ਹੁਸ਼ਿਆਰਪੁਰ, (ਅਮਰਿੰਦਰ)— ਹੌਸਲੇ ਬੁਲੰਦ ਹੋਣ ਅਤੇ ਕੁਝ ਕਰਨ ਦਾ ਜੋਸ਼, ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਸ ਵਿੱਚ ਉਮਰ ਰੁਕਾਵਟ ਨਹੀਂ ਹੁੰਦੀ ਅਤੇ ਇਨਸਾਨ ਕੁਝ ਵੀ ਕਰ ਸਕਦਾ ਹੈ । ਢਲਦੀ ਉਮਰ ਵਿੱਚ ਵੀ ਖੇਡ ਦੇ ਪ੍ਰਤੀ ਲਗਾਅ ਅਤੇ ਸਮਰਪਣ ਦੇ ਅੱਗੇ ਉਮਰ ਦਾ ਪੜਾਅ ਵੀ ਬੌਣਾ ਸਾਬਤ ਹੁੰਦਾ ਹੈ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਹੁਸ਼ਿਆਰਪੁਰ ਦੇ ਬਜ਼ਰੁਗ ਖਿਡਾਰੀਆਂ ਨੇ । ਨਵੀਂ ਦਿੱਲੀ ਵਿੱਚ ਆਯੋਜਿਤ 39ਵੀਂ ਇੰਡੋ-ਬੰਗਲਾਦੇਸ਼ ਨੈਸ਼ਨਲ ਮਾਸਟਰਸ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਪੰਜਾਬ ਵੱਲੋਂ ਖੇਡਦੇ ਹੋਏ ਹੁਸ਼ਿਆਰਪੁਰ ਦੇ ਬਜ਼ੁਰਗ ਖਿਡਾਰੀਆਂ ਨੇ 16 ਗੋਲਡ ਅਤੇ 5 ਸਿਲਵਰ ਸਣੇ ਕੁਲ 21 ਤਗਮੇ ਹਾਸਲ ਕਰਕੇ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕਰਨ ਦਾ ਕਾਰਨਾਮਾ ਕਰ ਵਿਖਾਇਆ ਹੈ ।
82 ਸਾਲ ਦੀ ਬਲਜੀਤ ਕੌਰ ਨੇ ਝਟਕੇ 3 ਗੋਲਡ ਮੈਡਲ
ਹੁਸ਼ਿਆਰਪੁਰ ਦੇ ਊਨਾ ਰੋਡ 'ਤੇ ਸਥਿਤ ਜਹਾਨਖੇਲਾ ਪਿੰਡ ਦੀ 3 ਗੋਲਡ ਮੈਡਲ ਹਾਸਲ ਕਰਨ ਵਾਲੀ 82 ਸਾਲਾ ਬਲਜੀਤ ਕੌਰ ਗਿਲ ਦਾ ਕਹਿਣਾ ਹੈ ਕਿ ਖਿਡਾਰੀ ਭਾਵੇਂ ਕਿਸੇ ਵੀ ਉਮਰ ਵਰਗ ਦਾ ਹੋਵੇ, ਖੇਡਾਂ ਵਿੱਚ ਭਾਗ ਲੈਣ ਨਾਲ ਉਹ ਮਾਨਸਿਕ, ਬੌਧਿਕ ਅਤੇ ਸਰੀਰਕ ਰੂਪ ਤੋਂ ਫਿਟ ਰਹਿੰਦਾ ਹੈ । ਮੇਰੇ ਪਿਤਾ ਜੀ ਸਾਲ 1928 ਵਿੱਚ ਦੇਸ਼ ਵੱਲੋਂ ਪਹਿਲੇ ਸਿੱਖ ਓਲੰਪੀਅਨ ਖਿਡਾਰੀ ਸਨ ਜਿਸ ਵਜ੍ਹਾ ਕਰਕੇ ਘਰ ਵਿੱਚ ਬਚਪਨ ਤੋਂ ਹੀ ਖੇਡ ਅਤੇ ਖਿਡਾਰੀ ਦਾ ਮਾਹੌਲ ਸੀ । ਸਾਲ 1947 ਵਿੱਚ ਦੇਸ਼ ਦੀ ਵੰਡ ਦੇ ਦੌਰਾਨ ਪਿਤਾ ਜੀ ਦੀ ਪੁਲਸ ਵਿਭਾਗ ਵਿੱਚ ਪੋਸਟਿੰਗ ਹੁਸ਼ਿਆਰਪੁਰ ਵਿੱਚ ਸੀ ਅਤੇ ਪਾਕਿਸਤਾਨ ਸਥਿਤ ਆਪਣੀ ਸਾਰੀ ਜ਼ਮੀਨ ਅਤੇ ਜਾਇਦਾਦ ਤੋਂ ਵਾਂਝੇ ਹੋ ਕੇ ਸਾਡਾ ਪਰਿਵਾਰ ਹੁਸ਼ਿਆਰਪੁਰ ਦੇ ਹੀ ਜਹਾਨਖੇਲਾ ਪਿੰਡ ਵਿੱਚ ਵੱਸ ਗਿਆ । ਹੁਣ ਮੈਂ 82 ਸਾਲ ਦੀ ਹੋ ਗਈ ਹਾਂ ਪਰ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਅੱਜ ਵੀ ਗਰਾਊਂਡ ਪ੍ਰੈਕਟਿਸ ਨਿਯਮਿਤ ਤੌਰ 'ਤੇ ਕਰਨਾ ਨਹੀਂ ਭੁਲਦੀ ।
ਇੰਜੀਨੀਅਰ ਐੱਸ.ਪੀ. ਸ਼ਰਮਾ ਨੇ ਜਿੱਤੇ 2 ਗੋਲਡ ਮੈਡਲ
ਚੈਂਪੀਅਨਸ਼ਿਪ ਵਿੱਚ 2 ਗੋਲਡ ਮੈਡਲ ਹਾਸਲ ਕਰਨ ਵਾਲੇ ਇੰਜੀਨੀਅਰ ਐੱਸ.ਪੀ. ਸ਼ਰਮਾ ਨਿਵਾਸੀ ਟੈਗੋਰ ਨਗਰ ਸਿੰਚਾਈ ਵਿਭਾਗ ਤੋਂ ਐੱਸ.ਡੀ.ਓ. ਦੇ ਅਹੁਦੇ ਤੋਂ ਰਿਟਾਇਰ ਹੋਣ ਦੇ ਬਾਅਦ ਵੀ ਨਾ ਸਿਰਫ ਰੋਜ਼ਾਨਾ ਗਰਾਊਂਡ ਪ੍ਰੈਕਟਿਸ ਕਰਦੇ ਹਨ ਸਗੋਂ ਹੁਸ਼ਿਆਰਪੁਰ ਵਿੱਚ ਹੋਣ ਵਾਲੇ ਸਾਰੇ ਖੇਡ ਮੁਕਾਬਲਿਆਂ ਵਿੱਚ ਖੇਡ ਵਿਭਾਗ ਨੂੰ ਪ੍ਰੋਤਸਾਹਤ ਕਰਦੇ ਹਨ ਅਤੇ ਪੁੱਛਣ 'ਤੇ ਕਹਿੰਦੇ ਹਨ ਕਿ ਇਹ ਖੇਡ ਹੀ ਹੈ ਜੋ ਸਾਨੂੰ ਨਵੀਂ ਸਫੂਤਰੀ ਅਤੇ ਊਰਜਾ ਪ੍ਰਦਾਨ ਕਰਦੀ ਹੈ । ਉਨ੍ਹਾਂ ਨੇ ਦੱਸਿਆ ਕਿ ਖੇਡਣ ਦਾ ਜਜ਼ਬਾ ਤਾਂ ਬਚਪਨ ਤੋਂ ਹੀ ਸੀ, ਜੋ ਹੁਣ ਤੱਕ ਬਰਕਰਾਰ ਹੈ । ਜਿਸ ਉਮਰ ਵਿੱਚ ਲੋਕ ਬਾਹਰ ਵੀ ਘੱਟ ਹੀ ਨਜ਼ਰ ਆਉਂਦੇ ਹਨ, ਪਰ ਉਹ ਸਵੇਰੇ ਜਲਦੀ ਬਿਸਤਰਾ ਛੱਡ ਦਿੰਦੇ ਹਨ । ਰੋਜ਼ਾਨਾ ਆਊਟਡੋਰ ਸਟੇਡੀਅਮ ਵਿੱਚ ਪਰੈਕਟਿਸ ਕਰਦੇ ਹਨ । ਉਨ੍ਹਾਂ ਦਾ ਅਜੋਕੇ ਯੁਵਾਵਾਂ ਲਈ ਇਹੀ ਸੁਨੇਹਾ ਹੈ ਕਿ ਉਹ ਨਸ਼ਾ ਕਰਨ ਦੀ ਬਜਾਏ ਆਪਣੇ ਅੰਦਰ ਲੁਕੀ ਪ੍ਰਤੀਭਾ ਨੂੰ ਉਭਾਰਨ, ਤਾਂ ਜੋ ਸਮਾਜ ਵਿੱਚ ਉਨ੍ਹਾਂ ਦੀ ਪਛਾਣ ਬਣ ਸਕੇ ।
ਹੁਸ਼ਿਆਰਪੁਰ ਨੇ ਝਟਕੇ 16 ਗੋਲਡ ਅਤੇ 5 ਸਿਲਵਰ ਮੈਡਲ
