ਚੰਡੀਗੜ੍ਹ (ਲਲਨ) : ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਧ ਰਹੀ ਯਾਤਰੀ ਭੀੜ ਨੂੰ ਦੇਖਦਿਆਂ ਅੰਬਾਲਾ ਮੰਡਲ ਨੇ ਰੇਲਵੇ ਤੋਂ ਤਿੰਨ ਸਮਰ ਸਪੈਸ਼ਲ ਰੇਲਾਂ ਚਲਾਉਣ ਦੀ ਮੰਗ ਕੀਤੀ ਹੈ। ਇਹ ਰੇਲਾਂ ਚੰਡੀਗੜ੍ਹ ਤੋਂ ਮੁੰਬਈ, ਕਟਿਹਾਰ ਤੇ ਪਟਨਾ ਰੂਟਾਂ ’ਤੇ ਚਲਾਉਣ ਦੀ ਯੋਜਨਾ ਹੈ, ਤਾਂ ਜੋ ਲੰਬੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲ ਸਕੇ। ਅਧਿਕਾਰੀਆਂ ਮੁਤਾਬਕ ਅਪ੍ਰੈਲ, ਮਈ ਤੇ ਜੂਨ ਮਹੀਨਿਆਂ ਦੌਰਾਨ ਚੰਡੀਗੜ੍ਹ ਤੇ ਅੰਬਾਲਾ ਤੋਂ ਚੱਲਣ ਵਾਲੀਆਂ ਲਗਭਗ ਸਾਰੀਆਂ ਲੰਬੇ ਰੂਟਾਂ ਦੀਆਂ ਰੇਲਾਂ ਪੂਰੀ ਤਰ੍ਹਾਂ ਫੁਲ ਚੱਲ ਰਹੀਆਂ ਹਨ। ਇਸ ਕਰਕੇ ਯਾਤਰੀਆਂ ਨੂੰ ਨਾ ਤਾਂ ਕਨਫਰਮ ਟਿਕਟ ਮਿਲ ਰਹੀਆਂ ਹਨ ਤੇ ਨਾ ਹੀ ਵੇਟਿੰਗ ਲਿਸਟ ’ਚ ਨਾਮ ਆ ਰਿਹਾ ਹੈ। ਇਸ ਸਥਿਤੀ ਨੂੰ ਦੇਖਦਿਆਂ ਯਾਤਰੀਆਂ ਦੀ ਸਹੂਲਤ ਲਈ ਵਾਧੂ ਰੇਲਾਂ ਦੀ ਮੰਗ ਕੀਤੀ ਗਈ ਹੈ। ਚੰਡੀਗੜ੍ਹ ਤੋਂ ਮੁੰਬਈ ਲਈ ਇਸ ਵੇਲੇ ਸਿਰਫ਼ ਦੋ ਹੀ ਰੇਲਾਂ ਚੱਲਦੀਆਂ ਹਨ, ਇਕ ਚੰਡੀਗੜ੍ਹ-ਬਾਂਦਰਾ ਟਰੇਨ ਜੋ ਹਫ਼ਤੇ ’ਚ ਦੋ ਦਿਨ ਚੱਲਦੀ ਹੈ ਤੇ ਦੂਜੀ ਪੱਛਮੀ ਐਕਸਪ੍ਰੈੱਸ ਜੋ ਰੋਜ਼ਾਨਾ ਸੇਵਾ ਦਿੰਦੀ ਹੈ। ਇਸੇ ਤਰ੍ਹਾਂ ਕਟਿਹਾਰ ਅਤੇ ਪਟਨਾ ਲਈ ਵੀ ਸੀਮਤ ਰੇਲਾਂ ਹਨ, ਜੋ ਹਫ਼ਤੇ ’ਚ ਸਿਰਫ਼ ਦੋ ਦਿਨ ਚੱਲਦੀਆਂ ਹਨ। ਇਸ ਕਾਰਨ ਇਨ੍ਹਾਂ ਰੂਟਾਂ ’ਤੇ ਯਾਤਰੀਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੇਟਿੰਗ ਟਿਕਟ ਵੀ ਉਪਲੱਬਧ ਨਹੀਂ
ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾਣ ਵਾਲੀ ਟਰੇਨ ’ਚ 28 ਮਈ ਤੱਕ ਵੇਟਿੰਗ ਟਿਕਟਾਂ ਵੀ ਨਹੀਂ ਮਿਲ ਰਹੀਆਂ। ਇਸ ਤੋਂ ਇਲਾਵਾ ਚੰਡੀਗੜ੍ਹ-ਪਾਟਲੀਪੁੱਤਰ ਤੇ ਚੰਡੀਗੜ੍ਹ-ਬਾਂਦਰਾ ਰੂਟਾਂ ’ਤੇ ਵੀ ਟਿਕਟਾਂ ਦੀ ਭਾਰੀ ਕਮੀ ਹੈ। ਅੰਬਾਲਾ ਤੋਂ ਕਟਿਹਾਰ ਜਾਣ ਵਾਲੀ ਅਮਰਪਾਲੀ ਐਕਸਪ੍ਰੈਸ ’ਚ ਵੀ ਕੋਈ ਸੀਟ ਖ਼ਾਲੀ ਨਹੀਂ। ਇਹ ਹਾਲਤ ਦੱਸਦੀ ਹੈ ਕਿ ਸਮਰ ਸੀਜ਼ਨ ਦੌਰਾਨ ਰੇਲਾਂ ’ਚ ਭਾਰੀ ਦਬਾਅ ਬਣਿਆ ਹੋਇਆ ਹੈ।
ਸਦਭਾਵਨਾ ਟਰੇਨ ਦੇ ਵਿਸਥਾਰ ਦੀ ਮੰਗ
ਇਸ ਦੇ ਨਾਲ ਹੀ ਸ਼ਹਿਰ ਦੀਆਂ ਕਈ ਐਸੋਸੀਏਸ਼ਨਾਂ ਨੇ ਚੰਡੀਗੜ੍ਹ-ਲਖਨਊ ਸਦਭਾਵਨਾ ਸੁਪਰਫਾਸਟ ਰੇਲ ਨੰਬਰ 12232 ਨੂੰ ਪ੍ਰਤਾਪਗੜ੍ਹ ਤੱਕ ਵਧਾਉਣ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਪਰਿਵਾਰ ਐਸੋਸੀਏਸ਼ਨ ਨੇ ਰੇਲ ਨੂੰ ਅਯੁੱਧਿਆ ਤੱਕ ਚਲਾਉਣ ਦੀ ਮੰਗ ਕਰਦਿਆਂ ਰੇਲ ਮੰਤਰਾਲੇ ਨੂੰ ਵੀ ਪੱਤਰ ਭੇਜਿਆ ਹੈ।
ਟ੍ਰਾਈਸਿਟੀ ’ਚ ਵੱਡੀ ਗਿਣਤੀ ਉੱਤਰ ਪ੍ਰਦੇਸ਼-ਬਿਹਾਰ ਦੇ ਲੋਕ
ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਟ੍ਰਾਈਸਿਟੀ ’ਚ ਉੱਤਰ ਪ੍ਰਦੇਸ਼ ਤੇ ਬਿਹਾਰ ਨਾਲ ਸਬੰਧਤ 60 ਫ਼ੀਸਦੀ ਤੋਂ ਵੱਧ ਲੋਕ ਰਹਿੰਦੇ ਹਨ ਪਰ ਚੰਡੀਗੜ੍ਹ ਤੋਂ ਵਾਰਾਣਸੀ ਤੇ ਗੋਰਖਪੁਰ ਲਈ ਹਫ਼ਤੇ ’ਚ ਸਿਰਫ਼ ਦੋ ਦਿਨ ਹੀ ਰੇਲਾਂ ਚੱਲਦੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਅਕਸਰ ਟਿਕਟ ਨਹੀਂ ਮਿਲਦੀਆਂ ਤੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਅੰਬਾਲਾ ਮੰਡਲ ਵੱਲੋਂ ਰੇਲਵੇ ਕੋਲ ਤਿੰਨ ਸਮਰ ਸਪੈਸ਼ਲ ਰੇਲਾਂ ਚਲਾਉਣ ਦੀ ਮੰਗ ਕੀਤੀ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਪੰਜਾਬ: 18 ਸਾਲਾ ਕੁੜੀ ਨੇ ਕਰਵਾਈ Love Marriage ਤੇ ਫ਼ਿਰ ਥੋੜ੍ਹੀ ਦੇਰ ਬਾਅਦ ਹੀ...
NEXT STORY