ਡੇਰਾ ਬਾਬਾ ਨਾਨਕ (ਵਤਨ) : ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ 33ਵੇਂ ਦਿਨ ਵੀ ਸ਼ਰਧਾਲੂਆਂ ਦੀ ਗਿਣਤੀ 'ਚ ਵਾਧਾ ਨਹੀਂ ਹੋਇਆ। 33ਵੇਂ ਦਿਨ 389 ਸ਼ਰਧਾਲੂ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਧੁੱਸੀ ਬੰਨ੍ਹ 'ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਦੂਰੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ। ਬੀਤੇ ਕੁਝ ਦਿਨਾਂ ਤੋਂ ਬੱਦਲਵਾਈ ਅਤੇ ਧੁੰਦ ਕਾਰਣ ਵੀ ਸੰਗਤਾਂ ਦੀ ਆਮਦ ਆਮ ਦਿਨਾਂ ਦੇ ਮੁਕਾਬਲੇ ਕੁਝ ਘਟੀ ਹੈ ਪਰ ਸੰਗਤਾਂ ਦਾ ਉਤਸ਼ਾਹ ਅਜੇ ਘੱਟ ਨਹੀਂ ਹੋਇਆ ਅਤੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਦਰਸ਼ਨ ਕਰਨ ਵਾਲੀ ਸੰਗਤ ਉਸੇ ਤਰ੍ਹਾਂ ਸਰਹੱਦ 'ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੀ ਹੈ।
ਇਸ ਤਰ੍ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਸੰਗਤ ਨਾਲ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਅਤੇ ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਸੰਗਤ ਨਾਲ ਕਸਬੇ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਵੱਲੋਂ ਬੀਬੀ ਜਗੀਰ ਕੌਰ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਉਹ ਸੰਗਤ ਨਾਲ 5 ਲਾਂਗਰੀ ਵੀ ਨਾਲ ਲਿਜਾ ਰਹੇ ਹਨ, ਜੋ ਕਿ ਅੱਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਣਨ ਵਾਲੇ ਲੰਗਰ ਵਿਚ ਉਥੋਂ ਦੀ ਸੰਗਤ ਦੀ ਸਹਾਇਤਾ ਕਰਨਗੇ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸੇਵਾ ਕਰ ਕੇ ਵਡਭਾਗੇ ਬਣਨਗੇ। ਉਨ੍ਹਾਂ ਦੱਸਿਆ ਕਿ ਅੱਜ ਉਹ ਵੱਡੀ ਮਾਤਰਾ 'ਚ ਲੰਗਰ ਲਈ ਰਸਦ ਵੀ ਨਾਲ ਲੈ ਕੇ ਜਾ ਰਹੇ ਹਨ। ਇਸ ਮੌਕੇ ਤਜਿੰਦਰ ਸਿੰਘ ਪੱਡਾ, ਸਤਿੰਦਰ ਸਿੰਘ ਮੈਨੇਜਰ ਬਾਬਾ ਬਕਾਲਾ ਅਤੇ ਚੇਅਰਮੈਨ ਅਬਲੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਚਿਤਕਾਰਾ ਯੂਨੀਵਰਸਿਟੀ 'ਚ ਦਿਨ ਭਰ ਰਿਹਾ ਹੰਗਾਮਾ, ਜਾਂਚ 'ਚ ਰੇਪ ਦੀ ਸ਼ਿਕਾਇਤ ਨਿਕਲੀ ਝੂਠੀ
NEXT STORY