ਅੰਮ੍ਰਿਤਸਰ, (ਦਲਜੀਤ)- ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚਲਣ ਵਾਲੇ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹਸਪਤਾਲ 'ਚ ਜਣੇਪੇ ਦੌਰਾਨ ਬੱਚਿਆਂ ਦੀ ਮੌਤ ਦਰ ਘਟਣ ਦਾ ਨਾਂ ਨਹੀਂ ਲੈ ਰਹੀ। ਹਸਪਤਾਲ 'ਚ ਸਾਲ 2011 ਤੋਂ 2017 ਤਕ 3766 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਬੱਚਿਆਂ ਦੀ ਮੌਤ ਦਰ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਅੱਜ ਤਕ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਹੈ।
ਇਹ ਖੁਲਾਸਾ ਆਰ.ਟੀ.ਆਈ. ਐਕਟੀਵਿਸਟ ਪੰ. ਰਜਿੰਦਰ ਸ਼ਰਮਾ ਰਾਜੂ ਵੱਲੋਂ ਸੂਚਨਾ ਅਧਿਕਾਰ ਐਕਟ ਦੇ ਤਹਿਤ ਲਈ ਗਈ ਜਾਣਕਾਰੀ 'ਚ ਹੋਇਆ ਹੈ। ਹਸਪਤਾਲ ਪ੍ਰਸ਼ਾਸਨ ਪਾਸੋਂ ਪ੍ਰਾਪਤ ਹੋਈ ਜਾਣਕਾਰੀ 'ਚ ਖੁਲਾਸਾ ਹੋਇਆ ਹੈ ਕਿ 2011 ਵਿਚ 424, 2012 'ਚ 393, 2013 'ਚ 502, 2014 'ਚ 531, 2015 'ਚ 851, 2016 'ਚ 122, 2017 'ਚ 225 ਬੱਚਿਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਹਸਪਤਾਲ ਦੇ ਆਈ.ਸੀ.ਯੂ. (ਨੀਕੂ) ਯੂਨਿਟ 'ਚ 2013 ਤੋਂ 2016 ਤਕ 718 ਬੱਚਿਆਂ ਦੀ ਮੌਤ ਹੋਈ ਹੈ।
ਸੂਚਨਾ 'ਚ ਦੱਸਿਆ ਗਿਆ ਹੈ ਕਿ ਹਸਪਤਾਲ 'ਚ 2017 'ਚ 3505 ਜਣੇਪੇ ਕੀਤੇ ਗਏ ਹਨ ਜਿਨ੍ਹਾਂ ਵਿਚ 1855 ਲੜਕੇ ਅਤੇ 1515 ਲੜਕੀਆਂ ਪੈਦਾ ਹੋਈਆਂ ਹਨ ਜਦਕਿ 225 ਬੱਚਿਆਂ ਦੀ ਜਣੇਪੇ ਦੌਰਾਨ ਮੌਤ ਹੋ ਗਈ। ਰਜਿੰਦਰ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਜੱਚਾ-ਬੱਚਾ ਨੂੰ ਸਰਕਾਰੀ ਹਸਪਤਾਲਾਂ 'ਚ ਵਧੀਆ ਸਿਹਤ ਸਹੂਲਤਾਂ ਦੇਣ ਅਤੇ ਅਧਿਕਾਰੀਆਂ ਨੂੰ ਜੱਚਾ-ਬੱਚਾ ਦੀ ਸਿਹਤ ਠੀਕ ਰੱਖਣ ਲਈ ਸਮੇਂ-ਸਮੇਂ 'ਤੇ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਨਵਜੰਮੇ ਬੱਚਿਆਂ ਦੀ ਮੌਤ ਦਰ ਨਹੀਂ ਘਟ ਰਹੀ। ਹਸਪਤਾਲ 'ਚ ਹੋਈਆਂ ਉਕਤ ਮੌਤਾਂ 'ਚ ਕੁਝ ਤਾਂ ਚੰਗੀਆਂ ਸਿਹਤ ਸਹੂਲਤਾਂ ਨਾ ਮਿਲਣ ਕਰ ਕੇ ਹੋਈਆਂ ਹਨ। ਸਰਕਾਰ ਵੱਲੋਂ ਜੱਚਾ-ਬੱਚਾ ਦਾ ਸਰਕਾਰੀ ਹਸਪਤਾਲਾਂ 'ਚ ਮੁਫਤ ਇਲਾਜ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਸਭ ਦੇ ਬਾਵਜੂਦ ਉਕਤ ਕੇਂਦਰ ਵਿਚ ਕੁਝ ਡਾਕਟਰ ਆਪਣੀਆਂ ਜੇਬਾਂ ਭਰਨ ਲਈ ਡਲਿਵਰੀਆਂ ਦੇ ਨਾਂ 'ਤੇ ਮਰੀਜ਼ਾਂ ਦੇ ਵਾਰਿਸਾਂ ਪਾਸੋਂ ਪੈਕੇਜ ਸਿਸਟਮ ਦੇ ਨਾਂ 'ਤੇ ਪੈਸੇ ਉਗਰਾਹ ਰਹੇ ਹਨ।
