ਜਲੰਧਰ (ਵਰੁਣ)— ਪ੍ਰਾਪਰਟੀ ਦੇ ਝਗੜੇ ਕਾਰਨ ਥਾਣੇ 'ਚ ਦੋ ਧਿਰਾਂ ਵਿਚ ਧੱਕਾ-ਮੁੱਕੀ ਹੋ ਗਈ । ਇਕ ਧਿਰ ਦਾ ਦੋਸ਼ ਹੈ ਕਿ ਪੁਲਸ ਨੇ ਦੂਜੀ ਧਿਰ ਨਾਲ ਮਿਲ ਕੇ ਉਨ੍ਹਾਂ ਨੂੰ ਕੁੱਟਿਆ ਅਤੇ ਸਮਝੌਤੇ 'ਤੇ ਦਸਤਖਤ ਕਰਨ ਲਈ ਦਬਾਅ ਪਾਇਆ। ਉਨ੍ਹਾਂ ਨੂੰ ਥਾਣੇ ਤੋਂ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਅਤੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਘਰ ਵਾਪਸ ਆਉਂਦਿਆਂ ਉਨ੍ਹਾਂ ਨੂੰ ਥਾਣੇ ਨੇੜੇ ਘੇਰੇ ਕੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ।
ਇਹ ਵੀ ਪੜ੍ਹੋ : ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)
ਹਸਪਤਾਲ 'ਚ ਇਲਾਜ ਅਧੀਨ ਪੰਡਤ ਅਰਜੁਨ ਕੁਮਾਰ ਨਿਵਾਸੀ ਧੋਗੜੀ ਰੋਡ ਨਿਊ ਹਰਗੋਵਿੰਦ ਨਗਰ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਨੇ ਘਰ ਦੀ ਰਜਿਸਟਰੀ ਇਕ ਡਾਕਟਰ ਦੇ ਨਾਮ 'ਤੇ ਕੀਤੀ ਸੀ ਪਰ ਪਾਵਰ ਆਫ ਅਟਾਰਨੀ ਉਸ ਦੀ ਭਰਜਾਈ ਦੇ ਨਾਮ 'ਤੇ ਸੀ। ਡਾਕਟਰ ਨੇ ਉਸ ਦੇ ਭਰਾ ਨੂੰ ਕੁਝ ਪੈਸੇ ਵੀ ਦਿੱਤੇ ਸਨ ਪਰ ਇਸ ਦੌਰਾਨ ਉਸ ਦੀ ਭਾਬੀ ਅਤੇ ਫਿਰ ਭਰਾ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦੋਵਾਂ ਦੀ ਮੌਤ ਤੋਂ ਪਹਿਲਾਂ ਭਤੀਜਾ ਮੋਨੂੰ ਮਕਾਨ ਵੇਚਣ ਦੇ ਹੱਕ ਵਿਚ ਨਹੀਂ ਸੀ।
ਅਰਜੁਨ ਨੇ ਦੱਸਿਆ ਕਿ ਮੋਨੂੰ ਦੀਆਂ ਸਾਰੀਆਂ ਭੈਣਾਂ ਵਿਆਹੀਆਂ ਹਨ ਅਤੇ ਉਹ ਇਕੱਲਾ ਹੀ ਉਸ ਘਰ ਵਿਚ ਰਹਿੰਦਾ ਹੈ। ਦੋਸ਼ ਇਹ ਹੈ ਕਿ ਕੁਝ ਦਿਨਾਂ ਤੋਂ ਮੋਨੂੰ 'ਤੇ ਜ਼ਬਰਦਸਤੀ ਘਰ ਖਾਲੀ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ, ਜਦ ਕਿ ਡਾਕਟਰ ਦੀ ਪਤਨੀ ਨੇ ਵੀ ਉਸ ਦੇ ਘਰ ਆ ਕੇ ਕਾਫ਼ੀ ਵਿਵਾਦ ਕੀਤਾ । ਇਸ ਕਾਰਨ ਪੁਲਸ ਨੇ ਦੋਵਾਂ ਧਿਰਾਂ ਨੂੰ ਥਾਣਾ 8 ਵਿਚ ਬੁਲਾਇਆ ਸੀ। ਅਰਜੁਨ ਆਪਣੇ ਭਤੀਜੇ ਮੋਨੂੰ ਨੂੰ ਨਾਲ ਲੈ ਕੇ ਥਾਣੇ ਗਿਆ ਪਰ ਉਥੇ ਪੁਲਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਰਾਜੀਨਾਮੇ 'ਤੇ ਦਸਤਖਤ ਕਰਨ ਲਈ ਦਬਾਅ ਪਾਇਆ ।
ਇਹ ਵੀ ਪੜ੍ਹੋ : ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ
ਉਸ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਥਾਣੇ 'ਚ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਪੁਲਸ ਮੁਲਾਜ਼ਮ ਨੇ ਮੋਨੂੰ ਨੂੰ ਥੱਪੜ ਮਾਰ ਦਿੱਤਾ। ਜਿਵੇਂ ਹੀ ਉਹ ਉਥੋਂ ਬਾਹਰ ਨਿਕਲ ਕੇ ਥਾਣੇ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਪਹੁੰਚੇ ਤਾਂ ਉਥੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਉਸ ਦੀ ਸਕੂਟਰੀ ਬਾਈਕ ਨਾਲ ਟੱਕਰ ਮਾਰ ਕੇ ਡੇਗ ਦਿੱਤੀ। ਇਸ ਦੌਰਾਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਅਰਜੁਨ ਨੂੰ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ।
ਪੰਡਤ ਅਰਜੁਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ । ਸੂਚਨਾ ਮਿਲਦੇ ਹੀ ਥਾਣਾ 8 ਦੀ ਪੁਲਸ ਨੇ ਜ਼ਖਮੀ ਪੰਡਿਤ ਅਰਜੁਨ ਦਾ ਬਿਆਨ ਦਰਜ ਕਰ ਲਿਆ । ਇਸ ਦੌਰਾਨ ਪੰਡਿਤ ਅਰਜੁਨ ਕੁਮਾਰ ਨੇ ਕਿਹਾ ਕਿ ਜੇ ਭਵਿੱਖ ਵਿਚ ਉਸ 'ਤੇ ਕੋਈ ਹਮਲਾ ਹੁੰਦਾ ਹੈ ਤਾਂ ਇਸ ਦੀ ਜਿੰਮੇਦਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਦੌਰਾਨ ਥਾਣਾ 8 ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਡਾ. ਬੀ. ਡੀ. ਸ਼ਰਮਾ ਅਤੇ ਅਣਪਛਾਤੇ ਹਮਲਾਵਰਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਥਾਣੇ ਅੰਦਰ ਹੋਏ ਕਿਸੇ ਵਿਵਾਦ ਅਤੇ ਝਗੜਾ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ ।
ਨਿਕੰਮੇ ਪ੍ਰਬੰਧਾਂ ਨੇ 'ਆਪ੍ਰੇਸ਼ਨ ਫ਼ਤਿਹ' ਨੂੰ 'ਆਪ੍ਰੇਸ਼ਨ ਫੇਲ' 'ਚ ਬਦਲਿਆ : ਭਗਵੰਤ ਮਾਨ
NEXT STORY