ਡੇਰਾ ਬਾਬਾ ਨਾਨਕ (ਵਤਨ) : ਇਕ ਪਾਸੇ ਬੀਤੇ ਦਿਨ ਸ੍ਰੀ ਨਨਕਾਣਾ ਸਾਹਿਬ ਵਿਖੇ ਮੁਸਲਮਾਨਾਂ ਵਲੋਂ ਹਿੰਸਕ ਘਟਨਾਵਾਂ ਕੀਤੀਆਂ ਗਈਆਂ, ਜਿਸ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਅਤੇ ਸਿੱਖਾਂ ਵਿਚ ਰੋਸ ਦੀ ਲਹਿਰ ਫੈਲ ਗਈ, ਉੱਥੇ ਹੀ ਦੂਜੇ ਪਾਸੇ ਵੰਡ ਤੋਂ ਬਾਅਦ ਪਹਿਲੀ ਵਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ ਗਿਆ। ਇਸ ਵਿਚ ਭਾਰਤ ਵਾਲੇ ਪਾਸਿਉਂ ਕਰਤਾਰਪੁਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਦੋ ਸਿੱਖਾਂ ਵੱਲੋਂ ਪੰਜ ਪਿਆਰਿਆਂ ਦੀ ਸੇਵਾ ਨਿਭਾਈ ਗਈ।
ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਅਨਾਊਂਸਮੈਂਟ ਕੀਤੀ ਗਈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ ਜਾਣਾ ਹੈ ਅਤੇ ਜੇਕਰ ਕੋਈ ਪੂਰਨ ਸਿੱਖ ਇਸ ਨਗਰ ਕੀਰਤਨ ਵਿਚ ਪੰਜ ਪਿਆਰਿਆਂ ਦੀ ਸੇਵਾ ਨਿਭਾਉਣਾ ਚਾਹੁੰਦਾ ਹੈ ਤਾਂ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਸੰਪਰਕ ਕਰੇ। ਇਸ 'ਤੇ ਜ਼ਿਲਾ ਗੁਰਦਾਸਪੁਰ ਦੇ ਵਡਾਲਾ ਬਾਂਗਰ ਦੇ ਨਿਵਾਸੀ ਅਤੇ ਸੁਖਮਨੀ ਸੇਵਾ ਸੋਸਾਇਟੀ ਵਡਾਲਾ ਬਾਂਗਰ ਦੇ ਮੁਖੀ ਬਲਦੇਵ ਸਿੰਘ ਵੱਲੋਂ ਪੰਜ ਪਿਆਰਿਆਂ ਦੀ ਸੇਵਾ ਨਿਭਾਈ ਗਈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਵੀ ਇਕ ਸ਼ਰਧਾਲੂ ਨੇ ਇਹ ਸੇਵਾ ਨਿਭਾਈ, ਜਦਕਿ ਤਿੰਨ ਹੋਰ ਪਿਆਰੇ ਪਾਕਿਸਤਾਨ ਨਾਲ ਸਬੰਧਤ ਸਿੱਖ ਸਨ। ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਆਪ ਨੂੰ ਬੜਾ ਵਡਭਾਗਾ ਸਮਝਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ 'ਤੇ ਆਜ਼ਾਦੀ ਤੋਂ ਬਾਅਦ ਪਹਿਲੇ ਨਗਰ ਕੀਰਤਨ ਵਿਚ ਉਨ੍ਹਾਂ ਨੂੰ ਪੰਜ ਪਿਆਰਿਆਂ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਦਾ ਮਾਣ ਉਨ੍ਹਾਂ ਨੂੰ ਸਾਰੀ ਉਮਰ ਰਹੇਗਾ। ਇਸ ਨਗਰ ਕੀਰਤਨ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਪਰਿਕਰਮਾ ਵੀ ਕੀਤੀ ਗਈ ਅਤੇ ਸੰਗਤ ਵੱਲੋਂ ਇਸ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ।
ਰੇਡ ਕਰਨ ਗਈ ਪੁਲਸ ਪਾਰਟੀ 'ਤੇ ਨਸ਼ਾ ਤਸਕਰਾਂ ਨੇ ਕੀਤਾ ਹਮਲਾ (ਵੀਡੀਓ)
NEXT STORY