ਨਥਾਣਾ (ਬੱਜੋਆਣੀਆਂ)-ਨਥਾਣਾ ਇਲਾਕੇ ਦੀਆਂ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਥਾਂ-ਥਾਂ 'ਤੇ ਡੂੰਘੇ ਖੱਡੇ ਬਣ ਗਏ ਹਨ। ਇਨ੍ਹਾਂ ਖੱਡਿਆਂ ਨਾਲ ਆਵਾਜਾਈ ਕਾਫੀ ਪ੍ਰਭਾਵਿਤ ਹੁੰਦੀ ਹੈ ਤੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ। ਨਥਾਣਾ ਤੋਂ ਭਗਤਾ ਰੋਡ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ। ਇਸ ਸੜਕ 'ਤੇ ਬਜਰੀ ਤੇ ਪੱਥਰ ਲੋਕਾਂ ਲਈ ਵੱਡੀ ਮੁਸੀਬਤ ਬਣ ਗਏ ਹਨ। ਨਥਾਣਾ ਸੂਏ ਦੇ ਪੁਲ ਤੋਂ ਗੰਗਾ ਪਿੰਡ ਦੇ ਬੱਸ ਅੱਡੇ ਤੱਕ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਲੋਕ ਕਈ ਵਾਰ ਇਹ ਮਾਮਲਾ ਸਿਆਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ 'ਚ ਲਿਆ ਚੁੱਕੇ ਹਨ ਪਰ ਕਿਸੇ ਨੇ ਵੀ ਸੜਕਾਂ ਦੇ ਸੁਧਾਰ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਨਥਾਣਾ ਤੋਂ ਭੁੱਚੋ ਮੰਡੀ ਵੱਲ ਜਾਣ ਵਾਲੀ ਮੇਨ ਜੀ. ਟੀ. ਰੋਡ ਦੀ ਹਾਲਤ ਇੰਨੀ ਬੁਰੀ ਹੈ ਕਿ ਹਰ ਇਕ ਰਾਹਗੀਰ ਸਰਕਾਰ ਨੂੰ ਕੋਸਦਾ ਹੀ ਆਪਣਾ ਸਫ਼ਰ ਤਹਿ ਕਰਦਾ ਹੈ। ਇਸੇ ਤਰ੍ਹਾਂ ਹੀ ਪੂਹਲਾ ਤੋਂ ਬੀਬੀਵਾਲਾ ਨਹਿਰ ਦੀ ਪਟੜੀ ਵਾਲੀ ਸੜਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਇਹ ਟੁੱਟੀਆਂ ਸੜਕਾਂ ਰਾਹਗੀਰਾਂ ਦੀ ਜਾਨ ਦਾ ਖੌਅ ਬਣ ਗਈਆਂ ਹਨ। ਹਲਕਾ ਵਿਧਾਇਕ ਸੱਤਾਧਾਰੀ ਧਿਰ ਦਾ ਬਣ ਜਾਣ ਕਾਰਨ ਲੋਕਾਂ ਨੂੰ ਕਾਫੀ ਉਮੀਦਾਂ ਸਨ ਕਿ ਸੜਕਾਂ ਦੀ ਕਾਇਆ ਕਲਪ ਹੋ ਜਾਵੇਗੀ ਪਰ ਨਵੀਂ ਸਰਕਾਰ ਨੇ ਇਨ੍ਹਾਂ ਟੁੱਟੀਆਂ ਸੜਕਾਂ ਵੱਲ ਧਿਆਨ ਨਹੀਂ ਦਿੱਤਾ। ਇਲਾਕੇ ਦੀਆਂ ਪੰਚਾਇਤਾਂ, ਕਲੱਬਾਂ ਤੇ ਹੋਰ ਸਮਾਜਿਕ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ।
ਇਸ ਮਾਮਲੇ ਸਬੰਧੀ ਜਦੋਂ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕਾਂ ਦੇ ਸਬੰਧ 'ਚ ਹਾਲੇ ਕੱਲ ਹੀ ਪੀ. ਡਬਲਿਊ. ਡੀ. ਦੇ ਐਕਸ਼ਨ ਨਾਲ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਕੁੱਟਮਾਰ ਦੇ ਦੋਸ਼ 'ਚ ਪਤੀ-ਪਤਨੀ ਨਾਮਜ਼ਦ
NEXT STORY