ਤਲਵੰਡੀ ਸਾਬੋ (ਮੁਨੀਸ਼) : ਭਾਵੇਂ ਕਿ ਪੰਜਾਬ ਸਰਕਾਰ ਅਤੇ ਪੁਲਸ ਨਸ਼ੇ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਅਜੇ ਵੀ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫਤਿਹਗੜ੍ਹ ਨੌ ਆਬਾਦ ਦਾ ਹੈ, ਜਿੱਥੇ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਹੈ। ਜਿੱਥੇ ਮ੍ਰਿਤਕ ਨੌਜਵਾਨ ਦੇ ਮਾਪੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਸ਼ੇ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ, ਜਦੋਂ ਕਿ ਪੁਲਸ ਅਧਿਕਾਰੀ ਮਾਮਲੇ ਤੋਂ ਅਣਜਾਣਤਾ ਪ੍ਰਗਟ ਕਰ ਰਹੇ ਹਨ।
ਮ੍ਰਿਤਕ ਨੌਜਵਾਨ ਲਖਵਿੰਦਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਰੋ-ਰੋ ਕੇ ਦੱਸਿਆ ਕਿ ਉਹ ਦਿਹਾੜੀ ਕਰਦਾ ਹੈ, ਜਦੋਂ ਉਹ ਕੰਮ ’ਤੇ ਚਲਾ ਜਾਂਦਾ ਸੀ ਤਾਂ ਉਸ ਦਾ ਪੁੱਤਰ ਚਿੱਟੇ ਦਾ ਨਸ਼ਾ ਕਰਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਲਖਵਿੰਦਰ ਸਿੰਘ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਸੁੱਖਾਂ ਸੁੱਖ ਕੇ ਲਿਆ ਅਤੇ ਪਾਲਿਆ ਸੀ ਜੋ ਕਿ ਨਸ਼ਿਆਂ ਦੀ ਦਲਦਲ ’ਚ ਅਜਿਹਾ ਫਸਿਆ ਕਿ ਉਸ ਦੀ ਇਸੇ ਕਾਰਨ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਿੰਡ ’ਚ ਕੁੱਝ ਲੋਕ ਨਸ਼ਾ ਵੇਚਦੇ ਹਨ ਪਰ ਪੁਲਸ ਪ੍ਰਸ਼ਾਸਨ ਕੁੱਝ ਵੀ ਨਹੀਂ ਕਰ ਰਿਹਾ।
ਜੇਕਰ ਅਸੀਂ ਨਸ਼ਾ ਤਸਕਰਾਂ ਨੂੰ ਪੁਲਸ ਨੂੰ ਦੱਸ ਕੇ ਫੜ੍ਹਾ ਦਿੰਦੇ ਹਾਂ ਤਾਂ ਉਹ ਇਕ ਦੋ ਦਿਨਾਂ ਵਿਚ ਬਾਹਰ ਆ ਕੇ ਫਿਰ ਨਸ਼ੇ ਵੇਚਣ ਲੱਗ ਜਾਂਦੇ ਹਨ। ਮ੍ਰਿਤਕ ਨੌਜਵਾਨ ਦੀ ਬੁੱਢੀ ਮਾਤਾ ਮਨਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਬੜੀ ਔਖ ਨਾਲ ਆਪਣਾ ਪੁੱਤਰ ਵੱਡਾ ਕੀਤਾ ਸੀ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਚਿੱਟੇ ਦੇ ਨਸ਼ੇ ਨੂੰ ਬੰਦ ਕੀਤਾ ਜਾਵੇ ਤਾਂ ਹੋਰ ਮਾਵਾਂ ਦੇ ਪੁੱਤਰ ਨਾ ਮਰਨ।
ਦੱਸਣਾ ਬਣਦਾ ਹੈ ਕਿ ਮ੍ਰਿਤਕ ਨੂੰ ਨਸ਼ੇ ਕਰਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਸਹਾਰਾ ਅਤੇ ਚਾਰ ਭੈਣਾਂ ਇਕਲੌਤਾ ਭਰਾ ਸੀ। ਉਧਰ ਦੂਜੇ ਪਾਸੇ ਤਲਵੰਡੀ ਸਾਬੋ ਦੇ ਡੀ. ਐੱਸ. ਪੀ. ਰਾਜੇਸ਼ ਸਨੇਹੀ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਫਿਰ ਵੀ ਉਹ ਮਾਮਲੇ ਦੀ ਜਾਂਚ ਕਰਵਾਉਣਗੇ।
ਕੇਂਦਰੀ ਜੇਲ੍ਹ ’ਚੋਂ ਇਕ ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ
NEXT STORY