ਬੱਚਿਆਂ ਦੀ ਮੌਤ ਦਰ ਨੂੰ ਦੇਖਦਿਆਂ ਅੱਜ ਤਕ ਪੰਜਾਬ ਸਰਕਾਰ ਨੇ ਨਾ ਤਾਂ ਕਿਸੇ ਜ਼ਿੰਮੇਵਾਰ ਅਧਿਕਾਰੀ ਖਿਲਾਫ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਕਿਸੇ ਸਰਕਾਰੀ ਡਾਕਟਰ ਨੂੰ ਇਸ ਸਬੰਧੀ ਕਸੂਰਵਾਰ ਮੰਨਿਆ ਹੈ। ਸਰਕਾਰ ਜੇਕਰ ਸਮੇਂ ਸਿਰ ਬੱਚਿਆਂ ਦੀ ਮੌਤ ਦਰ ਤੋਂ ਨਸੀਹਤ ਲੈ ਲੈਂਦੀ ਤਾਂ ਕਈ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਰਜਿੰਦਰ ਸ਼ਰਮਾ ਨੇ ਦੱਸਿਆ ਕਿ ਹਸਪਤਾਲ 'ਚ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ ਲੋੜੀਂਦੇ ਉਪਕਰਨ ਵੀ ਹਸਪਤਾਲ ਪ੍ਰਸ਼ਾਸਨ ਕੋਲ ਮੌਜੂਦ ਨਹੀਂ ਹਨ ਜਦਕਿ ਕਹਿਣ ਨੂੰ ਇਹ ਪੰਜਾਬ ਦਾ ਪ੍ਰਸਿੱਧ ਹਸਪਤਾਲ ਹੈ। ਉਨ੍ਹਾਂ ਦੱਸਿਆ ਕਿ ਮੀਡੀਆ 'ਚ ਕਈ ਵਾਰ ਸਾਹਮਣੇ ਆਇਆ ਹੈ ਕਿ ਲੇਬਰ ਰੂਮ ਵਿਚ ਕੁਝ ਡਾਕਟਰ ਜਣੇਪੇ ਦੌਰਾਨ ਗਰਭਵਤੀ ਔਰਤਾਂ ਨੂੰ ਚਪੇੜਾਂ ਤਕ ਮਾਰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਅਧਿਕਾਰੀ ਅਤੇ ਸਰਕਾਰ ਉਕਤ ਮਾਮਲੇ ਨੂੰ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ।
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪਹਿਲਾਂ ਮੰਤਰੀ ਰਹੇ ਅਨਿਲ ਜੋਸ਼ੀ ਦੇ ਘਰ ਤੋਂ ਉਕਤ ਹਸਪਤਾਲ ਕੁਝ ਹੀ ਦੂਰੀ 'ਤੇ ਹੈ ਪਰ ਜੋਸ਼ੀ ਵੱਲੋਂ ਵੀ ਸਮਾਂ ਰਹਿੰਦਿਆਂ ਹਸਪਤਾਲ 'ਚ ਮਰੀਜ਼ਾਂ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਕੋਈ ਵੀ ਢੁੱਕਵਾਂ ਉਪਰਾਲਾ ਅਮਲ ਵਿਚ ਨਹੀਂ ਲਿਆਂਦਾ ਗਿਆ। ਕਾਂਗਰਸ ਸਰਕਾਰ ਦੇ ਸੱਤਾ 'ਚ ਆਉਣ 'ਤੇ ਆਮ ਜਨਤਾ ਨੂੰ ਲੱਗਦਾ ਸੀ ਕਿ ਹਸਪਤਾਲ 'ਚ ਹੁਣ ਮਰੀਜ਼ਾਂ ਦਾ ਘਾਣ ਘੱਟ ਹੋ ਜਾਵੇਗਾ ਪਰ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਮੰਤਰੀ ਬਣਨ ਦੇ ਕਈ ਮਹੀਨੇ ਬੀਤਣ ਮਗਰੋਂ ਵੀ ਉਕਤ ਹਸਪਤਾਲ 'ਚ ਨਹੀਂ ਆਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ।
ਨਸ਼ਾ ਫੜਵਾਉਣ ਵਾਲਿਆਂ ਦੀ ਗੁਪਤ ਸੂਚਨਾ ਪੁਲਸ ਨੇ ਕੀਤੀ ਜਨਤਕ
NEXT STORY