ਲੁਧਿਆਣਾ, (ਸਰਬਜੀਤ ਸਿੱਧੂ)— ਮਾਰੂਥਲੀ ਟਿੱਡੀਆਂ ਪਿਛਲੇ ਕਈ ਦਹਾਕਿਆਂ ਤੋਂ 90 ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰ ਕੇ ਮਨੁੱਖ ਤੇ ਬਨਸਪਤੀ ਦਾ ਨੁਕਸਾਨ ਕਰਦੀਆਂ ਆ ਰਹੀਆਂ ਹਨ। ਇਸ ਨੇ ਅਫ਼ਰੀਕਾ ਤੋਂ ਲੈ ਕੇ ਏਸ਼ੀਆ ਦੇ ਦੇਸ਼ਾਂ ਤਕ ਮਾਰ ਕੀਤੀ ਹੈ।
ਇਤਿਹਾਸ
ਟਿੱਡੀ ਦਲ ਦੇ ਛੋਟੇ ਝੁੰਡ ਪੰਜਾਬ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ 'ਚ ਸਰਦੀ ਦਾ ਸਮਾਂ ਲੁਕ ਕੇ ਗੁਜ਼ਾਰਦੇ ਹਨ। ਇਹ ਝੁੰਡ ਬਹਾਰ ਰੁੱਤ 'ਚ ਇਕ ਨਵੀਂ ਪੀੜ੍ਹੀ ਨੂੰ ਜਨਮ ਦਿੰਦਾ ਹੈ ਜੋ ਕਿ 1941, 1945, 1951, 1955 ਤੇ 1962 ਦੌਰਾਨ ਹੋ ਚੁੱਕਿਆ ਹੈ। ਆਮ ਤੌਰ 'ਤੇ ਮੱਧ-ਅਕਤੂਬਰ 'ਚ ਉਤਰ-ਪੂਰਬੀ ਹਵਾਵਾਂ ਚੱਲਣ ਲੱਗ ਪੈਂਦੀਆਂ ਹਨ ਜੋ ਟਿੱਡੀਆਂ ਦੇ ਝੁੰਡ ਨੂੰ ਵਾਪਸ ਪੱਛਮ ਦਿਸ਼ਾ 'ਚ ਉਨ੍ਹਾਂ ਇਲਾਕਿਆਂ ਵੱਲ ਧੱਕ ਦਿੰਦੀਆਂ ਹਨ, ਜਿੱਥੇ ਸਰਦੀ/ਬਹਾਰ ਰੁੱਤ ਵਿਚ ਬਰਸਾਤਾਂ ਹੁੰਦੀਆਂ ਹਨ (ਦੱਖਣ-ਪੂਰਬੀ ਇਰਾਨ ਅਤੇ ਦੱਖਣ-ਪੱਛਮੀ ਪਾਕਿਸਤਾਨ)। ਪੰਜਾਬ 'ਚ 1962 ਤੋਂ ਬਾਅਦ ਟਿੱਡੀ ਦਲ ਦਾ ਕੋਈ ਹਮਲਾ ਨਹੀਂ ਹੋਇਆ, ਪਰ ਸਾਲ 1993 'ਚ ਟਿੱਡੀਆਂ (ਝੁੰਡ ਤੋਂ ਬਿਨਾਂ) ਕਿਤੇ-ਕਿਤੇ ਦੇਖਣ ਨੂੰ ਮਿਲੀਆਂ ਜਿਨ੍ਹਾਂ 'ਤੇ ਅਸਾਨੀ ਨਾਲ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਵੀ ਟਿੱਡੀਆਂ ਦੇ ਛੋਟੇ ਹਮਲੇ ਹੁੰਦੇ ਰਹੇ ਹਨ ਪਰ ਪਿਛਲੇ ਤਿੰਨ ਦਹਾਕਿਆਂ 'ਚ ਇਸ ਸਾਲ ਟਿੱਡੀ ਦਲ ਦਾ ਸਭ ਤੋਂ ਵੱਡਾ ਹਮਲਾ ਹੈ।
ਸਰਹੱਦਾਂ ਤੋਂ ਪਾਰ
ਟਿੱਡੀ ਇਕ ਸਰਵਾਹਾਰੀ ਤੇ ਪ੍ਰਵਾਸੀ ਕੀੜਾ ਹੈ ਤੇ ਇਸ 'ਚ ਸਮੂਹਿਕ ਰੂਪ ਨਾਲ ਸੈਂਕੜੇ ਕਿਲੋਮੀਟਰ ਉੱਡਣ ਦੀ ਸਮਰੱਥਾ ਹੈ। ਇਹ ਇਕ ਟਰਾਂਸ-ਬਾਰਡਰ ਕੀੜਾ ਹੈ ਅਤੇ ਵੱਡੇ ਝੁੰਡ 'ਚ ਫਸਲਾਂ 'ਤੇ ਹਮਲਾ ਕਰਦਾ ਹੈ। ਧਰਤੀ ਦੇ ਪੰਜਵੇਂ ਜ਼ਮੀਨੀ ਹਿੱਸੇ ਨੂੰ ਕਵਰ ਕਰ ਸਕਦੇ ਹਨ। ਰੇਗਿਸਤਾਨੀ ਟਿੱਡੀ ਦੀ ਮੁਸੀਬਤ ਦੁਨੀਆ ਦੀ ਮਨੁੱਖੀ ਆਬਾਦੀ ਦੇ ਦਸਵੇਂ ਹਿੱਸੇ ਦੀ ਆਰਥਿਕ ਜੀਵਕਾ ਲਈ ਖਤਰਾ ਹੋ ਸਕਦੀ ਹੈ। ਰੇਗਿਸਤਾਨ 'ਚ ਟਿੱਡੀਆਂ ਦੇ ਝੁੰਡ ਗਰਮੀ ਦੇ ਮਾਨਸੂਨ ਦੇ ਮੌਸਮ ਦੌਰਾਨ ਅਫ਼ਰੀਕਾ/ਖਾੜੀ/ਦੱਖਣੀ ਪੱਛਮੀ ਏਸ਼ੀਆ ਤੋਂ ਭਾਰਤ ਆਉਂਦੇ ਹਨ ਤੇ ਬਹਾਰ ਦੇ ਮੌਸਮ ਦੇ ਪ੍ਰਜਣਨ ਲਈ ਇਰਾਨ, ਖਾੜੀ ਅਤੇ ਅਫ਼ਰੀਕੀ ਦੇਸ਼ਾਂ ਵੱਲ ਵਾਪਸ ਜਾਂਦੇ ਹਨ। 30 ਦੇਸ਼ਾਂ 'ਚ 160 ਲੱਖ ਵਰਗ ਕਿਲੋਮੀਟਰ ਦਾ ਖੇਤਰ ਟਿੱਡਿਆਂ ਦੇ ਹਮਲੇ ਤੋਂ ਪ੍ਰਭਾਵਿਤ ਹੈ ਜਦਕਿ 60 ਦੇਸ਼ਾਂ 'ਚ 290 ਲੱਖ ਵਰਗ ਦਾ ਖੇਤਰ ਹਮਲੇ ਦੇ ਖ਼ਤਰੇ ਹੇਠ ਹੈ।
ਵਿਸ਼ੇਸ਼ਤਾਵਾਂ
ਇਹ ਮੌਸਮੀ ਕੀੜਾ ਜਿਸ 'ਚ ਹਰ ਸਾਲ 2 ਤੋਂ 3 ਪੀੜ੍ਹੀਆਂ ਹੁੰਦੀਆਂ ਹਨ ਤੇ ਇਸ ਦਾ ਜੀਵਨ ਚੱਕਰ 12 ਹਫਤਿਆਂ ਦਾ ਹੁੰਦਾ ਹੈ। ਇਹ ਹਰ ਦੋ ਹਫਤਿਆਂ ਬਾਅਦ ਅੰਡੇ ਦਿੰਦੀਆਂ ਹਨ। ਇਹ ਕੀੜੇ ਅਨੁਕੂਲ ਹਾਲਾਤਾਂ ਅਧੀਨ ਵਧਦੇ ਅਤੇ ਗੁਣਾ ਕਰਦੇ ਹਨ। ਇਕ ਖੇਤਰ ਵਿਚ ਬਨਸਪਤੀ ਖਤਮ ਕਰਨ ਤੋਂ ਬਾਅਦ ਉਹ ਦੂਸਰੇ ਖੇਤਰਾਂ 'ਚ ਚਲੇ ਜਾਂਦੇ ਹਨ। ਇਹ ਹਰ ਰੋਜ਼ ਆਪਣੇ ਭਾਰ ਤੱਕ ਦਾ ਭੋਜਨ ਕਰਦੇ ਹਨ। ਇਹ ਮਾਰੂਥਲੀ ਟਿੱਡੀਆਂ 150 ਕਿਲੋਮੀਟਰ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਂਡਾ ਤੈਅ ਕਰ ਸਕਦੀਆਂ ਹਨ। ਪ੍ਰਜਨਣ ਲਈ ਅਨੁਕੂਲ ਵਾਤਾਵਰਨ ਲੱਭਣ ਲਈ ਉਨ੍ਹਾਂ ਦੇ ਜੀਵਨ ਕਾਲ 'ਚ ਤਕਰੀਬਨ 2000 ਕਿਲੋਮੀਟਰ ਦੀ ਯਾਤਰਾ ਕਰ ਸਕਦੀਆਂ ਹਨ।
ਖੁਰਾਕ ਸੁਰੱਖਿਆ ਸੰਕਟ
ਜੇਕਰ ਮਾਰੂਥਲੀ ਟਿੱਡੀਆਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਖੁਰਾਕ ਸੁਰੱਖਿਆ ਸੰਕਟ ਜਾਂ ਅਕਾਲ ਪੈਦਾ ਕਰ ਸਕਦੀਆਂ ਹਨ। ਇਤਿਹਾਸਕ ਤੌਰ 'ਤੇ ਮਾਰੂਥਲੀ ਟਿੱਡੀਆਂ ਦੇ ਝੁੰਡ ਪੂਰਬੀ ਅਫਰੀਕਾ ਅਤੇ ਦੱਖਣੀ ਪੱਛਮੀ ਅਫਰੀਕਾ 'ਚ ਖੇਤੀ ਉਤਪਾਦਨ ਅਤੇ ਖ਼ੁਰਾਕੀ ਸੁਰੱਖਿਆ ਲਈ ਹਮੇਸ਼ਾ ਇਕ ਖ਼ਤਰਾ ਰਹੇ ਹਨ।
ਪਟਿਆਲਾ 'ਚ ਕੋਰੋਨਾ ਦੇ 3 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 296 ਸੈਂਪਲਾਂ ਦੀ ਰਿਪੋਰਟ ਨੈਗੇਟਿਵ
NEXT STORY