ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਬਲੀਬੇਗ ਬਸਤੀ ਵਿਖੇ ਪਰਵਾਸੀ ਮਜ਼ਦੂਰਾਂ ਦੇ 4 ਮਹੀਨੇ ਪਹਿਲਾਂ ਹੋਏ ਆਪਸੀ ਝਗੜੇ 'ਚ ਜਖ਼ਮੀ ਤੇ ਕੋਮਾ ਵਿਚ ਪਏ ਵਿਅਕਤੀ ਨੰਦਨ ਸਾਹਨੀ ਨੇ ਦਮ ਤੋੜ ਦਿੱਤਾ, ਜਿਸ ’ਤੇ ਪੁਲਸ ਨੇ ਜ਼ੁਰਮ 'ਚ ਵਾਧਾ ਕਰਦਿਆਂ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ 31-5-2025 ਨੂੰ ਬਲੀਬੇਗ ਵਿਖੇ ਦੋ ਪਰਿਵਾਰਾਂ ਵਿਚ ਝਗੜਾ ਹੋ ਗਿਆ ਸੀ, ਜਿਸ 'ਚ ਨੰਦਨ ਸਾਹਨੀ ਗੰਭੀਰ ਜਖ਼ਮੀ ਹੋ ਗਿਆ ਸੀ। ਪੁਲਸ ਵਲੋਂ ਉਸ ਸਮੇਂ 8 ਵਿਅਕਤੀ ਅਮਿਤ, ਸੁਮਿਤ, ਅਰਜਨ ਸਾਹਨੀ, ਮਿਸਟਰ ਸਾਹਨੀ, ਰਣਜੀਤ ਸਾਹਨੀ, ਸੁਮਨ ਕੁਮਾਰ, ਸਲੇਮ ਕੁਮਾਰ ਵਾਸੀਆਨ ਬਲੀਬੇਗ ਬਸਤੀ ਅਤੇ ਅਰੁਣ ਕੁਮਾਰ ਵਾਸੀ ਤਾਜਪੁਰ ਰੋਡ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਜਿਨ੍ਹਾਂ ’ਚੋਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਨੰਦਨ ਸਾਹਨੀ ਆਪਣੇ ਘਰ ਆ ਗਿਆ ਸੀ ਪਰ ਕੋਮਾ ਦੀ ਹਾਲਤ ਵਿਚ ਸੀ, ਜਿਸ ਦੀ ਬੀਤੀ ਰਾਤ ਮੌਤ ਹੋ ਗਈ। ਪੁਲਸ ਵਲੋਂ ਹੁਣ ਜ਼ੁਰਮ ਵਿਚ ਵਾਧਾ ਕਰ ਦਿੱਤਾ ਗਿਆ ਅਤੇ ਜਲਦ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਸਰੇ ਪਾਸੇ ਮ੍ਰਿਤਕ ਨੰਦਨ ਸਾਹਨੀ ਦੇ ਪੁੱਤਰ ਚੰਦਨ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਦੀ ਲੜਾਈ ਦੌਰਾਨ ਬਹੁਤ ਕੁੱਟਮਾਰ ਕੀਤੀ ਗਈ ਸੀ, ਜਿਸ ਵਿਚ ਉਹ ਜਖ਼ਮੀ ਹੋ ਗਏ ਸਨ। ਬਿਆਨਕਰਤਾ ਅਨੁਸਾਰ ਉਸ ਨੂੰ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੇ ਸਿਰ ਦੀ ਸਰਜਰੀ ਵੀ ਹੋਈ ਪਰ ਉਹ ਕੋਮਾ ਦੀ ਹਾਲਤ ਵਿਚ ਸਨ।
ਚੰਦਨ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਦੀ ਅੱਜ ਮੌਤ ਹੋ ਗਈ ਅਤੇ ਪੁਲਸ ਵਲੋਂ ਹੁਣ ਲਾਸ਼ ਪੋਸਟ ਮਾਰਟਮ ਲਈ ਲਿਆਂਦੀ ਗਈ ਹੈ। ਚੰਦਨ ਕੁਮਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਕੁੱਟਮਾਰ ਕਰਨ ਨਾਲ ਉਸਦੇ ਪਿਤਾ ਦੀ ਮੌਤ ਹੋਈ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸਾਬਕਾ ਕੌਂਸਲਰ ਸੂਰਜ ਕੁਮਾਰ ਨੇ ਦੱਸਿਆ ਕਿ ਦੋਵੇਂ ਪਰਿਵਾਰਾਂ ਵਿਚ ਝਗੜਾ ਕੁੱਤਾ ਘੁੰਮਾਉਣ ਨੂੰ ਲੈ ਕੇ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨੰਦਨ ਸਾਹਨੀ ਆਪਣਾ ਪਾਲਤੂ ਕੁੱਤਾ ਘੁੰਮਾ ਰਿਹਾ ਸੀ ਅਤੇ ਜਿਸ ਨੂੰ ਲੈ ਕੇ ਅਮਿਤ ਨਾਲ ਝਗੜਾ ਹੋ ਗਿਆ। ਅਮਿਤ ਆਪਣੇ ਨਾਲ ਹੋਰ ਸਾਥੀ ਲੈ ਕੇ ਆਇਆ, ਜਿਸ ਨੇ ਨੰਦਨ ਸਾਹਨੀ ਦੇ ਸਿਰ ’ਤੇ ਇੱਟ ਨਾਲ ਵਾਰ ਕੀਤੇ ਅਤੇ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਕੁੱਤਾ ਘੁੰਮਾਉਣ ਨੂੰ ਲੈ ਕੇ ਸ਼ੁਰੂ ਹੋਇਆ ਮਾਮੂਲੀ ਝਗੜਾ ਨੰਦਨ ਸਾਹਨੀ ਦੀ ਜਾਨ ਲੈ ਗਿਆ।
ਜਲੰਧਰ 'ਚ ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਨਿਗਮ ਵੱਲੋਂ NOC ਜਾਰੀ
NEXT STORY