ਜਲੰਧਰ(ਚਾਵਲਾ)— ਦਿੱਲੀ 'ਚ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕਮੇਟੀ ਵੱਲੋਂ ਮਾਂ-ਬੋਲੀ ਸਤਿਕਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਪੰਜਾਬੀ ਅਧਿਆਪਕਾਂ ਦੀਆਂ 769 ਅਤੇ ਉਰਦੂ ਅਧਿਆਪਕਾਂ ਦੀਆਂ 610 ਖਾਲੀ ਪਈਆਂ ਆਸਾਮੀਆਂ ਨੂੰ ਛੇਤੀ ਭਰਨ ਲਈ ਦਿੱਲੀ ਸਰਕਾਰ ਦੇ ਖਿਲਾਫ ਸਿਆਸੀ ਘੇਰਾਬੰਦੀ ਸ਼ੁਰੂ ਕਰਨ ਦੀ ਗੱਲ ਕਹੀ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪ ਸਰਕਾਰ ਵੱਲੋਂ ਪੰਜਾਬੀ ਅਧਿਆਪਕਾਂ ਦੀ ਭਰਤੀ ਕੀਤੇ ਬਿਨਾਂ ਅਖਬਾਰੀ ਇਸਤਿਹਾਰਬਾਜ਼ੀ ਕੀਤੇ ਜਾਣ ਕਰਕੇ ਸਰਕਾਰੀ ਖਜ਼ਾਨੇ ਦੇ ਹੋਏ ਨੁਕਸਾਨ ਨੂੰ ਲੁੱਟ-ਖਸੁੱਟ ਕਰਾਰ ਦਿੱਤਾ।
ਮਿਸ਼ਨ ਤਾਲੀਮ ਦੇ ਨਸੀਬ ਅੱਲੀ ਨੇ ਉਰਦੂ ਅਧਿਆਪਕਾਂ ਦੀ ਭਰਤੀ ਦਿੱਲੀ ਸਰਕਾਰ ਵੱਲੋਂ ਨਾ ਕੀਤੇ ਜਾਣ ਨੂੰ ਗੰਭੀਰ ਮਸਲਾ ਦੱਸਦੇ ਹੋਏ ਭਾਸ਼ਾ ਖੋਹਣ ਨੂੰ ਜ਼ੁਬਾਨ ਕੱਟੇ ਜਾਣ ਵਜੋਂ ਪਰਿਭਾਸ਼ਿਤ ਕੀਤਾ। ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਮਾਂ-ਬੋਲੀ ਸਤਿਕਾਰ ਲਹਿਰ ਦੇ ਤਹਿਤ ਦਿੱਲੀ ਦੇ ਪੰਜਾਬੀ ਪ੍ਰੇਮੀਆਂ ਨੂੰ ਆਪਣੇ ਘਰ, ਦਫਤਰ ਅਤੇ ਦੁਕਾਨ 'ਤੇ ਲੱਗਣ ਵਾਲੇ ਪ੍ਰਚਾਰ ਬੋਰਡਾਂ 'ਚ ਪੰਜਾਬੀ ਭਾਸ਼ਾ ਦਾ ਲਾਜ਼ਮੀ ਇਸਤੇਮਾਲ ਕਰਨ ਲਈ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।
ਦਿੱਲੀ ਸਰਕਾਰ ਵੱਲੋਂ 24 ਜੂਨ 2016 ਨੂੰ ਪੰਜਾਬੀ ਅਤੇ ਉਰਦੂ ਅਧਿਆਪਕਾਂ ਦੀਆਂ ਖਾਲੀ ਪਈਆਂ ਆਸਾਮੀਆਂ ਨੂੰ ਭਰਨ ਲਈ ਕੱਢੇ ਗਏ ਆਦੇਸ਼ ਦੀ ਕਾਪੀ ਲਹਿਰਾਉਂਦੇ ਹੋਏ ਜੀ. ਕੇ. ਨੇ 15 ਮਹੀਨੇ ਬਾਅਦ ਵੀ ਸਕੂਲਾਂ 'ਚ ਅਧਿਆਪਕਾਂ ਦੀ ਭਰਤੀ ਨਾ ਹੋਣ 'ਤੇ ਅਫਸੋਸ ਜਤਾਇਆ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਘੱਟ ਗਿਣਤੀਆਂ ਦੀ ਭਾਸ਼ਾ ਦੇ ਨਾਲ ਕੀਤੇ ਜਾ ਰਹੇ ਮਤਰੇਏ ਵਿਵਹਾਰ ਦੇ ਖਿਲਾਫ ਦਿੱਲੀ ਕਮੇਟੀ ਨੇ ਪਿਛਲੇ ਦਿਨੀਂ ਦਿੱਲੀ ਹਾਈ ਕੋਰਟ 'ਚ ਲੋਕਹਿਤ ਅਰਜ਼ੀ ਦਰਜ ਕੀਤੀ ਸੀ, ਜਿਸ 'ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਦਿੱਲੀ ਦੇ ਸਕੂਲਾਂ ਵਿਚ ਤ੍ਰਿਭਾਸ਼ੀ ਫਾਰਮੂਲੇ ਦੀ ਉਲੰਘਣਾ 'ਤੇ ਆਪਣੀ ਸਹਿਮਤੀ ਜਤਾਉਂਦੇ ਹੋਏ ਦਿੱਲੀ ਸਰਕਾਰ, ਪੰਜਾਬੀ ਅਕਾਦਮੀ, ਉਰਦੂ ਅਕਾਦਮੀ, ਕੇਂਦਰੀ ਮਨੁਖੀ ਸਰੋਤ ਵਿਕਾਸ ਮੰਤਰਾਲੇ ਅਤੇ ਸੀ. ਬੀ. ਐੱਸ. ਈ. ਨੂੰ ਨੋਟਿਸ ਜਾਰੀ ਕੀਤਾ ਸੀ।
ਉਨ੍ਹਾਂ ਨੇ ਦਿੱਲੀ ਵਿਚ ਪੰਜਾਬੀ ਨੂੰ ਦੂਜੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੋਣ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਸਕੂਲ ਸਿੱਖਿਆ ਨਿਯਮ 1973 ਦੀ ਧਾਰਾ 9 ਦੇ ਤਹਿਤ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਪੰਜਾਬੀ ਭਾਸ਼ਾ ਨੂੰ ਪੜ੍ਹਾਉਣਾ ਜ਼ਰੂਰੀ ਦੱਸਿਆ। ਹਾਈ ਕੋਰਟ ਵਿਚ ਚਲ ਰਹੇ ਉਕਤ ਕੇਸ ਦੀ ਅਗਲੀ ਸੁਣਵਾਈ 14 ਸਤੰਬਰ ਤੋਂ ਪਹਿਲਾਂ ਕਮੇਟੀ ਵੱਲੋਂ ਚੁੱਕੇ ਗਏ ਕਦਮਾਂ ਨੂੰ ਉਨ੍ਹਾਂ ਨੇ ਕੁੰਭਕਰਨੀ ਨੀਂਦ 'ਚ ਸੌਂ ਰਹੀ ਦਿੱਲੀ ਸਰਕਾਰ ਅਤੇ ਪੰਜਾਬੀ ਅਕਾਦਮੀ ਨੂੰ ਜਗਾਉਣ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ।
ਸਿਰਸਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪੰਜਾਬ ਚੋਣਾਂ ਤੋਂ ਬਾਅਦ ਪੰਜਾਬੀ ਭਾਸ਼ਾ ਤੋਂ ਦੂਰੀ ਬਣਾ ਲਈ ਹੈ, ਜਿਸ ਕਰਕੇ ਪੰਜਾਬੀ ਪੜ੍ਹਨ ਦੇ ਇਛੁੱਕ ਬੱਚੇ ਪ੍ਰਭਾਵਿਤ ਹੋ ਰਹੇ ਹਨ। ਭਾਸ਼ਾ ਦੇ ਪ੍ਰਚਾਰ-ਪ੍ਰਸਾਰ 'ਤੇ ਲੱਗੀ ਰੋਕ ਕਰਕੇ ਸਿਰਸਾ ਨੇ ਕਵੀ, ਸਾਹਿਤਕਾਰ ਅਤੇ ਇਤਿਹਾਸਕਾਰ ਪੰਜਾਬੀ ਭਾਸ਼ਾ 'ਚ ਨਾ ਉਭਰਨ ਦਾ ਵੀ ਖਦਸ਼ਾ ਜਤਾਇਆ।
ਤਸਵੀਰਾਂ 'ਚ ਦੇਖੋਂ ਕਿਵੇਂ ਮੌਲੀਜਾਗਰਾਂ 'ਚ ਨਗਰ ਨਿਗਮ ਨੇ ਢਾਹੇ ਨਾਜਾਇਜ਼ ਕਬਜ਼ੇ
NEXT STORY