ਚੰਡੀਗੜ੍ਹ— 'ਕਿਸਮਤ ਚਮਕਦੀ ਦਾ ਪਤਾ ਨਹੀਂ ਲੱਗਦਾ', ਇਹ ਗੱਲ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ 'ਤੇ ਬਿਲਕੁਲ ਢੁਕਦੀਂ ਹੈ, ਜਿਸ ਨੂੰ ਪੰਜਾਬ ਰਾਜ ਨਿਊ ਯੀਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ 'ਚ ਡੇਢ ਕਰੋੜ ਰੁਪਏ ਦਾ ਜੇਤੂ ਬਣਾ ਦਿੱਤਾ। ਰਾਕੇਸ਼ ਸ਼ਰਮਾ, ਜੋ ਪੇਸ਼ੇ ਵਜੋਂ ਆੜ੍ਹਤੀਆ ਹੈ, ਨੇ ਇਨਾਮ ਜਿੱਤਣ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਸ ਨੇ 17 ਜਨਵਰੀ ਨੂੰ ਬਾਅਦ ਦੁਪਹਿਰ 2 ਵਜੇ ਸਾਈਕਲ 'ਤੇ ਲਾਟਰੀ ਟਿਕਟਾਂ ਵੇਚ ਰਹੇ ਵਿਅਕਤੀ ਕੋਲੋਂ ਨਿਊ ਯੀਅਰ ਬੰਪਰ ਦੀ ਟਿਕਟ ਖਰੀਦੀ ਸੀ। ਦੱਸਣਯੋਗ ਹੈ ਕਿ ਇਸੇ ਦਿਨ ਹੀ ਨਿਊ ਯੀਅਰ ਬੰਪਰ ਦਾ ਡਰਾਅ ਨਿਕਲਣਾ ਸੀ। ਰਾਕੇਸ਼ ਨੇ ਦੱਸਿਆ ਕਿ ਉਸ ਨੇ ਬਾਅਦ ਦੁਪਹਿਰ 2 ਵਜੇ ਟਿਕਟ ਖਰੀਦੀ ਸੀ ਅਤੇ ਸ਼ਾਮ ਨੂੰ 5 ਵਜੇ ਉਹ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਗਿਆ। ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਰਾਕੇਸ਼ ਸ਼ਰਮਾ ਨੇ ਕਿਹਾ ਕਿ ਉਸ ਦੇ ਦੋ ਬੱਚੇ ਹਨ ਅਤੇ ਇਹ ਇਨਾਮੀ ਰਾਸ਼ੀ ਉਨ੍ਹਾਂ ਨੂੰ ਹੋਰ ਵਧੀਆ ਸਿੱਖਿਆ ਦਿਵਾਉਣ ਅਤੇ ਜ਼ਿੰਦਗੀ 'ਚ ਸਥਾਪਤ ਕਰਨ 'ਚ ਸਹਾਈ ਹੋਵੇਗੀ।
ਇਨਾਮੀ ਰਾਸ਼ੀ ਲਈ ਚੰਡੀਗੜ੍ਹ ਵਿਖੇ ਪੰਜਾਬ ਲਾਟਰੀਜ਼ ਵਿਭਾਗ ਕੋਲ ਦਸਤਾਵੇਜ਼ ਜਮ੍ਹਾਂ ਕਰਵਾਉਣ ਬਾਅਦ ਰਾਕੇਸ਼ ਕੁਮਾਰ ਨੇ ਵਿਭਾਗ ਵਲੋਂ ਪਾਰਦਰਸ਼ੀ ਢੰਗ ਨਾਲ ਕੱਢੇ ਜਾਂਦੇ ਡਰਾਅ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੰਜਾਬ ਰਾਜ ਲਾਟਰੀਜ਼ ਵਿਭਾਗ ਵਲੋਂ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ 'ਚੋਂ ਹੀ ਐਲਾਨੇ ਜਾਂਦਾ ਹੈ। ਇਸੇ ਦੌਰਾਨ ਜੰਮੂ ਦੇ ਰਹਿਣ ਵਾਲੇ ਰੋਹਿਨ ਸ਼ਰਮਾ, ਜੋ ਨਿਊ ਯੀਅਰ ਬੰਪਰ ਦਾ 10 ਲੱਖ ਰੁਪਏ ਦਾ ਦੂਜਾ ਇਨਾਮ ਜੇਤੂ ਹੈ, ਨੇ ਵੀ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਦੋਵੇਂ ਜੇਤੂਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਇਨਾਮੀ ਰਾਸ਼ੀ ਉਨ੍ਹਾਂ ਦੇ ਖਾਤਿਆਂ 'ਚ ਪਾ ਦਿੱਤੀ ਜਾਵੇਗੀ।
ਖਤਰਨਾਕ ਗੈਂਗਸਟਰ ਸੁਖਪ੍ਰੀਤ ਬੁੱਢਾ 5 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY