ਮੱਲਾਂਵਾਲਾ (ਜਸਪਾਲ ਸਿੰਘ) : ਪਿਛਲੇ ਕੁਝ ਦਿਨਾਂ ਤੋਂ ਡੇਰਾ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਵਿਚ ਨਾਮ ਚਰਚਾ ਨੂੰ ਲੈ ਕੇ ਵਧੇ ਤਨਾਅ ਕਾਰਨ ਸੁਰੱਖਿਆ ਦੇ ਮੱਦੇ ਨਜ਼ਰ ਪੰਜਾਬ ਪੁਲਸ ਵੱਲੋਂ ਜਿਥੇ ਪੂਰੇ ਪੰਜਾਬ ਵਿਚ ਭਾਰੀ ਪੁਲਸ ਨੂੰ ਹਰ ਸ਼ਹਿਰ ਕਸਬੇ ਵਿਚ ਤਾਇਨਾਤ ਕੀਤਾ ਗਿਆ ਹੈ। ਉਥੇ ਹੀ ਬੀਤੀ 25 ਫਰਵਰੀ ਨੂੰ ਮੱਲਾਂਵਾਲਾ ਵਿਚ ਨਾਮ ਚਰਚਾ ਨੂੰ ਲੈ ਕੇ ਡੇਰਾ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਵਿਚ ਹੋਏ ਝਗੜੇ ਕਾਰਨ ਇਲਾਕੇ ਵਿਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ। ਇਸ ਵਿਵਾਦ ਦੇ ਚਲਦਿਆਂ ਜਿਥੇ ਪੁਲਸ ਵੱਲੋਂ ਕਿਸੇ ਕਿਸਮ ਦੀ ਕੋਈ ਲਾਪ੍ਰਵਾਹੀ ਨਹੀਂ ਵਰਤੀ ਜਾ ਰਹੀ, ਉਥੇ ਹੀ ਡੇਰਾ ਪ੍ਰੇਮੀ ਰਾਮ ਆਸਰਾ ਪਰਿਵਾਰ ਸਮੇਤ 27 ਫਰਵਰੀ ਨੂੰ ਆਪਣੇ ਘਰ ਨੂੰ ਤਾਲਾ ਲਾ ਕੇ ਰੂਪੋਸ਼ ਹੋ ਗਿਆ ਹੈ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।
ਜ਼ਿਕਰਯੋਗ ਹੈ ਕਿ 25 ਫਰਵਰੀ ਨੂੰ ਡੇਰਾ ਪ੍ਰੇਮੀ ਰਾਮ ਆਸਰਾ ਨੇ ਆਪਣੇ ਘਰ 'ਚ ਨਾਮ ਚਰਚਾ ਕਰਵਾਈ ਸੀ, ਜਿਸ ਦੀ ਭਿਣਕ ਸਿੱਖ ਜਥੇਬੰਦੀਆਂ ਨੂੰ ਮਿਲਣ ਤੇ ਵੱਡੀ ਗਿਣਤੀ ਵਿਚ ਪੰਥਕ ਆਗੂ ਇਕੱਠੇ ਹੋ ਗਏ। ਇਸ ਮੌਕੇ ਪੰਜਾਬ ਪੁਲਸ ਵੱਲੋਂ ਪਹਿਲਾਂ ਤੋਂ ਹੀ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਵੱਡੀ ਘਟਨਾ ਹੋਣ ਤੋਂ ਤਾਂ ਬਚਾਅ ਰਿਹਾ ਪਰ ਜਦੋਂ ਬਾਹਰ ਤੋਂ ਆਏ ਕੁਝ ਡੇਰਾ ਪ੍ਰੇਮੀ ਨਾਮ ਚਰਚਾ ਵਿਚ ਸ਼ਾਮਲ ਹੋਣ ਲੱਗੇ ਤਾਂ ਸਿੱਖ ਜਥੇਬੰਦੀਆਂ ਦਾ ਉਨ੍ਹਾਂ ਨਾਲ ਟਕਰਾਅ ਹੋ ਗਿਆ। ਇਸ ਤੋਂ ਇਲਾਵਾ ਡੇਰਾ ਪ੍ਰੇਮੀਆਂ ਵੱਲੋਂ ਚਾਰ ਸਿੱਖ ਨੌਜਵਾਨਾਂ ਗੁਰਸੇਵਕ ਸਿੰਘ ਲਾਡੀ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਅਤੇ ਦੋ ਪੁਲਸ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਗਈਆਂ ਸਨ।
ਇਸ ਸਭ ਘਟਨਾਕ੍ਰਮ ਕਾਰਨ ਰਾਮ ਆਸਰਾ ਦੇ ਘਰ ਵਾਲੇ ਮੁਹੱਲੇ ਦੇ ਲੋਕ (ਜਿਥੇ ਨਾਮ ਚਰਚਾ ਹੋਈ ਸੀ) ਕਈ ਦਿਨ ਬੀਤਣ ਦੇ ਬਾਆਦ ਵੀ ਸਹਿਮੇ ਹੋਏ ਹਨ। ਡੇਰਾ ਪ੍ਰੇਮੀ ਰਾਮ ਆਸਰਾ ਦੇ ਬਿਆਨ 'ਤੇ ਬੀਤੇ ਦਿਨੀਂ ਏਕ ਨੂਰ ਖਾਲਸਾ ਫੌਜ ਦੇ ਆਗੂ ਬਾਬਾ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ 70-80 ਸਾਥੀਆਂ ਖਿਲਾਫ ਥਾਣਾ ਮੱਲਾਂਵਾਲਾ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਸਬੰਧ ਵਿਚ ਪੁਲਸ ਨੇ ਮੱਲਾਂਵਾਲਾ, ਮੱਖੂ ਅਤੇ ਫਿਰੋਜ਼ਪੁਰ ਇਲਾਕੇ ਵਿਚੋਂ ਬਾਬਾ ਦਿਲਬਾਗ ਸਿੰਘ ਆਰਿਫ ਕੇ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਜਿਥੋਂ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ ਗਿਆ।