ਸੁਖਸਾਲ, (ਕੌਸ਼ਲ)- ਨੰਗਲ ਨੇੜੇ ਪੈਂਦੇ ਇਸ ਕਸਬੇ ਕੋਲੋਂ ਲੰਘਦੀ ਸਵਾਂ ਨਦੀ ਵਿਚ ਪੰਜਾਬ ਦੀ ਸਰਹੱਦ ਨਾਲ ਪੈਂਦੇ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖ਼ੇਤਰ ਟਾਹਲੀਵਾਲ ਅਤੇ ਮੈਹਿਤਪੁਰ ਵੱਲੋਂ ਕਥਿਤ ਤੌਰ ’ਤੇ ਜ਼ਹਿਰੀਲਾ ਪਾਣੀ ਛੱਡਿਆ ਗਿਆ, ਜਿਸ ਨਾਲ ਹਜ਼ਾਰਾਂ ਮੱਛੀਆਂ ਦੀ ਦਰਦਨਾਕ ਮੌਤ ਹੋ ਗਈ ਸੀ। ਇਹ ਘਟਨਾ 3 ਅਗਸਤ ਦੀ ਹੈ ਜਦੋਂ ਪਿੰਡਾਂ ਦੇ ਲੋਕਾਂ ਨੇ ਸਵਾਂ ਨਦੀ ਵਿਚ ਮਰੀਆਂ ਮੱਛੀਆ ਵੇਖੀਆਂ। ਇਹ ਵੇਖ ਕੇ ਲੋਕ ਹੈਰਾਨ ਸਨ ਕਿ ਇਸ ਨਦੀ ਦੇ ਨਜ਼ਦੀਕ ਪੰਜਾਬ ਖ਼ੇਤਰ ਵਿਚ ਕੋਈ ਵੀ ਉਦਯੋਗ ਨਹੀਂ ਹੈ ਜਿਸ ਦੇ ਪ੍ਰਦੂਸ਼ਿਤ ਪਾਣੀ ਨਾਲ ਇੰਨੀ ਵੱਡੀ ਗਿਣਤੀ ਵਿਚ ਮੱਛੀਆਂ ਮਰ ਜਾਣ ਪਰ ਹਿਮਾਚਲ ਪ੍ਰਦੇਸ਼ ਦੀਆਂ ਕਈ ਫੈਕਟਰੀਆਂ ਦਾ ਪਾਣੀ ਇਸ ਸਵਾਂ ਨਦੀ ਵਿਚ ਛੱਡਿਆ ਜਾ ਰਿਹਾ ਹੈ।
ਇਸ ਮੌਕੇ ਖ਼ੇਤਰ ਦੇ ਮੋਹਤਬਰਾਂ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਵੀ ਪਾਣੀ ਦੇ ਸੈਂਪਲ ਖਾਨਾਪੂਰਤੀ ਲਈ ਹੀ ਲਏ ਹਨ, ਜਿੱਥੇ ਕਿ ਹਿਮਾਚਲ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਹ ਮਾਮਲਾ ਪੰਜਾਬ ਦੀਆਂ ਇਕਾਈਆਂ ਦੇ ਗੰਦੇ ਪਾਣੀ ਨਾਲ ਹੋਣ ਦਾ ਦੋਸ਼ ਮਡ਼੍ਹ ਰਹੇ ਹਨ।
ਪਿੰਡ ਦਿਆਪੁਰ, ਮਜਾਰੀ, ਭੱਲਡ਼ੀ, ਨਾਨਗਰਾਂ ਆਦਿ ਦੇ ਲੋਕਾਂ ਨੇ ਦੱਸਿਆ ਕਿ ਨੰਗਲ ਦੇ ਉਦਯੋਗਿਕ ਕਾਰਖਾਨਿਆਂ ਦੇ ਗੰਦੇ ਪਾਣੀ ਵਾਲਾ ਨਾਲਾ ਤਾਂ ਕਈ ਸਾਲਾਂ ਤੋਂ ਸੁੱਕਾ ਹੈ ਜਿਸ ਵਿਚ ਕਈ ਸਾਲਾਂ ਤੋਂ ਪਾਣੀ ਨਹੀਂ ਆ ਰਿਹਾ ਹੈ ਤੇ ਫਿਰ ਕਿਸ ਥ ਾਂ ਦਾ ਗੰਧਲਾ ਪਾਣੀ ਸਵਾਂ ਨਦੀ ਨੂੰ ਜ਼ਹਿਰੀਲਾ ਕਰ ਗਿਆ ਸੀ। ਸਾਲ ਪਹਿਲਾਂ ਵੀ ਸਾਡੇ ਪਿੰਡਾਂ ਦੇ ਕਈ ਪਸ਼ੂ ਸਵਾਂ ਨਦੀ ਵਿਚ ਆਏ ਤੇ ਗੰਦਾ ਪਾਣੀ ਪੀ ਕੇ ਮਰ ਗਏ ਸਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਕਾਰਵਾਈ ਕਰਨ ਤੋਂ ਕਿਨਾਰਾ ਕਰ ਰਹੇ ਹਨ। ਸਵਾਲ ਇਹ ਹੈ ਕਿ ਜੇਕਰ ਇਹ ਪਾਣੀ ਪੰਜਾਬ ਅਤੇ ਹਿਮਾਚਲ ਦੀਆਂ ਇਕਾਈਆਂ ਦਾ ਨਹੀਂ ਹੈ ਤਾਂ ਸਵਾਂ ਨਦੀ ਵਿਚ ਮਰੀਆਂ ਮੱਛੀਆਂ ਕਿਹਡ਼ੇ ਪਾਣੀ ਨਾਲ ਮਰੀਆਂ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਮੌਕੇ ਸਮਾਜ ਸੇਵੀ ਸੰਸਥਾ ਅਰਪਣ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਕਿਹਾ ਕਿ ਇਸ ਸਬੰਧੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਸ਼ਿਕਾਇਤ ਕੀਤੀ ਹੈ ਕਿ ਨੰਗਲ ਦੇ ਨਾਲ ਲੱਗਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਵੱਲੋਂ ਸਵਾਂ ਨਦੀ ਅਤੇ ਸਤਲੁਜ ਦਰਿਆ ਵਿਚ ਬਰਸਾਤ ਦੇ ਦਿਨਾਂ ਵਿਚ ਛੱਡੇ ਜਾ ਰਹੇ ਪ੍ਰਦੂਸ਼ਿਤ ਪਾਣੀ ਨਾਲ ਅਕਸਰ ਮੱਛੀਆਂ ਅਤੇ ਹੋਰ ਜੀਵ ਮਰ ਜਾਂਦੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਲਈ ਅਸੀਂ ਜਾਂਚ ਕਰਕੇ ਦੋਸ਼ੀ ਅਧਿਕਾਰੀ ਅਤੇ ਉਦਯੋਗਪਤੀਆਂ ਖਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਕੁਝ ਸਮਾਂ ਪਸ਼ੂਅਾਂ ਨੂੰ ਪਿਆਇਆ ਜਾਵੇ ਸਵਾਂ ਨਦੀ ਦਾ ਪਾਣੀ : ਡੀ.ਸੀ.
ਡੀ.ਸੀ. ਰੂਪਨਗਰ ਸੁਮਿਤ ਜਾਰੰਗਲ ਨੇ ਇਸ ਘਟਨਾ ਨੂੰ ਅਤਿ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਸਬੰਧੀ ਹਿਮਾਚਲ ਪ੍ਰਦੇਸ਼ ਦੇ ਟਾਹਲੀਵਾਲ, ਬਾਥਡ਼ੀ, ਮੈਹਿਤਪੁਰ ਅਤੇ ਨੰਗਲ ਦੇ ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ ਕਰ ਕੇ ਪੱਕਾ ਹੱਲ ਕੀਤਾ ਜਾਵੇਗਾ ਤਾਂ ਕਿ ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਬਿਆਸ ਦਰਿਆ ਵਿਚ ਘਟਨਾ ਘਟੀ ਸੀ, ਅਜਿਹਾ ਨਾ ਹੋ ਸਕੇ। ਉਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਕੁਝ ਸਮਾਂ ਸਵਾਂ ਨਦੀ ਦਾ ਪਾਣੀ ਨਾ ਪਿਲਾਉਣ।
ਮੀਂਹ ਨਾਲ ਖਸਤਾ ਹੋਏ ਮਕਾਨਾਂ ਸਬੰਧੀ ਪੱਲੀ ਝਿੱਕੀ ਨੂੰ ਦਿੱਤਾ ਮੰਗ ਪੱਤਰ
NEXT STORY