ਸੁਲਤਾਨਪੁਰ ਲੋਧੀ/ਜਲੰਧਰ (ਧੀਰ)— ਨਸ਼ੇ ਦੀ ਵਿਕਰੀ ਵਜੋਂ ਪ੍ਰਸਿੱਧ ਪਿੰਡ ਲਾਟੀਆਂਵਾਲ ਵਿਖੇ ਰੇਡ ਕਰਨ ਆਈ ਪੁਲਸ ਟੀਮ 'ਤੇ ਸਬੰਧਤ ਪਰਿਵਾਰ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧੀ ਵਾਇਰਲ ਹੋਈ ਇਕ ਵੀਡਿਓ 'ਚ 2 ਪੁਲਸ ਕਰਮੀ ਜ਼ਖਮੀ ਨਜ਼ਰ ਆ ਰਹੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਤੋਂ ਆਈ ਪੁਲਸ ਟੀਮ ਵੱਲੋਂ ਛਾਪੇਮਾਰੀ ਦੌਰਾਨ ਇਕ ਪਰਿਵਾਰ ਦੀ ਔਰਤ ਨੂੰ ਜਬਰੀ ਗੱਡੀ 'ਚ ਬਿਠਾਉਣਾ ਚਾਹਿਆ ਤਾਂ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਪੁਲਸ ਪਾਰਟੀ ਉਪਰ ਹਮਲਾ ਕਰ ਦਿੱਤਾ। ਪਿੰਡ ਦੇ ਹੀ ਕੁਝ ਲੋਕਾਂ ਨੇ ਦੱਬੀ ਜੁਬਾਨ 'ਚ ਦਸਿਆ ਕਿ ਹਮਲਾਵਰਾਂ ਨੇ ਪੁਲਸ ਪਾਰਟੀ ਨੂੰ ਲਹੁ ਲੁਹਾਣ ਕਰ ਦਿੱਤਾ ਅਤੇ ਉਨ੍ਹਾਂ ਦੀ ਗੱਡੀ ਦੀ ਵੀ ਭੰਨ-ਤੋੜ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਨੂੰ ਲੋਕਲ ਚੌਕੀ ਦੀ ਪੁਲਸ ਨੂੰ ਨਾਲ ਲੈ ਕੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਨੂੰ ਨਾਲ ਲੈ ਕੇ ਛਾਪੇਮਾਰੀ ਕਰਨੀ ਚਾਹੀਦੀ ਸੀ। ਮੌਕੇ 'ਤੇ ਪੁੱਜੇ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸ: ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਲੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ ਅਤੇ ਸਾਡੇ ਕੋਲ ਕੋਈ ਵੀ ਸ਼ਿਕਾਇਤ ਨਹੀਂ ਆਈ ਅਤੇ ਸ਼ਿਕਾਇਤ ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਡੀ. ਐੱਸ. ਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ, ਉਹ ਇਸ ਦਾ ਹੁਣੇ ਹੀ ਪਤਾ ਕਰਵਾਉਂਦੇ ਹਨ। ਪਿੰਡ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਪੁਲਸ ਵੱਲੋਂ ਖਿੱਚ ਧੂਹ ਦੌਰਾਨ ਗੋਲੀ ਵੀ ਚਲਾਈ ਗਈ ਜੋ ਪਰਿਵਾਰ ਦੀ ਇਕ ਔਰਤ ਦੇ ਪੈਰ 'ਤੇ ਲੱਗੀ। ਇਸ ਸਬੰਧੀ ਵੀਡੀਓ ਵਾਇਰਲ ਹੋਣ ਉਪਰੰਤ ਇਲਾਕੇ 'ਚ ਇਸ ਮਸਲੇ ਨੂੰ ਲੈ ਕੇ ਕਾਫੀ ਚਰਚਾ ਹੈ ਪਰ ਸਥਿਤੀ ਸਪੱਸ਼ਟ ਨਾ ਹੋਣ ਕਰਕੇ ਇਹ ਘਟਨਾ ਇਕ ਪਹੇਲੀ ਬਣੀ ਹੋਈ ਹੈ।
ਹਰਦੀਪ ਪੁਰੀ ਦੀ ਬਿਆਨਬਾਜ਼ੀ ਨਾਲ ਸਿੱਖਾਂ ਦੇ ਦਿਲਾਂ ਨੂੰ ਵੱਜੀ ਸੱਟ : ਜਾਖੜ
NEXT STORY