ਜਲੰਧਰ (ਰਮਨ, ਸੋਨੂੰ, ਜੋਤੀ)— ਬੱਸ ਸਟੈਂਡ ਨੇੜੇ ਇਕ ਦਫਤਰ 'ਚ ਅਣਪਛਾਤੇ ਹਮਲਾਵਰਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਨੇੜੇ ਟਰੈਵਲ ਏਜੰਟ ਦਾ ਕੰਮ ਕਰਨ ਵਾਲੇ ਅਤੇ ਪੰਜਾਬ ਹਿਊਮਨ ਰਾਈਟਸ ਫਰੰਟ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਦੇ ਦਫਤਰ 'ਚ ਕਰੀਬ 13 ਅਣਪਛਾਤੇ ਨੌਜਵਾਨ ਆਏ ਅਤੇ ਮਾਲਕ ਸਮੇਤ ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਸਥਿਤੀ ਨਾਜ਼ੁਕ ਅਤੇ ਸਥਿਰ ਹੈ। ਹਮਲੇ ਦੌਰਾਨ ਸ਼ਸ਼ੀ ਸ਼ਰਮਾ ਦਾ ਸਰਕਾਰੀ ਗੰਨਮੈਨ ਵੀ ਕੁਝ ਨਹੀਂ ਕਰ ਸਕਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀ. ਸੀ. ਪੀ. ਗੁਰਮੀਤ ਸਿੰਘ ਏ. ਡੀ. ਸੀ. ਪੀ. ਸੂਡਰਵਿਜੀ, ਐੱਸ. ਪੀ. ਨਵੀਨ, ਥਾਣਾ ਨੰ. 6 ਦੇ ਮੁਖੀ ਇੰਸ. ਓਂਕਾਰ ਸਿੰਘ ਬਰਾੜ ਤੇ ਸੀ. ਆਈ. ਏ. ਸਟਾਫ ਦੇ ਮੁਖੀ ਅਜੇ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਦੋਵਾਂ ਪਾਰਟੀਆਂ 'ਚ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪਹਿਲਾਂ ਸ਼ਸ਼ੀ ਸ਼ਰਮਾ ਦੇ ਮੁਲਾਜ਼ਮ ਨੂੰ ਦੂਜੀ ਪਾਰਟੀ ਨੇ ਕੁੱਟਿਆ ਸੀ। ਜਿਸ ਦਾ ਬਦਲਾ ਲੈਣ ਲਈ ਸ਼ਸ਼ੀ ਸ਼ਰਮਾ ਦੀ ਪਾਰਟੀ ਦੇ ਲੋਕਾਂ ਨੇ ਦੂਜੀ ਪਾਰਟੀ ਨੂੰ ਬੁਰੀ ਤਰ੍ਹਾਂ ਕੁੱਟਿਆ। ਜਿਸ ਤੋਂ ਬਾਅਦ ਦੋਵਾਂ ਪਾਰਟੀਆਂ 'ਚ ਪ੍ਰਾਪਰਟੀ ਦੇ ਰਾਜ਼ੀਨਾਮੇ ਨੂੰ ਲੈ ਕੇ ਗੱਲ ਚੱਲ ਰਹੀ ਸੀ। ਇਸ ਗੱਲਬਾਤ 'ਚ ਸ਼ਸ਼ੀ ਸ਼ਰਮਾ ਵੀ ਮੌਜੂਦ ਸੀ। ਸਾਹਮਣੇ ਵਾਲੀ ਪਾਰਟੀ ਦੇ ਕੁਝ ਲੋਕ ਜ਼ੁਬਾਨੀ ਸਮਝੌਤਾ ਕਰਕੇ ਚਲੇ ਗਏ। ਜਿਸ ਤੋਂ ਬਾਅਦ ਸ਼ਸ਼ੀ ਸ਼ਰਮਾ ਆਪਣੇ ਦਫਤਰ 'ਚ ਆਪਣੇ ਬੇਟੇ ਅਤੇ ਗੰਨਮੈਨ ਨਾਲ ਬੈਠਾ ਸੀ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਬਾਅਦ ਇਕ ਵਿਅਕਤੀ ਬੱਸ ਸਟੈਂਡ ਸਥਿਤ ਸ਼ਸ਼ੀ ਦੇ ਦਫਤਰ ਆਇਆ ਅਤੇ ਆਉਂਦਿਆਂ ਹੀ ਸ਼ਸ਼ੀ ਦੇ ਗੰਨਮੈਨ ਨੂੰ ਗੰਨ ਪੁਆਇੰਟ 'ਤੇ ਲੈ ਲਿਆ ਅਤੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਆਉਂਦਿਆਂ ਹੀ ਤੇਜ਼ਧਾਰ ਹਥਿਆਰਾਂ ਨਾਲ ਸ਼ਸ਼ੀ ਅਤੇ ਉਸ ਦੇ ਬੇਟੇ 'ਤੇ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਉਨ੍ਹਾਂ ਦੀ ਕੁੱਟਮਾਰ ਕਰਕੇ ਹਮਲਾਵਰ ਬਾਪ-ਬੇਟੇ ਨੂੰ ਮ੍ਰਿਤਕ ਸਮਝ ਕੇ ਫਰਾਰ ਹੋ ਗਏ। ਉਪਰੰਤ ਗੰਨਮੈਨ ਨੇ ਲੋਕਾਂ ਦੀ ਮਦਦ ਨਾਲ ਬਾਪ-ਬੇਟੇ ਨੂੰ ਗਲੋਬਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਿਆਂ 'ਚ ਉਹ ਲੋਕ ਵੀ ਸ਼ਾਮਲ ਸਨ ਜੋ ਸਵੇਰੇ ਸਮਝੌਤਾ ਕਰਕੇ ਗਏ ਸਨ। ਸ਼ਸ਼ੀ ਅਤੇ ਉਸ ਦੇ ਬੇਟੇ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਸਮਰਥਕ ਹਸਪਤਾਲ 'ਚ ਇਕੱਤਰ ਹੋ ਗਏ।
ਗੰਨਮੈਨ ਹੈ ਘਟਨਾ ਦਾ ਚਸ਼ਮਦੀਦ ਗਵਾਹ
ਉਕਤ ਸਾਰੀ ਘਟਨਾ 'ਚ ਪੁਲਸ ਵੱਲੋਂ ਦਿੱਤਾ ਗਿਆ ਸਰਕਾਰੀ ਗੰਨਮੈਨ ਜੋ ਕਿ ਸ਼ਸ਼ੀ ਦੇ ਨਾਲ 24 ਘੰਟੇ ਰਹਿੰਦਾ ਹੈ ਨੂੰ ਚਸ਼ਮਦੀਦ ਗਵਾਹ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ ਕਿਉਂਕਿ ਹਮਲੇ ਦੇ ਸਮੇਂ ਉਹ ਦਫਤਰ ਦੇ ਬਾਹਰ ਹੀ ਮੌਜੂਦ ਸੀ ਅਤੇ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਉਸ ਨੂੰ ਹੀ ਗੰਨ ਪੁਆਇੰਟ 'ਤੇ ਲਿਆ ਸੀ, ਜਿਸ ਕਾਰਨ ਉਹ ਸ਼ਸ਼ੀ ਅਤੇ ਉਸ ਦੇ ਬੇਟੇ ਨੂੰ ਬਚਾਉਣ 'ਚ ਨਾਕਾਮਯਾਬ ਰਿਹਾ ਸੀ। ਹਮਲਾਵਰ ਜਾਂਦੇ ਸਮੇਂ ਗੰਨਮੈਨ ਦਾ ਹਥਿਆਰ ਸੜਕ 'ਤੇ ਸੁੱਟ ਗਏ ਸਨ।
