ਸੁਰਸਿੰਘ/ਭਿੱਖੀਵਿੰਡ, (ਗੁਰਪ੍ਰੀਤ ਢਿੱਲੋਂ)- ਜਨਾਨਾ ਰੋਗ ਮਾਹਿਰ, ਆਪ੍ਰੇਸ਼ਨਾਂ ਦੇ ਮਾਹਿਰ ਤੇ ਹੋਰ ਮਾਹਿਰ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਦੀਆਂ ਮੁਸ਼ਕਿਲਾਂ ਨੂੰ ਝੱਲ ਰਹੇ ਸੀ. ਐੱਚ. ਸੀ. ਸੁਰਸਿੰਘ ਨੇ ਨਾ ਸਿਰਫ ਪਰਿਵਾਰ ਨਿਯੋਜਨ ਦੇ ਮਾਮਲਿਆਂ ਵਿਚ ਵੱਡੀਆਂ ਪ੍ਰਾਪਤੀਆਂ ਕਰ ਦਿਖਾਈਆਂ ਹਨ, ਸਗੋਂ ਜਣੇਪਾ ਕੇਸਾਂ 'ਚ ਵੀ ਆਪਣਾ ਰਿਕਾਰਡ ਬਾਦਸਤੂਰ ਕਾਇਮ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਬੇਸ਼ੱਕ ਸਰਕਾਰ ਨੇ ਇਸ ਹਸਪਤਾਲ ਨੂੰ 100 ਬੈੱਡਾਂ ਦਾ ਐਲਾਨ ਦਿੱਤਾ ਸੀ ਪਰ ਇਸ 'ਚ ਮਾਹਿਰ ਡਾਕਟਰਾਂ ਦੀ ਘਾਟ ਸ਼ੁਰੂ ਤੋਂ ਹੀ ਬਣੀ ਹੋਈ ਹੈ। ਇਸ ਹਸਪਤਾਲ 'ਚ ਨਾ ਤਾਂ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਦੀ ਅਸਾਮੀ ਵੱਲ ਬੀਤੇ ਲੰਬੇ ਸਮੇਂ ਤੋਂ ਸਰਕਾਰ ਦੀ ਸਵੱਲੀ ਨਜ਼ਰ ਪਈ ਹੈ ਅਤੇ ਨਾ ਹੀ ਹੱਡੀਆਂ ਦੇ ਮਾਹਿਰ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਨੂੰ ਭਰਨ ਵੱਲ ਸਰਕਾਰ ਦਾ ਧਿਆਨ ਗਿਆ ਹੈ। ਇੰਨਾ ਹੀ ਨਹੀਂ ਬੇਸ਼ੱਕ ਇਥੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਸਨ ਪਰ ਬੀਤੇ ਸਮੇਂ ਦੌਰਾਨ ਉਨ੍ਹਾਂ ਦੀ ਬਦਲੀ ਹੋ ਜਾਣ ਕਾਰਨ ਇਹ ਅਸਾਮੀ ਵੀ ਖਾਲੀ ਹੋ ਗਈ।
ਦਿਲਚਸਪ ਗੱਲ ਤਾਂ ਇਹ ਹੈ ਕਿ ਬੇਸ਼ੱਕ ਇਸ ਬਲਾਕ ਅਧੀਨ ਸਿਰਫ 76 ਕੁ ਪਿੰਡ ਹੀ ਆਉਂਦੇ ਹਨ ਪਰ ਆਸ-ਪਾਸ ਦੇ ਬਲਾਕਾਂ ਤੋਂ ਵੀ ਮਰੀਜ਼ਾਂ ਦਾ ਰੁਝਾਨ ਇਸ ਹਸਪਤਾਲ ਵੱਲ ਹੀ ਰਹਿੰਦਾ ਹੈ। ਹਾਲਾਂਕਿ ਮਾਹਿਰ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪਿਛਲੇ ਸਮੇਂ ਦੌਰਾਨ ਇਸ ਹਸਪਤਾਲ ਨੇ ਨਾ ਸਿਰਫ ਜਣੇਪਾ ਕੇਸਾਂ 'ਚ ਇਕ ਵੱਡਾ ਰਿਕਾਰਡ ਕਾਇਮ ਕੀਤਾ ਹੈ, ਸਗੋਂ ਪਰਿਵਾਰ ਭਲਾਈ ਦੇ ਕੇਸਾਂ 'ਚ ਵੀ ਇਸ ਨੇ ਜ਼ਿਲੇ 'ਚ ਪਹਿਲਾ ਸਥਾਨ ਕਾਇਮ ਕਰ ਕੇ ਇਕ ਵੱਡੀ ਪ੍ਰਾਪਤੀ ਕੀਤੀ ਹੈ। ਸੀ. ਐੱਚ. ਸੀ. ਸੁਰਸਿੰਘ ਦੀ ਇਸ ਪ੍ਰਾਪਤੀ ਦੀ ਬਦੌਲਤ ਹੀ ਇਸ ਵਾਰ ਜ਼ਿਲਾ ਤਰਨਤਾਰਨ ਨੂੰ ਸੂਬਾ ਪੱਧਰ 'ਤੇ ਪਹਿਲਾ ਇਨਾਮ ਵੀ ਹਾਸਲ ਹੋਇਆ ਹੈ।
ਪ੍ਰਾਪਤ ਅੰਕੜਿਆਂ ਦੇ ਮੁਤਾਬਕ ਜਨਾਨਾ ਰੋਗਾਂ ਅਤੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰਾਂ ਦੀ ਘਾਟ ਦੇ ਬਾਵਜੂਦ ਇਸ ਹਸਪਤਾਲ 'ਚ ਹਰ ਮਹੀਨੇ 125 ਤੋਂ ਲੈ ਕੇ 150 ਜਣੇਪਾ ਕੇਸ ਹੋ ਜਾਂਦੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਯੂਥ ਫਰੈਂਡਸ ਕਲੱਬ ਦੇ ਪ੍ਰਧਾਨ ਮੋਹਨ ਸਿੰਘ ਅਤੇ ਜਨਰਲ ਸਕੱਤਰ ਗੁਰਨੈਬ ਸਿੰਘ ਢਿੱਲੋਂ ਨੇ ਕਿਹਾ ਕਿ ਹਸਪਤਾਲ ਦੀਆਂ ਕਮੀਆਂ ਦੇ ਸਬੰਧ 'ਚ ਕਈ ਵਾਰ ਵਿਭਾਗ ਨੂੰ ਲਿਖਿਆ ਗਿਆ ਹੈ ਪਰ ਸਰਕਾਰ ਵੱਲੋਂ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਮੁੱਖ ਮੰਤਰੀ ਮਨਜ਼ੂਰ ਹੋਏ 2 ਪ੍ਰਾਜੈਕਟਾਂ ਨੂੰ ਜਲਦੀ ਹਰੀ ਝੰਡੀ ਦਿਵਾਉਣ : ਹਰਸਿਮਰਤ
NEXT STORY