ਬਠਿੰਡਾ(ਵਰਮਾ)-ਹੱਕ ਮੰਗ ਰਹੇ ਮਜ਼ਦੂਰਾਂ 'ਤੇ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰਨ ਦੇ ਦੋਸ਼ ਵਿਚ ਬਠਿੰਡਾ ਦੀ ਕੇਂਦਰੀ ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪੰਜਾਬ ਪੁਲਸ ਦੇ ਇਕ ਸਾਬਕਾ ਏ. ਐੱਸ. ਆਈ. ਨਰਿੰਦਰਪਾਲ ਸਿੰਘ ਦੀ ਐਤਵਾਰ ਦੇਰ ਰਾਤ ਹਾਰਟ ਅਟੈਕ ਨਾਲ ਮੌਤ ਹੋ ਗਈ। ਸੋਮਵਾਰ ਨੂੰ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ। ਜਾਣਕਾਰੀ ਅਨੁਸਾਰ ਨਰਿੰਦਰਪਾਲ ਸਿੰਘ ਵਾਸੀ ਪੰਜਾਬ ਪੁਲਸ ਵਿਚ ਬਤੌਰ ਏ. ਐੱਸ. ਆਈ. ਸੀ ਅਤੇ ਸਾਲ 1997 ਵਿਚ ਅਬੋਹਰ ਦੀ ਇਕ ਫੈਕਟਰੀ ਵਿਚ ਜਦੋਂ ਮਜ਼ਦੂਰ ਆਪਣੇ ਹੱਕ ਲਈ ਫੈਕਟਰੀ ਪ੍ਰਬੰਧਕਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਤਾਂ ਏ. ਐੱਸ. ਆਈ. ਨਰਿੰਦਰਪਾਲ ਸਿੰਘ ਅਤੇ ਏ. ਐੱਸ. ਆਈ. ਜਗਜੀਤ ਸਿੰਘ ਨੇ ਇਕ ਹੋਰ ਏ. ਐੱਸ. ਆਈ. ਨਾਲ ਮਿਲ ਕੇ ਉਸ ਵੇਲੇ ਦੇ ਤਹਿਸੀਲਦਾਰ ਰਾਮ ਸਿੰਘ ਦੇ ਹੁਕਮਾਂ 'ਤੇ ਮਜ਼ਦੂਰਾਂ 'ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ਵਿਚ ਕਾਫੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਅਬੋਹਰ ਦੇ ਥਾਣਾ ਸਿਟੀ ਵਿਚ ਨਰਿੰਦਰਪਾਲ ਸਮੇਤ ਦੋ ਹੋਰ ਏ. ਐੱਸ. ਆਈ. ਤੇ ਉਸ ਵੇਲੇ ਦੇ ਤਹਿਸੀਲਦਾਰ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਸੀ। ਕੁਝ ਸਾਲ ਕੇਸ ਚੱਲਣ ਤੋਂ ਬਾਅਦ ਫਾਜ਼ਿਲਕਾ ਦੀ ਅਦਾਲਤ ਨੇ ਉਕਤ ਮਾਮਲੇ ਵਿਚ ਨਾਮਜ਼ਦ ਏ. ਐੱਸ. ਆਈ. ਨਰਿੰਦਰਪਾਲ ਸਿੰਘ ਅਤੇ ਜਗਜੀਤ ਸਿੰਘ ਤੇ ਇਕ ਹੋਰ ਏ. ਐੱਸ. ਆਈ. ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ, ਜਿਸ ਤੋਂ ਕੁਝ ਸਮੇਂ ਬਾਅਦ ਹੀ ਏ. ਐੱਸ. ਆਈ. ਨਰਿੰਦਰਪਾਲ ਸਿੰਘ ਬਠਿੰਡਾ ਦੀ ਕੇਂਦਰੀ ਜੇਲ ਵਿਚ ਸ਼ਿਫਟ ਹੋ ਗਿਆ ਸੀ। ਡਿਪਟੀ ਜੇਲ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਨਰਿੰਦਰਪਾਲ ਸਿੰਘ ਜਦੋਂ ਵਿਭਾਗ ਤੋਂ ਰਿਟਾਇਰ ਹੋ ਗਏ ਸਨ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਅਤੇ ਉਹ ਦਿਲ ਦੀ ਬੀਮਾਰੀ ਦਾ ਮਰੀਜ਼ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਗਿਆ ਪਰ ਉਥੇ ਪਹੁੰਚਦੇ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਨਥਾਣਾ ਮੁਖੀ ਅੰਗਰੇਜ਼ ਸਿੰਘ ਦਾ ਕਹਿਣਾ ਸੀ ਕਿ ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।
ਸੜਕ ਹਾਦਸਿਆਂ 'ਚ 1 ਦੀ ਮੌਤ, 6 ਜ਼ਖ਼ਮੀ
NEXT STORY