ਬਾਘਾਪੁਰਾਣਾ (ਚਟਾਨੀ) - ਨਗਰ ਕੌਂਸਲ ਦੀ ਮਾਲਕੀ ਵਾਲੀਆਂ ਸ਼ਹਿਰ ਦੇ ਬਿਲਕੁਲ ਵਿਚਕਾਰ ਪਈਆਂ ਕਰੀਬ 8 ਏਕੜ ਰਕਬੇ ਵਾਲੀਆਂ ਥਾਵਾਂ 'ਤੇ ਲੋਕਾਂ ਵੱਲੋਂ ਸੈਰਗਾਹ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਨੇ ਹਲਕੇ ਦੇ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਉਨ੍ਹਾਂ ਦੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਦੇ ਹੱਕ 'ਚ ਵੱਡਾ ਫਤਵਾ ਸੈਰਗਾਹ ਦੀ ਮੰਗ ਪੂਰੀ ਕਰਨ ਦੀ ਸ਼ਰਤ 'ਤੇ ਹੀ ਦਿੱਤਾ ਸੀ ਅਤੇ ਉਹ ਹੁਣ ਆਪਣਾ ਵਾਅਦਾ ਨਿਭਾਉਣ।
ਬੀ. ਡੀ. ਪੀ. ਓ. ਦਫਤਰ ਅਤੇ ਮਦਾਰੀ ਮਾਰਕੀਟ ਦੇ ਕੋਲ ਵਾਲੀ ਜਗ੍ਹਾ ਦੇ ਚੌਗਿਰਦੇ 'ਚ ਵਸਦੇ ਲੋਕਾਂ ਅਤੇ ਵਿਸ਼ੇਸ਼ ਕਰ ਕੇ ਔਰਤਾਂ ਨੇ ਇਸ ਜਗ੍ਹਾ 'ਚ ਫੈਲੀ ਗੰਦਗੀ ਨੂੰ ਆਪਣੀ ਜ਼ਿੰਦਗੀ ਲਈ ਖਤਰਾ ਦੱਸਦਿਆਂ ਇਸੇ ਜਗ੍ਹਾ ਨੂੰ ਪਹਿਲ ਦੇ ਆਧਾਰ 'ਤੇ ਸੈਰਗਾਹ ਵਜੋਂ ਵਿਕਸਤ ਕਰਨ ਦੀ ਮੰਗ ਦੁਹਰਾਈ ਹੈ।
ਵਰਨਣਯੋਗ ਹੈ ਕਿ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੁਝ ਸਮਾਂ ਪਹਿਲਾਂ ਇਸੇ ਜਗ੍ਹਾ 'ਤੇ ਔਰਤਾਂ ਵਾਸਤੇ ਆਧੁਨਿਕ ਸਹੂਲਤਾਂ ਵਾਲੀ ਸੈਰਗਾਹ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇਸ ਜਗ੍ਹਾ ਦੀ ਬਜਾਏ ਹੁਣ ਦੂਜੀ ਥਾਂ 'ਤੇ ਭਰਤੀ ਪਾਉਣ ਲਈ ਕੌਂਸਲ ਨੇ ਆਪਣੀ ਕਾਰਵਾਈ ਆਰੰਭੀ ਹੈ, ਜਦਕਿ ਬਲਾਕ ਦਫਤਰ ਦੇ ਪਿੱਛੇ ਵਾਲੇ ਹਿੱਸੇ 'ਚ ਪਈ ਗੰਦਗੀ ਨੂੰ ਹਟਾਉਣ ਤੋਂ ਟਾਲਾ ਵੱਟ ਲਿਆ ਹੈ। ਸ਼ਾਮਲਾਟ ਵਜੋਂ ਜਾਣੀ ਜਾਂਦੀ ਇਸ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਹੋਣ ਤੋਂ ਰੋਕਣ ਵਾਸਤੇ ਭਾਵੇਂ ਦਰਸ਼ਨ ਸਿੰਘ ਬਰਾੜ ਨੇ 2008 'ਚ ਵਿਧਾਇਕ ਹੁੰਦਿਆਂ ਵਿਧਾਨ ਸਭਾ 'ਚ ਜ਼ੋਰਦਾਰ ਆਵਾਜ਼ ਉਠਾਈ ਸੀ ਅਤੇ ਹਲਕੇ ਦੇ ਮੋਹਰੀ ਭਾਜਪਾ ਆਗੂ ਅਸ਼ੋਕ ਤਲਵਾੜ (ਸਾਬਕਾ ਚੇਅਰਮੈਨ ਖਾਦੀ ਬੋਰਡ, ਪੰਜਾਬ) ਨੇ ਸ਼ਾਮਲਾਟ ਵਾਲੀ ਸਮੁੱਚੀ ਥਾਂ ਨੂੰ ਕੌਂਸਲ ਦੇ ਹੱਕ 'ਚ ਕਰਵਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਕੌਂਸਲ ਵੱਲੋਂ ਇਸ ਥਾਂ ਨੂੰ ਜਨਤਕ ਹਿੱਤਾਂ ਵਾਸਤੇ ਵਰਤਣ ਤੋਂ ਗੁਰੇਜ਼ ਕਰਨਾ ਲੋਕਾਂ ਦੀ ਸਮਝ ਤੋਂ ਬਾਹਰ ਹੈ।
ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੀ ਮਾਲਕੀ ਵਾਲੀ ਸਮੁੱਚੀ ਥਾਂ 'ਤੇ ਔਰਤਾਂ ਅਤੇ ਮਰਦਾਂ ਵਾਸਤੇ ਦੋ ਵੱਖ-ਵੱਖ ਸੈਰਗਾਹਾਂ ਬਣਾਉਣ ਦੀ ਮੰਗ ਕਰਦਾ ਇਕ ਪੱਤਰ ਡਿਪਟੀ ਕਮਿਸ਼ਨਰ ਮੋਗਾ ਅਤੇ ਇਕ ਪੱਤਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਭੇਜਿਆ ਹੈ।
ਅਰਸ਼ਦੀਪ ਨੇ ਸਾਊਥ ਏਸ਼ੀਆ ਰੂਰਲ ਖੇਡਾਂ 'ਚ ਮਾਰੀਆਂ ਮੱਲਾਂ
NEXT STORY