕ ਬਜ਼ੁਰਗ ਦੀ ਭੇਤਭਰੀ ਹਾਲਤ 'ਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੇ ਮੂੰਹ 'ਤੇ ਸੱਟਾਂ ਦੇ ਨਿਸ਼ਾਨ ਹਨ। ਉਕਤ ਮੌਤ ਕਤਲ ਹੈ ਜਾਂ ਹਾਦਸਾ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਥਰਮਲ ਪਲਾਂਟ ਨਜ਼ਦੀਕ ਬਠਿੰਡਾ-ਮਲੋਟ ਰੋਡ ਦੇ ਓਵਰਬਿਜ੍ਰ ਹੇਠ ਇਕ ਬਜ਼ੁਰਗ ਦੀ ਖੂਨ ਨਾਲ ਲਥਪਥ ਲਾਸ਼ ਪਈ ਹੋਈ ਸੀ। ਸੂਚਨਾ ਮਿਲਣ 'ਤੇ ਥਾਣਾ ਥਰਮਲ ਪੁਲਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ। ਇੰਸਪੈਕਟਰ ਸੰਜੀਵ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਲਗਭਗ ਉਨ੍ਹਾਂ ਨੂੰ ਇਸ ਦੀ ਸੂਚਨਾ ਮਿਲੀ ਸੀ ਕਿ ਪੁਲ ਹੇਠਾਂ ਇਕ ਬਜ਼ੁਰਗ ਦੀ ਲਾਸ਼ ਪਈ ਹੋਈ ਹੈ। ਇਸ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਮ੍ਰਿਤਕ ਦੇ ਮੂੰਹ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਬਣੇ ਹੋਏ ਸਨ। ਮ੍ਰਿਤਕ ਦੀ ਜੇਬ 'ਚੋਂ ਮਿਲੇ ਕਾਗਜ਼ਾਂ ਦੇ ਆਧਾਰ 'ਤੇ ਮ੍ਰਿਤਕ ਦੀ ਪਛਾਣ ਪੂਰਨ ਸਿੰਘ (50) ਵਾਸੀ ਰਾਈਕੇ ਜ਼ਿਲਾ ਮੁਕਤਸਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਰੇਲਗੱਡੀ ਨਾਲ ਟਕਰਾਉਣ ਜਾਂ ਫਿਰ ਪੁਲ ਤੋਂ ਡਿੱਗਣ ਕਾਰਨ ਹੋ ਸਕਦੀ ਹੈ। ਫਿਲਹਾਲ ਪੁਲਸ ਵੱਲੋਂ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੈਨੇਡਾ ਲਈ ਜੰਗ ਲੜਨ ਵਾਲੇ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ : ਹਰਜੀਤ ਸਿੰਘ ਸੱਜਣ
NEXT STORY