ਸ਼ਸ਼ੀ ਸ਼ਰਮਾ ਦੇ ਦਫਤਰ ਦਾ ਅੰਦਰਲਾ ਕੈਮਰਾ ਖੋਲ੍ਹੇਗਾ ਰਾਜ਼
ਸੂਤਰ ਦੱਸਦੇ ਹਨ ਕਿ ਦਫਤਰ ਦੇ ਅੰਦਰ ਵੀ ਕੈਮਰੇ ਲੱਗੇ ਹੋਏ ਹਨ। ਉਕਤ ਸਾਰੀ ਵਾਰਦਾਤ ਉਕਤ ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਤੋਂ ਪੁਲਸ ਅਹਿਮ ਸੁਰਾਗ ਮਿਲ ਸਕਦੇ ਹਨ ਅਤੇ ਅਪਰਾਧੀਆਂ ਨੂੰ ਪਛਾਨਣ 'ਚ ਮਦਦ ਮਿਲ ਸਕਦੀ ਹੈ।
ਸ਼ਹਿਰ ਦੇ ਕਈ ਥਾਣਿਆਂ 'ਚ ਅੱਧਾ ਦਰਜਨ ਤੋਂ ਜ਼ਿਆਦਾ ਪਰਚੇ ਦਰਜ ਹਨ ਸ਼ਸ਼ੀ 'ਤੇ
ਵਿਭਾਗੀ ਸੂਤਰਾਂ ਅਨੁਸਾਰ ਸ਼ਸ਼ੀ ਸ਼ਰਮਾ 'ਤੇ ਸ਼ਹਿਰ ਦੇ ਕਈ ਥਾਣਿਆਂ 'ਚ ਮੁਕੱਦਮੇ ਦਰਜ ਹੋਏ ਸਨ ਪਰ ਕਿਸੇ ਵੀ ਮੁਕੱਦਮੇ 'ਚ ਸ਼ਸ਼ੀ ਸ਼ਰਮਾ ਨੂੰ ਸਜ਼ਾ ਨਹੀਂ ਹੋਈ। ਜ਼ਿਆਦਾਤਰ ਮੁਕੱਦਮੇ ਅਨਟਰੇਸ ਹੋਏ ਅਤੇ ਕੁਝ ਵਿਚ ਬਰੀ ਹੋ ਗਿਆ, ਜਿਸ ਤੋਂ ਬਾਅਦ ਪੁਲਸ ਵੀ ਸ਼ਸ਼ੀ 'ਤੇ ਨਵਾਂ ਮੁਕੱਦਮਾ ਦਰਜ ਕਰਨ 'ਚ ਗੁਰੇਜ਼ ਕਰਦੀ ਹੈ। ਸ਼ਸੀ 'ਤੇ ਦਰਜ ਮੁਕੱਦਮਿਆਂ ਬਾਰੇ ਪੁਲਸ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਵੇਰੇ ਰਿਕਾਰਡ ਦੇਖ ਕੇ ਦੱਸਣਗੇ।

ਡੀ. ਸੀ. ਪੀ. ਅਤੇ ਜ਼ਖਮੀ ਸੰਨੀ ਸ਼ਰਮਾ ਦੇ ਵੱਖ-ਵੱਖ ਬਿਆਨ
ਹੈਰਾਨੀ ਵਾਲੀ ਗੱਲ ਇਹ ਹੈ ਕਿ ਉਕਤ ਮਾਮਲੇ 'ਚ ਜ਼ਖਮੀ ਹੋਏ ਸੰਨੀ ਸ਼ਰਮਾ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ 13 ਤੋਂ ਜ਼ਿਆਦਾ ਲੋਕਾਂ ਨੇ ਉਨ੍ਹਾਂ ਦੇ ਦਫਤਰ ਵਿਚ ਦਾਖਲ ਹੋ ਕੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਸੰਨੀ ਨੇ ਬਿਆਨ 'ਚ ਦੱਸਿਆ ਕਿ ਕਿਸੇ ਬਲਦੇਵ ਨਾਂ ਦੇ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰਵਾਇਆ ਹੈ। ਦੂਜੇ ਪਾਸੇ ਡੀ. ਸੀ. ਪੀ. ਗੁਰਮੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ 6 ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦਫਤਰ 'ਚ ਦਾਖਲ ਹੋ ਕੇ ਹਮਲਾ ਕੀਤਾ। ਫਿਲਹਾਲ ਪੁਲਸ ਘਟਨਾ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਖੰਗਾਲਣ 'ਚ ਲੱਗੀ ਹੋਈ ਹੈ।
ਡਾਕਟਰ ਦਹੀਆ ਅਨੁਸਾਰ 25 ਤੋਂ ਜ਼ਿਆਦਾ ਹੈ ਇੰਜਰੀ
ਗਲੋਬਲ ਹਸਪਤਾਲ ਦੇ ਡਾ. ਨਵਜੋਤ ਦਹੀਆ ਅਨੁਸਾਰ ਸ਼ਸ਼ੀ ਸ਼ਰਮਾ ਦੇ ਸਿਰ, ਅੱਖ ਤੇ ਹੱਥਾਂ 'ਤੇ ਡੂੰਘੀਆਂ ਸੱਟਾਂ ਆਈਆਂ ਹਨ ਅਤੇ ਉਨ੍ਹਾਂ ਦੇ ਬੇਟੇ ਸੰਨੀ ਸ਼ਰਮਾ (27) ਦੇ ਸਿਰ ਤੇ ਹੱਥਾਂ 'ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਇਕ ਉਂਗਲ ਕੱਟ ਗਈ ਹੈ। ਡਾਕਟਰਾਂ ਨੇ ਦੱਸਿਆ ਕਿ ਸੰਨੀ ਦਾ ਹੱਥ ਬੁਰੀ ਤਰ੍ਹਾਂ ਨਾਲ ਫੈਕਚਰ ਹੋ ਚੁੱਕਾ ਹੈ। ਸ਼ਸ਼ੀ ਸ਼ਰਮਾ 25 ਤੋਂ ਜ਼ਿਆਦਾ ਥਾਵਾਂ ਤੋਂ ਇੰਜਰਡ ਹੈ, ਜੋ ਕਾਊਂਟਲੈਸ ਹੈ। ਬਾਕੀ ਐਕਸਰੇ ਰਿਪੋਰਟ ਆਉਣ ਦੇ ਬਾਅਦ ਪਤਾ ਲੱਗੇਗਾ। ਫਿਲਹਾਲ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਏ. ਸੀ. ਮਾਰਕੀਟ ਜੂਆ ਲੁੱਟ ਅਤੇ ਗੋਲੀਕਾਂਡ ਨਾਲ ਜੁੜ ਰਹੇ ਹਨ ਤਾਰ
ਸੂਤਰ ਦੱਸਦੇ ਹਨ ਕਿ ਸ਼ਸ਼ੀ ਸ਼ਰਮਾ 'ਤੇ ਹੋਏ ਹਮਲੇ ਦੇ ਤਾਰ ਏੇ. ਸੀ. ਮਾਰਕੀਟ ਜੂਆ ਲੁੱਟ ਅਤੇ ਗੋਲੀਕਾਂਡ ਨਾਲ ਜੂੜੇ ਹੋਏ ਹਨ। ਏ. ਸੀ. ਮਾਰਕੀਟ ਸਥਿਤ ਬਣੇ ਦਫਤਰ 'ਚ ਸ਼ਸ਼ੀ ਗਰੁੱਪ ਦੇ ਲੋਕ ਉਥੇ ਬੈਠ ਕੇ ਜੂਆ ਖੇਡਦੇ ਹਨ ਤੇ ਸਾਰੇ ਆਪਣਾ ਕੰਮ ਕਰਦੇ ਸਨ। ਬੀਤੇ ਦਿਨੀਂ ਜੋ ਉਥੇ ਘਟਨਾ ਹੋਈ ਸੀ, ਉਸ ਵਿਚ ਗੈਂਗਸਟਰ ਨੌਜਵਾਨਾਂ ਨੇ ਗੋਲੀ ਚਲਾਈ ਸੀ ਅਤੇ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ ਸੀ। ਜੂਆ ਲੁੱਟਣ ਵਾਲੇ ਐਂਟੀ ਗਰੁੱਪ ਦੇ ਦੱਸੇ ਜਾ ਰਹੇ ਸਨ, ਜਿਨ੍ਹਾਂ ਨੂੰ ਫੜਵਾਉਣ ਲਈ ਸ਼ਸ਼ੀ ਗਰੁੱਪ ਨੇ ਤੋੜ-ਮਰੋੜ ਕੇ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਕੀਤੀ ਸੀ ਤੇ ਪੁਲਸ 'ਤੇ ਪ੍ਰੈਸ਼ਰ ਬਣਾਇਆ ਸੀ।
ਲੁਧਿਆਣਾ ਦੇ ਕ੍ਰਿਮੀਨਲ ਬੈਕਗ੍ਰਾਊਂਡ ਦੇ ਨੌਜਵਾਨ ਸਨ
ਸੂਤਰ ਦੱਸਦੇ ਹਨ ਕਿ ਸ਼ਸ਼ੀ ਤੇ ਉਸ ਦੇ ਬੇਟੇ 'ਤੇ ਦਫਤਰ 'ਚ ਦਾਖਲ ਹੋ ਕੇ ਹਮਲਾ ਕਰਨ ਵਾਲੇ ਹਮਲਾਵਰ ਲੁਧਿਆਣਾ ਦੇ ਕ੍ਰਿਮੀਨਲ ਬੈਕਗ੍ਰਾਊਂਡ ਦੇ ਨੌਜਵਾਨ ਸਨ, ਜਿਨ੍ਹਾਂ ਨੂੰ ਪ੍ਰਾਪਰਟੀ ਡਿਸਪਿਊਟ ਨੂੰ ਹੱਲ ਕਰਨ ਲਈ ਪ੍ਰਾਪਰਟੀ ਦੇ ਮਾਲਕ ਨੇ ਹਾਇਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸਵੇਰ ਤੋਂ ਲੈ ਕੇ ਉਨ੍ਹਾਂ ਦਾ 2 ਵਾਰ ਝਗੜਾ ਹੋਇਆ ਸੀ, ਜਿਸ ਵਿਚ ਰਾਜ਼ੀਨਾਮੇ ਲਈ ਫਿਰ ਤੋਂ ਮੀਟਿੰਗ ਹੋਈ ਸੀ, ਉਸ ਮੀਟਿੰਗ ਵਿਚ ਹਮਲਾ ਕਰਨ ਦੀ ਤਿਆਰੀ ਨਾਲ ਹੀ ਪਹੁੰਚੇ ਸਨ।
ਸਰਪ੍ਰਸਤ ਆਕਾ ਜੀ ਵੀ ਖਫਾ ਸਨ ਸ਼ਸ਼ੀ ਦੀਆਂ ਹਰਕਤਾਂ ਤੋਂ
ਸੂਤਰ ਦੱਸਦੇ ਹਨ ਕਿ ਸ਼ਹਿਰ ਵਿਚ ਦਿਨ-ਬ-ਦਿਨ ਚਰਚਾ 'ਚ ਰਹਿਣ ਦੇ ਕਾਰਨ ਸ਼ਸ਼ੀ ਸ਼ਰਮਾ ਦਾ ਆਕਾ ਵੀ ਪਿਛਲੇ ਕਾਫੀ ਸਮੇਂ ਤੋਂ ਨਾਰਾਜ਼ ਚੱਲ ਰਿਹਾ ਸੀ। ਜਿਨ੍ਹਾਂ ਦੀ ਭਿਣਕ ਸ਼ਾਇਦ ਪ੍ਰਾਪਰਟੀ ਦੇ ਮਾਲਕ ਨੂੰ ਲੱਗ ਚੁੱਕੀ ਸੀ ਕਿ ਹੁਣ ਸ਼ਸ਼ੀ 'ਤੇ ਆਕਾ ਦਾ ਹੱਥ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਸ਼ਸ਼ੀ 'ਤੇ ਦਬਾਅ ਬਣਾਉਣ ਲਈ ਲੁਧਿਆਣਾ ਸ਼ਹਿਰ ਦੇ ਨੌਜਵਾਨ ਨੂੰ ਹਾਇਰ ਕੀਤਾ ਸੀ।

ਬਠਿੰਡਾ ਦੀ ਸਰਹਿੰਦ ਨਹਿਰ 'ਚੋਂ ਮਿਲਿਆ ਨਵਜੰਮੇ ਬੱਚੇ ਦਾ ਭਰੂਣ
NEXT STORY