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਬਜ਼ੁਰਗ ਖਿਡਾਰੀਆਂ ਵਿੱਚ ਜੋਗਿੰਦਰ ਸਿੰਘ ਭਾਨਾ ਨੇ 85 ਸਾਲ ਤੋਂ ਜ਼ਿਆਦਾ ਦੀ ਉਮਰ ਵਰਗ ਦੇ ਮੁਕਾਬਲੇ ਵਿੱਚ ਸ਼ਾਟਪੁਟ ਵਿੱਚ ਗੋਲਡ ਅਤੇ ਡਿਸਕਸ ਥਰੋ ਅਤੇ ਜੈਵਲਿਨ ਵਿੱਚ ਸਿਲਵਰ ਮੈਡਲ, 80 ਤੋਂ ਜ਼ਿਆਦਾ ਦੀ ਉਮਰਵਰਗ ਵਿੱਚ ਬਲਜੀਤ ਕੌਰ ਗਿੱਲ ਨੇ ਆਪਣੇ ਤਿੰਨਾਂ ਹੀ ਇਵੈਂਟ 100 ਮੀਟਰ, 200 ਮੀਟਰ ਅਤੇ 3 ਕਿਲੋਮੀਟਰ ਰੇਸ ਵਿੱਚ ਗੋਲਡ ਮੈਡਲ , 75 ਤੋਂ ਜ਼ਿਆਦਾ ਉਮਰਵਰਗ ਵਿੱਚ ਬਖਸ਼ੀਸ਼ ਸਿੰਘ ਨੇ 400 ਮੀਟਰ, 800 ਮੀਟਰ ਵਿੱਚ ਸਿਲਵਰ ਮੈਡਲ ਅਤੇ 1500 ਮੀਟਰ ਵਿੱਚ ਗੋਲਡ ਮੈਡਲ ਅਤੇ ਗੁਰਭਜਨ ਸਿੰਘ ਨੇ 400 ਮੀਟਰ ਅਤੇ 800 ਮੀਟਰ ਵਿੱਚ ਗੋਲਡ ਮੈਡਲ ਅਤੇ 1500 ਮੀਟਰ ਵਿੱਚ ਸਿਲਵਰ ਮੈਡਲ, 70 ਤੋਂ ਜ਼ਿਆਦਾ ਉਮਰ ਵਰਗ ਵਿੱਚ ਸ਼ਿਆਮ ਸਿੰਘ ਨੇ ਹਾਈ ਜੰਪ ਵਿੱਚ ਗੋਲਡ ਮੈਡਲ, 65 ਤੋਂ ਜ਼ਿਆਦਾ ਉਮਰ ਵਰਗ ਵਿੱਚ ਇੰਜੀਨੀਅਰ ਐੱੇਸ.ਪੀ. ਸ਼ਰਮਾ ਨੇ 100 ਮੀਟਰ ਅਤੇ 100 ਮੀਟਰ ਰਿਲੇ ਵਿੱਚ ਗੋਲਡ ਮੈਡਲ, 60 ਤੋਂ ਜ਼ਿਆਦਾ ਉਮਰ ਵਰਗ ਵਿੱਚ ਜੋਗਿੰਦਰ ਪਾਲ ਸਹੋਤਾ ਨੇ ਆਪਣੇ ਤਿੰਨੇ ਹੀ ਇਵੈਂਟ 5 ਕਿਲੋਮੀਟਰ ਦੇ ਨਾਲ ਨਾਲ 800 ਮੀਟਰ ਅਤੇ 1500 ਮੀਟਰ ਰੇਸ ਵਿੱਚ ਗੋਲਡ ਮੈਡਲ ਅਤੇ 55 ਤੋਂ ਜ਼ਿਆਦਾ ਉਮਰ ਵਰਗ ਵਿੱਚ ਦਵਿੰਦਰ ਕੌਰ ਨੇ ਵੀ ਆਪਣੇ ਤਿੰਨਾਂ ਹੀ ਇਵੈਂਟ 200 ਮੀਟਰ, 400 ਮੀਟਰ ਅਤੇ 800 ਮੀਟਰ ਰੇਸ ਵਿੱਚ ਗੋਲਡ ਮੈਡਲ ਹਾਸਲ ਕਰ ਕੁਲ 21 ਮੈਡਲ ਹਾਸਲ ਕੀਤੇ ।
ਹੁਣ ਨਹੀਂ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ : ਸੁਖਬੀਰ ਬਾਦਲ (ਵੀਡੀਓ)
NEXT STORY