ਲੰਬੀ/ਮਲੋਟ (ਜੁਨੇਜਾ) - ਕਰੀਬ 4 ਹਫਤੇ ਪਹਿਲਾਂ ਮਾਂ, ਪਤਨੀ ਅਤੇ ਬੱਚੇ ਸਮੇਤ ਲਾਪਤਾ ਹੋਏ ਆੜ੍ਹਤੀਏ ਅਤੇ ਪਰਿਵਾਰ ਦੀ ਗੁੰਮਸ਼ੁਦਗੀ ਦਾ ਰਾਜ਼ ਅਜੇ ਵੀ ਬਰਕਾਰ ਹੈ। 3 ਮਾਰਚ ਨੂੰ ਆੜ੍ਹਤੀ ਮਹਾਵੀਰ ਸਿੰਘ ਦੇ ਪਰਿਵਾਰ ਸਮੇਤ ਸ਼ਹਿਰ ਜਾਣ ਪਿੱਛੋਂ ਵਾਪਸ ਨਾ ਮੁੜਨ ਦੇ ਬਾਅਦ ਉਸ ਦੇ ਪਿਤਾ ਦਰਬਾਰਾ ਸਿੰਘ ਨੇ ਕਿਸੇ ਅਣਹੋਣੀ ਦਾ ਖਦਸ਼ਾ ਜ਼ਾਹਿਰ ਕੀਤਾ ਸੀ ਪਰ ਆੜ੍ਹਤੀ ਦੇ ਸਾਲੇ ਕੁਲਸ਼ੇਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਡੱਬਵਾਲੀ ਢਾਬ ਨੇ 7 ਮਾਰਚ ਨੂੰ ਕਬਰਵਾਲਾ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਉਸ ਦੇ ਭਣਵੀਏ ਮਹਾਵੀਰ ਨੇ ਮੇਰੀ ਭੈਣ ਸੁਖਦੀਪ ਕੌਰ ਦੀ ਕੁੱਟ-ਮਾਰ ਕੀਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ ਅਤੇ ਬਾਅਦ 'ਚ ਮਹਾਵੀਰ ਆਪਣੀ ਮਾਂ ਤੇ ਪਿਤਾ ਨਾਲ ਨਾਲ ਮਿਲ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾ ਕਰ ਕੇ ਕਿਤੇ ਲੈ ਗਿਆ। ਪੁਲਸ ਨੇ ਕੁਲਸ਼ੇਰ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮਹਾਵੀਰ ਸਿੰਘ, ਉਸ ਦੇ ਪਿਤਾ ਦਰਬਾਰਾ ਸਿੰਘ ਅਤੇ ਮਾਂ ਬਲਜਿੰਦਰ ਕੌਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਹੁਣ ਕਰੀਬ 26 ਦਿਨ ਬੀਤਣ ਦੇ ਬਾਅਦ ਵੀ ਪੁਲਸ ਇਸ ਮਾਮਲੇ ਦੀ ਤਹਿ ਤੱਕ ਨਹੀਂ ਜਾ ਸਕੀ। ਉੱਧਰ ਕੁਲਸ਼ੇਰ ਸਿੰਘ ਨੇ ਜ਼ਿਲਾ ਪੁਲਸ ਦੇ ਸੀਨੀਅਰ ਕਪਤਾਨ ਨੂੰ ਬੇਨਤੀ ਕੀਤੀ ਕਿ ਉਸ ਦੀ ਭੈਣ ਦੇ ਸਹੁਰਾ ਪਰਿਵਾਰ ਦੇ ਮੈਂਬਰ ਇਸ ਸਾਰੀ ਘਟਨਾ ਤੋਂ ਜਾਣੂ ਹਨ ਪਰ ਜਿਵੇਂ-ਜਿਵੇਂ ਪੁਲਸ ਉਨ੍ਹਾਂ ਨੂੰ ਲੱਭਣ ਵਿਚ ਦੇਰੀ ਕਰ ਰਹੀ ਹੈ, ਉਨ੍ਹਾਂ ਦੀ ਭੈਣ ਅਤੇ ਭਾਣਜੇ ਦੀ ਜਾਨ ਨੂੰ ਖਤਰਾ ਵੱਧ ਰਿਹਾ ਹੈ।
ਉਸ ਨੇ ਸ਼ਿਕਾਇਤ 'ਚ ਆਪਣੀ ਭੈਣ ਦੇ ਸਹੁਰੇ ਸਮੇਤ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਇਸ ਮਾਮਲੇ ਵਿਚ ਸ਼ਮੂਲੀਅਤ ਹੋਣ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਪੁਲਸ ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰੇ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਐੱਸ. ਐੱਸ. ਪੀ. ਨੇ ਉਨ੍ਹਾਂ ਨੂੰ ਜਲਦੀ ਇਨਸਾਫ਼ ਦਾ ਭਰੋਸਾ ਦਿੱਤਾ ਹੈ ਪਰ ਫਿਰ ਵੀ ਉਨ੍ਹਾਂ ਦੀ ਬੇਟੀ ਅਤੇ ਬੱਚੇ ਦੀ ਜਾਨ ਨੂੰ ਖਤਰਾ ਹੋਣ ਕਰ ਕੇ ਰਿਸ਼ਤੇਦਾਰਾਂ ਵਿਚ ਰੋਸ ਹੈ ਅਤੇ ਉਨ੍ਹਾਂ ਕਿਹਾ ਕਿ ਸ਼ਨੀਵਾਰ ਤੱਕ ਪੁਲਸ ਨੇ ਮਾਮਲੇ ਨੂੰ ਕਿਸੇ ਸਾਰਥਕ ਸਿੱਟੇ 'ਤੇ ਨਾ ਪਹੁੰਚਾਇਆ ਤਾਂ ਰਿਸ਼ਤੇਦਾਰ ਥਾਣੇ ਅੱਗੇ ਧਰਨਾ ਦੇਣਗੇ। ਇਸ ਸਮੇਂ ਕੁਲਸ਼ੇਰ ਸਿੰਘ ਤੋਂ ਇਲਾਵਾ ਇੰਦਰਜੀਤ ਸਿੰਘ, ਸੁਖਦੇਵ ਸਿੰਘ, ਅਮਨ ਸਮੇਤ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਵੀ ਹਾਜ਼ਰ ਸਨ। ਇਸ ਸਬੰਧੀ ਥਾਣੇ ਦੇ ਮੁੱਖ ਅਫਸਰ ਕੁਲਦੀਪ ਸ਼ਰਮਾ ਨੇ ਕਿਹਾ ਕਿ ਪੁਲਸ ਮਾਮਲੇ ਨੂੰ ਸੁਲਝਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬੇਸ਼ੱਕ ਅਜੇ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਪਰ ਜਲਦੀ ਪੁਲਸ ਮਾਮਲੇ ਦੀ ਤਹਿ ਤੱਕ ਪਹੁੰਚ ਜਾਵੇਗੀ।
ਸੈਂਕੜੇ ਲਿਟਰ ਦੁੱਧ ਸੜਕ 'ਤੇ ਡੋਲ੍ਹਿਆ
NEXT STORY