ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਇਕ ਪਾਸੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਕਿਸਾਨਾਂ ਨੂੰ ਤਾੜਨਾ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜ਼ਿਲਾ ਮੋਗਾ ਦੇ ਕਿਸਾਨਾਂ ਨੇ ਸਰਕਾਰੀ ਨਿਯਮਾਂ ਦੀਆਂ ਦਿਨ-ਦਿਹਾੜੇ ਧੱਜੀਆਂ ਉਡਾਉਂਦੇ ਹੋਏ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਖ਼ੇਤੀਬਾੜੀ ਵਿਭਾਗ ਮੋਗਾ ਵੱਲੋਂ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਤੁਰੰਤ ਕਾਰਵਾਈ ਅਮਲ 'ਚ ਲਿਆਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਇਸ ਦਾ ਜ਼ਿਆਦਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ, ਜਿਸ ਕਰ ਕੇ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਸ਼ਰੇਆਮ ਅੱਗ ਲਾਈ ਜਾ ਰਹੀ ਹੈ। ਉਂਝ ਕੁੱਝ ਦਿਨ ਪਹਿਲਾਂ ਵਿਭਾਗ ਦੇ ਖ਼ੇਤੀਬਾੜੀ ਵਿਕਾਸ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਜ਼ਰੂਰ ਫੌਰੀ ਤੌਰ 'ਤੇ ਪਿੰਡ ਰੌਂਤਾ ਵਿਖੇ ਕਾਰਵਾਈ ਕਰਦਿਆਂ ਕਿਸਾਨ ਵੱਲੋਂ ਨਾੜ ਨੂੰ ਲਾਈ ਗਈ ਅੱਗ ਜ਼ਰੂਰ ਬੁਝਾਈ ਸੀ, ਇਸ ਤੋਂ ਬਿਨਾਂ ਜ਼ਿਲੇ ਭਰ 'ਚ ਵਿਭਾਗ ਵੱਲੋਂ ਹਾਲੇ ਤੱਕ ਕਿਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਮੋਗਾ ਸ਼ਹਿਰ ਦੇ ਦੁਸਾਂਝ ਰੋਡ ਨੂੰ ਜਾਂਦੇ ਰਸਤੇ 'ਤੇ ਅੱਜ ਦੁਪਹਿਰ ਵੇਲੇ ਕਣਕ ਦੇ ਨਾੜ ਨੂੰ ਅੱਗ ਲਾਈ ਗਈ ਸੀ। ਅੱਗ ਕਾਰਨ ਹੁੰਦੇ ਧੂੰਏਂ ਨਾਲ ਮਨੁੱਖੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਖ਼ੇਤੀਬਾੜੀ ਵਿਭਾਗ ਦੇ ਦਾਅਵਿਆਂ ਦੀ ਪੋਲ ਇਸ ਅੱਗ ਨੇ ਪੂਰੀ ਤਰ੍ਹਾਂ ਖੋਲ੍ਹ ਕੇ ਰੱਖ ਦਿੱਤੀ ਹੈ।
ਮੋਟਰਸਾਈਕਲ-ਬੱਸ ਵਿਚਾਲੇ ਹੋਈ ਟੱਕਰ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
NEXT STORY