ਲੁਧਿਆਣਾ (ਜ. ਬ.) : ਫੋਕਲ ਪੁਆਇੰਟ ਜ਼ਮੀਲਪੁਰ ਕਾਲੋਨੀ ਸ੍ਰੀ ਅਯੋਧਾ ਮੰਦਰ ਨੇੜੇ ਡਿਪੂ ਹੋਲਡਰ ਵਲੋਂ ਕਣਕ ਲੈਣ ਆਏ ਅਪਾਹਿਜ ਬਜ਼ੁਰਗ ਜੋੜੇ ਨਾਲ ਦੁਰਵਿਵਹਾਰ ਕੀਤੇ ਜਾਣ ਨੂੰ ਲੈ ਕੇ ਮਾਹੌਲ ਭੱਖ ਗਿਆ। ਦੱਸ ਦਈਏ ਕਿ ਕਣਕ ਲੈਣ ਆਏ ਅਪਾਹਿਜ ਬਜ਼ੁਰਗ ਵਿਅਕਤੀ ਰਾਮ ਸਕਲ, ਸ਼ਾਂਤੀ ਦੇਵੀ ਅਤੇ ਹੋਰਨਾਂ ਨੇ ਮਾਮਲੇ ਦੀ ਜਾਣਕਾਰੀ ਕੌਂਸਲਰ ਨੂੰ ਦਿੱਤੀ। ਕੌਂਸਲਰ ਪਤੀ ਸੰਦੀਪ ਗੌਰਵ ਭੱਟੀ ਸਾਥੀਆਂ ਸਮੇਤ ਬਜ਼ੁਰਗ ਨੂੰ ਲੈ ਕੇ ਡਿਪੂ 'ਤੇ ਪਹੁੰਚ ਗਏ। ਕਾਰਡ ਹੋਲਡਰ ਰਾਮ ਸਕਲ, ਸ਼ਾਂਤੀ ਦੇਵੀ ਹੋਰਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪਿਛਲੀ ਵਾਰ ਵੀ ਕਣਕ ਨਹੀਂ ਦਿੱਤੀ ਗਈ ਸੀ। ਇਸ ਵਾਰ ਜਦੋਂ ਉਹ ਕਣਕ ਲੈਣ ਪਹੁੰਚੇ ਤਾਂ ਡਿਪੂ ਹੋਲਡਰ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਕਣਕ ਵੀ ਨਹੀਂ ਦਿੱਤੀ।
ਰਾਮ ਸਕਲ ਨੇ ਕਿਹਾ ਕਿ ਉਸ ਦਾ ਹੱਥ ਕੱਟਿਆ ਹੋਇਆ ਹੈ ਅਤੇ ਅੱਖ ਵੀ ਖਰਾਬ ਹੈ। ਉਸ ਦੇ ਘਰ ਆਟਾ ਨਾ ਹੋਣ ਕਰ ਕੇ ਭੁੱਖੇ ਮਰਨ ਦੀ ਨੋਬਤ ਆ ਗਈ ਹੈ। ਕੌਂਸਲਰ ਨੇ ਉਨ੍ਹਾਂ ਘਰ ਆਟਾ ਭਿਜਾਵਾਇਆ ਤਾਂ ਰੋਟੀ ਪੱਕ ਸਕੀ। ਡਿਪੂ ਹੋਲਡਰ ਨਿਤ ਨਵੇਂ ਬਹਾਨੇ ਘੜ ਕੇ ਉਨ੍ਹਾਂ ਦੇ ਚੱਕਰ ਲਗਵਾ ਰਿਹਾ ਹੈ।
ਉਥੇ ਹੀ ਡਿਪੂ ਮਾਲਕ ਸਤੀਸ਼ ਕੁਮਾਰ ਨੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਸ ਨੇ ਦੱਸਿਆ ਕਿ ਮਸ਼ੀਨ ਰਾਹੀਂ ਅਪਾਹਿਜ ਬਜ਼ੁਰਗ ਲਾਭਪਾਤਰੀ ਦੀ ਪਰਚੀ ਨਾ ਨਿਕਲਣ ਅਤੇ ਇੰਸਪੈਕਟਰ ਦੇ ਮੌਕੇ 'ਤੇ ਨਾ ਹੋਣ ਕਰ ਕੇ ਕਣਕ ਨਹੀਂ ਵੰਡੀ ਜਾ ਸਕੀ। ਕੌਂਸਲਰ ਪਤੀ ਭੱਟੀ ਨੇ ਸਾਥੀਆਂ ਨਾਲ ਦਬਾਅ ਬਣਾ ਕੇ ਇੰਸਪੈਕਟਰ ਦੀ ਮੌਜੂਦਗੀ 'ਚ ਬਜ਼ੁਰਗ ਨੂੰ ਕਣਕ ਦੀ ਬੋਰੀ ਦੇ ਦਿੱਤੀ। ਭੱਟੀ ਨੇ ਕਿਹਾ ਅਪਾਹਿਜ ਬਜ਼ੁਰਗ ਨੂੰ ਡਿਪੂ ਹੋਲਡਰ ਵਲੋਂ ਪ੍ਰੇਸ਼ਾਨ ਕੀਤੇ ਜਾਣਾ ਸ਼ਰਮ ਵਾਲੀ ਗੱਲ ਹੈ।
ਮੌਕੇ 'ਤੇ ਪੁੱਜੇ ਇੰਸਪੈਕਟਰ ਧੀਰਜ ਨੇ ਕਿਹਾ ਕਿ ਉਸ ਨੇ ਡਿਪੂ ਹੋਲਡਰ ਨੂੰ ਪਹੁੰਚਣ ਬਾਰੇ ਸੂਚਿਤ ਕਰ ਦਿੱਤਾ ਸੀ। ਉਸ ਦੇ ਪਹੁੰਚਣ ਤੋਂ ਪਹਿਲਾਂ ਮਾਹੌਲ ਗਰਮਾਇਆ ਹੋਇਆ ਸੀ। ਕੌਂਸਲਰ ਭੱਟੀ ਨੇ ਕਿਹਾ ਕਿ ਮਾਮਲੇ ਦੀ ਵਿਭਾਗ ਕੋਲ ਸ਼ਿਕਾਇਤ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਗਰੀਬ ਨਾਲ ਧੱਕੇਸ਼ਾਹੀ ਅਤੇ ਦੁਰਵਿਵਹਾਰ ਨਾ ਹੋਵੇ।
ਘੁਬਾਇਆ ਨੂੰ ਪਾਰਟੀ 'ਚੋਂ ਕੱਢਿਆ ਗਿਆ : ਅਕਾਲੀ ਦਲ
NEXT STORY