ਸੁਲਤਾਨਪੁਰ ਲੋਧੀ (ਧੀਰ): ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀ ਪੂਰੇ ਸੂਬੇ 'ਚੋਂ ਪਹਿਲ ਦੇ ਆਧਾਰ 'ਤੇ ਵਿਕਾਸ ਕਰਵਾਉਣਾ ਮੇਰੀ ਸਭ ਤੋਂ ਵੱਡੀ ਪਹਿਲ ਹੈ, ਜਿਸ 'ਚ ਕਿਸੇ ਵੀ ਕਿਸਮ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਸ਼ਬਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੋ ਦਿਨਾਂ ਤੋਂ ਸੈਸ਼ਨ 'ਚ ਪਹਿਲੇ ਦਿਨ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਾਵਨ ਨਗਰੀ ਦਾ ਵਿਕਾਸ ਹੁਣ ਰੁਕੇਗਾ ਨਹੀਂ ਤੇ ਜਲਦੀ ਹੀ ਪਿੰਡਾਂ ਵਾਸਤੇ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ, ਜਿਸ ਤਹਿਤ ਪਿੰਡਾਂ ਨੂੰ ਵੀ ਸ਼ਹਿਰਾਂ ਦੀ ਤਰਜ਼ 'ਤੇ ਖੂਬਸੂਰਤ ਤੇ ਸਵੱਛ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਾਵਨ ਨਗਰੀ ਜਿਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕਿਹਾ ਜਾਂਦਾ ਹੈ ਕਿ ਜਿਸ ਨਾਲ ਗੁਰੂ ਸਾਹਿਬ ਦੀਆਂ ਕਈ ਯਾਦਾਂ ਵੀ ਜੁੜੀਆਂ ਹਨ ਉਨ੍ਹਾਂ ਸਾਰੇ ਧਾਰਮਕ ਅਸਥਾਨਾਂ 'ਤੇ ਆਧਾਰਿਤ ਬਾਬੇ ਨਾਨਕ ਦਾ ਪਿੰਡ ਵਸਾਇਆ ਜਾਵੇਗਾ ਤਾਂ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਇਸ ਪਾਵਨ ਨਗਰੀ 'ਚ ਆ ਕੇ ਗੁਰੂ ਸਾਹਿਬ ਦੇ ਨਾਲ ਜੁੜੀਆਂ ਰਹਿਣ। ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਵਨ ਨਗਰੀ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਦਿੱਤੇ ਜਾ ਰਹੇ ਫੰਡਾਂ ਬਾਰੇ ਧੰਨਵਾਦ ਕੀਤਾ ਤੇ ਦਸਿਆ ਕਿ ਤੁਹਾਡੇ ਵਲੋਂ ਜੋ ਪਾਵਨ ਨਗਰੀ ਨੂੰ ਸਮਾਰਟ ਸਿਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਉਸ ਤਹਿਤ ਕੇਂਦਰ ਤੋਂ ਇਕ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਸੀ ਤੇ ਭਰੋਸਾ ਦਿੱਤਾ ਹੈ ਕਿ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ 'ਚ ਜਲਦੀ ਹੀ ਕਾਰਜ ਆਰੰਭ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੁੱਖ ਸੜਕਾਂ ਨੂੰ ਫੋਰ ਲੇਨ, ਬਾਈਪਾਸ ਰਾਹੀਂ ਸਿੱਧਾ ਜੋੜ ਕੇ ਸੰਗਤਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਵੀ ਹੱਲ ਕੱਢਿਆ ਜਾਵੇਗਾ।
ਚੀਮਾ ਨੇ ਪਿੰਡਾਂ ਦੇ ਵਿਕਾਸ ਵਾਸਤੇ ਕਰੋੜਾਂ ਰੁਪਏ ਦੀ ਗ੍ਰਾਂਟ ਦੇਣ ਲਈ ਮੁੱਖ ਮੰਤਰੀ ਦਾ ਆਭਾਰ ਜਤਾਇਆ ਤੇ ਕਿਹਾ ਕਿ ਪਾਵਨ ਨਗਰੀ ਨੂੰ ਵਿਸ਼ਵ ਦੇ ਨਕਸ਼ੇ 'ਤੇ ਲਿਆਉਣ ਵਾਸਤੇ ਤੁਸੀਂ ਜੋ ਫਿਰਾਕ ਦਿਲ ਨਾਲ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦੇ ਕੇ ਕਾਰਜ ਕਰਵਾਏ ਹਨ ਉਸ ਨੂੰ ਪਾਵਨ ਨਗਰੀ ਨਿਵਾਸੀ ਕਦੇ ਵੀ ਭੁਲਾ ਨਹੀਂ ਪਾਉਣਗੇ ਕਿਉਂਕਿ ਅੱਜ ਤੋਂ ਪਹਿਲਾਂ ਤੇ ਸਿਰਫ ਪਾਵਨ ਨਗਰੀ ਦਾ ਵਿਕਾਸ ਕਾਗਜਾਂ 'ਚ ਹੋਇਆ ਸੀ। ਚੀਮਾ ਵਲੋਂ ਦੁਆਬੇ ਨੂੰ ਮਾਝੇ ਨਾਲ ਜੋੜਨ ਵਾਲੇ ਪੁਲ ਦਾ ਵੀ ਮਾਮਲਾ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਦਸਿਆ ਤੇ ਕਿਹਾ ਕਿ ਅਕਾਲੀ ਦਲ ਵਲੋਂ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 2 ਵਾਰ ਉਦਘਾਟਨ ਕਰਨ ਉਪਰੰਤ ਵੀ ਇਸ ਪੁਲ ਦੀ ਉਸਾਰੀ ਨਹੀਂ ਹੋ ਪਾਈ ਹੈ, ਜਿਸ 'ਤੇ ਕੈਪਟਨ ਸਾਹਿਬ ਨੇ ਵਿਧਾਇਕ ਚੀਮਾ ਨੂੰ ਭਰੋਸਾ ਦਿੱਤਾ ਕਿ ਇਸ ਪੁਲ ਦਾ ਨਿਰਮਾਣ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।
ਕੈਪਟਨ ਨੇ ਪਾਣੀਆਂ ਦੇ ਮੁੱਦੇ 'ਤੇ ਸੱਦੀ ਆਲ ਪਾਰਟੀ ਮੀਟਿੰਗ
NEXT STORY