ਗੁਰਦਾਸਪੁਰ(ਹਰਮਨ)- ਸਾਲ 2025 ਗੁਰਦਾਸਪੁਰ ਜ਼ਿਲ੍ਹੇ ਦੀ ਸਿਆਸਤ ਲਈ ਕਈ ਮਾਅਨਿਆਂ ਵਿਚ ਅਹਿਮ ਸਾਬਤ ਹੋਇਆ ਹੈ। ਪੰਜਾਬ ਦੀ ਕੁੱਲ ਸਿਆਸੀ ਹਵਾ ਦੇ ਨਾਲ-ਨਾਲ ਜ਼ਿਲੇ ਅੰਦਰ ਵੀ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਮੀਕਰਨ ਸਾਲ ਭਰ ਨਿਰੰਤਰ ਬਦਲਦੇ ਨਜ਼ਰ ਆਏ। ਖ਼ਾਸ ਕਰ ਕੇ ਪੰਚਾਇਤੀ ਚੋਣਾਂ, ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੇ ਸਾਰੀਆਂ ਹੀ ਪਾਰਟੀਆਂ ਨੂੰ ਪੂਰੇ ਸਾਲ ਸਰਗਰਮ ਕਰ ਕੇ ਰੱਖਿਆ ਅਤੇ ਉਨ੍ਹਾਂ ਦੀ ਅਸਲੀ ਗਰਾਊਂਡ ਪਕੜ ਨੂੰ ਸਾਹਮਣੇ ਲਿਆ ਦਿੱਤਾ।
ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ
ਜਿੱਥੇ ਕੁਝ ਪਾਰਟੀਆਂ ਨੇ ਆਪਣਾ ਜਨ ਆਧਾਰ ਮਜ਼ਬੂਤ ਕਰਨ ਵਿਚ ਕਾਮਯਾਬੀ ਹਾਸਲ ਕੀਤੀ, ਉੱਥੇ ਕੁਝ ਨੂੰ ਅੰਦਰੂਨੀ ਅਸਹਿਮਤੀਆਂ, ਲੀਡਰਸ਼ਿਪ ਦੀ ਕਮੀ ਅਤੇ ਵਰਕਰਾਂ ਦੀ ਨਾਰਾਜ਼ਗੀ ਵਰਗੀਆਂ ਸਮੱਸਿਆਵਾਂ ਨਾਲ ਵੀ ਦੋ-ਚਾਰ ਹੋਣਾ ਪਿਆ। ਸਮੁੱਚੇ ਤੌਰ ’ਤੇ ਵੇਖਿਆ ਜਾਵੇ ਤਾਂ ਸਾਲ 2025 ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦਾ ਦਬਾਅ ਬਣਿਆ ਰਿਹਾ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਵਿਚ ਮੁੜ ਮਜ਼ਬੂਤੀ ਨਾਲ ਵਾਪਸੀ ਲਈ ਸੰਘਰਸ਼ ਜਾਰੀ ਰੱਖਿਆ। ਦੂਜੇ ਪਾਸੇ ਭਾਜਪਾ ਦੀ ਰਣਨੀਤੀ ਪਿੰਡਾਂ ਵਿਚ ਆਪਣੀ ਪਕੜ ਵਧਾਉਣ ’ਤੇ ਕੇਂਦ੍ਰਿਤ ਰਹੀ, ਜਦਕਿ ਕਾਂਗਰਸ ਪਾਰਟੀ ਨੇ ਇਕ ਪਾਸੇ ਕੇਂਦਰ ਵਿਚ ਭਾਜਪਾ ਅਤੇ ਦੂਜੇ ਪਾਸੇ ਪੰਜਾਬ ਦੀ ਸੱਤਾਧਾਰੀ ‘ਆਪ’ ਸਰਕਾਰ ਨੂੰ ਘੇਰਨ ਦੀ ਲਗਾਤਾਰ ਕੋਸ਼ਿਸ਼ ਕੀਤੀ। ਪੂਰੇ ਸਾਲ ਦੌਰਾਨ ਸਿਆਸੀ ਸਥਿਤੀ, ਸਮੀਕਰਨਾਂ ਅਤੇ ਲੋਕਪ੍ਰਿਯਤਾ ਵਿਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲੇ।
ਇਹ ਵੀ ਪੜ੍ਹੋ- ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !
ਆਮ ਆਦਮੀ ਪਾਰਟੀ : ਸੱਤਾ ਦਾ ਲਾਭ ਮਿਲਿਆ, ਪਰ ਚੁਣੌਤੀਆਂ ਬਰਕਰਾਰ
ਗੁਰਦਾਸਪੁਰ ਜ਼ਿਲੇ ਵਿਚ ਆਮ ਆਦਮੀ ਪਾਰਟੀ (ਆਪ) ਨੇ ਸਰਕਾਰੀ ਸੱਤਾ ਵਿਚ ਹੋਣ ਦਾ ਲਾਭ ਲੈਂਦਿਆਂ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਆਪਣੀ ਮੌਜੂਦਗੀ ਵਧਾਈ। ਆਮ ਆਦਮੀ ਕਲੀਨਿਕ, ਮੁਫ਼ਤ ਬਿਜਲੀ, ਸਿੱਖਿਆ ਅਤੇ ਸਿਹਤ ਨਾਲ ਜੁੜੀਆਂ ਸਕੀਮਾਂ ਦੇ ਆਧਾਰ ’ਤੇ ਪਾਰਟੀ ਨੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਈ ਥਾਵਾਂ ’ਤੇ ਲੀਡ ਹਾਸਲ ਕੀਤੀ। ਹਾਲਾਂਕਿ ਪਿਛਲੀਆਂ ਚੋਣਾਂ ਦੌਰਾਨ ਪਾਰਟੀ ਦੀ ਰਣਨੀਤੀ ਅਤੇ ਕੰਮ ਕਰਨ ਦੇ ਤਰੀਕੇ ਨੇ ਜਿੱਥੇ ਵਿਰੋਧੀਆਂ ਨੂੰ ਆਲੋਚਨਾ ਦਾ ਮੌਕਾ ਦਿੱਤਾ, ਉੱਥੇ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਵਿਚ ‘ਆਪ’ ਦੀ ਕਾਰਗੁਜ਼ਾਰੀ ਨੂੰ ਲੈ ਕੇ ਇਕ ਨਵੀਂ ਚਰਚਾ ਵੀ ਛਿੜ ਗਈ। ਗਰਾਊਂਡ ਰਿਪੋਰਟਾਂ ਮੁਤਾਬਕ ਕੁਝ ਖੇਤਰਾਂ ਵਿਚ ਵਰਕਰ ਇਹ ਮੰਨਦੇ ਹਨ ਕਿ ਵਿਕਾਸ ਕੰਮਾਂ ਦੀ ਰਫ਼ਤਾਰ ਉਮੀਦਾਂ ਦੇ ਮੁਤਾਬਕ ਨਹੀਂ। ਲੋਕਾਂ ਦੀ ਰਾਏ ਦੋ-ਫਾੜ ਦਿਖਾਈ ਦੇ ਰਹੀ ਹੈ—ਕੁਝ ‘ਆਪ’ ਨੂੰ ਭਵਿੱਖ ਦੀ ਪਾਰਟੀ ਮੰਨ ਰਹੇ ਹਨ, ਜਦਕਿ ਕੁਝ ਵੋਟਰ ਹੁਣ ਨਵੇਂ ਐਲਾਨਾਂ ਦੀ ਬਜਾਏ ਪਹਿਲਾਂ ਕੀਤੇ ਗਏ ਵਾਅਦਿਆਂ ’ਤੇ ਠੋਸ ਅਮਲ ਦੇ ਨਤੀਜੇ ਦੇਖਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਹਵਾ 'ਚ ਚੱਕਰ ਕੱਟਦਾ ਰਿਹਾ ਜਹਾਜ਼, ਨਹੀਂ ਮਿਲੀ ਉਤਰਣ ਦੀ ਇਜਾਜ਼ਤ, ਜਾਣੋ ਕੀ ਹੈ ਮਾਮਲਾ
ਕਾਂਗਰਸ : ਪੁਰਾਣਾ ਜਨ ਆਧਾਰ ਕਾਇਮ, ਪਰ ਅੰਦਰੂਨੀ ਖਿੱਚੋਤਾਣ ਚੁਣੌਤੀ
ਕਾਂਗਰਸ ਪਾਰਟੀ ਗੁਰਦਾਸਪੁਰ ਵਿਚ ਅਜੇ ਵੀ ਆਪਣੇ ਪ੍ਰੰਪਰਾਗਤ ਵੋਟਰ ਬੇਸ ’ਤੇ ਟਿਕੀ ਹੋਈ ਹੈ। ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕੁਝ ਖੇਤਰਾਂ ’ਚ ਮਿਲੀ ਕਾਮਯਾਬੀ ਨੇ ਇਹ ਸਾਬਤ ਕੀਤਾ ਹੈ ਕਿ ਪਾਰਟੀ ਦਾ ਪੁਰਾਣਾ ਜਨ ਆਧਾਰ ਅਜੇ ਵੀ ਕਾਇਮ ਹੈ। ਪਿੰਡਾਂ ਵਿਚ ਕਾਂਗਰਸ ਦੇ ਪੁਰਾਣੇ ਆਗੂ ਲੋਕਾਂ ਨਾਲ ਸਿੱਧੇ ਸੰਪਰਕ ਵਿਚ ਹਨ, ਪਰ ਪਾਰਟੀ ਅੰਦਰ ਸੀਨੀਅਰ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਬਣਨ ਦੀ ਦੌੜ ਸਬੰਧੀ ਆਉਂਦੇ ਬਿਆਨ ਅਤੇ ਸਾਹਮਣੇ ਆ ਰਹੀ ਧੜੇਬੰਦੀ ਵਰਕਰਾਂ ਵਿਚ ਨਿਰਾਸ਼ਾ ਪੈਦਾ ਕਰ ਰਹੀ ਹੈ। ਰਾਜਨੀਤਕ ਵਿਸ਼ਲੇਸ਼ਕਾਂ ਅਨੁਸਾਰ ਜੇਕਰ ਕਾਂਗਰਸ ਅੰਦਰੂਨੀ ਏਕਤਾ ਬਣਾਉਣ ਵਿਚ ਅਸਫਲ ਰਹੀ ਤਾਂ 2022 ਵਰਗੇ ਹਾਲਾਤ ਮੁੜ ਬਣਨ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।
ਭਾਰਤੀ ਜਨਤਾ ਪਾਰਟੀ : ਪਿੰਡਾਂ ਵੱਲ ਪੈਰ ਪਸਾਰਨ ਦੀ ਕੋਸ਼ਿਸ਼
ਭਾਜਪਾ ਨੇ ਗੁਰਦਾਸਪੁਰ ਜ਼ਿਲੇ ਵਿਚ ਖ਼ਾਸ ਕਰ ਕੇ ਸ਼ਹਿਰੀ ਖੇਤਰਾਂ ਅਤੇ ਵਪਾਰਕ ਵਰਗ ਵਿਚ ਆਪਣੀ ਪਕੜ ਕਾਇਮ ਰੱਖੀ ਹੈ। ਦਿਹਾਤੀ ਖੇਤਰਾਂ ਵਿਚ ਆਧਾਰ ਮਜ਼ਬੂਤ ਕਰਨ ਲਈ ਬਗੇਲ ਸਿੰਘ ਬਹੀਆ ਨੂੰ ਜ਼ਿਲਾ ਪ੍ਰਧਾਨ ਬਣਾਉਣਾ, ਸਿੱਖ ਚਿਹਰਿਆਂ ਅਤੇ ਪੇਂਡੂ ਆਗੂਆਂ ਨੂੰ ਅੱਗੇ ਲਿਆਉਣਾ ਪਾਰਟੀ ਦੀ ਰਣਨੀਤੀ ਦਾ ਹਿੱਸਾ ਰਿਹਾ। ਹਾਲਾਂਕਿ ਇਕੱਲੇ ਚੋਣ ਲੜਨ ਕਾਰਨ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਵੱਡੀ ਸਫਲਤਾ ਨਹੀਂ ਮਿਲੀ। ਆਮ ਲੋਕਾਂ ਵਿਚ ਇਹ ਗੱਲ ਖੁੱਲ੍ਹ ਕੇ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਜਦ ਤੱਕ ਭਾਜਪਾ ਅਤੇ ਅਕਾਲੀ ਦਲ ਵਿਚ ਗੱਠਜੋੜ ਨਹੀਂ ਹੁੰਦਾ, ਪੰਜਾਬ ਵਿਚ ਸੱਤਾ ਵਾਪਸੀ ਦਾ ਰਾਹ ਮੁਸ਼ਕਲ ਰਹੇਗਾ ਪਰ ਹਾਲ ਦੀ ਕੜੀ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਕੇਂਦਰ ਸਰਕਾਰ ਦੀਆਂ ਵੀ ਯੋਜਨਾਵਾਂ ਪ੍ਰਾਪਤੀਆਂ ਅਤੇ ਭਵਿੱਖ ਦੇ ਟੀਚਿਆਂ ਸਬੰਧੀ ਪ੍ਰਚਾਰ ਅਤੇ ਪ੍ਰਸਾਰ ਕਰਨ ਵਿਚ ਜੁਟੇ ਹੋਏ ਹਨ, ਜਿਨ੍ਹਾਂ ਵੱਲੋਂ ਨਿਰੰਤਰ ਪਿੰਡਾਂ ਤੇ ਸ਼ਹਿਰਾਂ ਵਿਚ ਪਹੁੰਚ ਬਣਾ ਕੇ ਪਾਰਟੀ ਦਾ ਵੋਟ ਬੈਂਕ ਵਧਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ : ਪਿੰਡਾਂ ਵਿਚ ਅਸਰ, ਪਰ ਅੰਦਰੂਨੀ ਸੰਘਰਸ਼ ਜਾਰੀ
ਸ਼੍ਰੋਮਣੀ ਅਕਾਲੀ ਦਲ ਲਈ ਸਾਲ 2025 ਗੁਰਦਾਸਪੁਰ ਵਿਚ ਆਪਣੀ ਪਛਾਣ ਅਤੇ ਜਨ ਆਧਾਰ ਬਚਾਉਣ ਦਾ ਸਾਲ ਬਣਿਆ। ਕਿਸਾਨੀ ਮੁੱਦੇ, ਪੰਥਕ ਸਿਆਸਤ ਅਤੇ ਪਿੰਡ ਪੱਧਰ ਦੇ ਸੰਗਠਨ ਅਕਾਲੀ ਦਲ ਦੀ ਤਾਕਤ ਰਹੇ ਅਤੇ ਸਥਾਨਕ ਚੋਣਾਂ ਵਿਚ ਕੁਝ ਪਿੰਡਾਂ ’ਚ ਮਿਲਿਆ ਸਮਰਥਨ ਇਸ ਗੱਲ ਦਾ ਸਬੂਤ ਹੈ ਕਿ ਕੋਰ ਵੋਟਰ ਅਜੇ ਵੀ ਪਾਰਟੀ ਨਾਲ ਜੁੜਿਆ ਹੋਇਆ ਹੈ। ਪਰ ਨੌਜਵਾਨ ਵਰਗ ਦਾ ਦੂਰ ਹੋਣਾ, ਨਵੀਂ ਲੀਡਰਸ਼ਿਪ ਦੀ ਘਾਟ ਅਤੇ ਅੰਦਰੂਨੀ ਧੜੇਬੰਦੀ ਪਾਰਟੀ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਗੁਰਦਾਸਪੁਰ ਜ਼ਿਲ੍ਹੇ ਅੰਦਰ ਹੀ ਅਕਾਲੀ ਦਲ ਕਈ ਧੜਿਆਂ ਵਿੱਚ ਵੰਡਿਆ ਨਜ਼ਰ ਆਇਆ ਅਤੇ ਸੀਨੀਅਰ ਲੀਡਰਸ਼ਿਪ, ਖ਼ਾਸ ਕਰਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਥਾਨਕ ਆਗੂਆਂ ਨੂੰ ਇਕਜੁੱਟ ਕਰਨ ਵਿੱਚ ਅਸਫਲ ਰਹੇ। ਇਸ ਦੇ ਨਾਲ ਹੀ ਵੱਖ-ਵੱਖ ਪੰਥਕ ਆਗੂਆਂ ਦਾ ਪਾਰਟੀ ਤੋਂ ਦੂਰ ਹੋਣਾ ਵੀ ਅਕਾਲੀ ਦਲ ਦੇ ਵੋਟ ਬੈਂਕ ਲਈ ਵੱਡਾ ਝਟਕਾ ਸਾਬਤ ਹੋ ਰਿਹਾ ਹੈ। ਕੁੱਲ ਮਿਲਾਕੇ, 2025 ਵਿਚ ਗੁਰਦਾਸਪੁਰ ਦੀ ਸਿਆਸਤ ਕਾਫ਼ੀ ਗਤੀਸ਼ੀਲ ਅਤੇ ਬਦਲਾਅ ਭਰੀ ਰਹੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹੀ ਪਾਰਟੀ ਮਜ਼ਬੂਤ ਰਹੇਗੀ ਜੋ ਪਿੰਡ ਪੱਧਰ ’ਤੇ ਕੰਮ, ਮਜ਼ਬੂਤ ਸੰਗਠਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖੇਗੀ। ਫ਼ਿਲਹਾਲ ਸਿਆਸੀ ਸਮੀਕਰਨ ਅਜੇ ਪੂਰੀ ਤਰ੍ਹਾਂ ਸਥਿਰ ਨਹੀਂ ਹੋਏ ਅਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਗੁਰਦਾਸਪੁਰ ਦੀ ਸਿਆਸਤ ਕਿਹੜੀ ਦਿਸ਼ਾ ਵੱਲ ਮੋੜ ਲੈਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ! ਤੈਸ਼ 'ਚ ਆਏ ਪ੍ਰਵਾਸੀ ਨੇ ਮਾਲਕ ਦਾ ਕਰ 'ਤਾ ਕਤਲ
NEXT STORY