ਮੱਖੂ(ਧੰਜੂ)—ਹਰੀਕੇ ਹੈੱਡ ਤੋਂ ਨਿਕਲਦੀ ਰਾਜਸਥਾਨ ਨਹਿਰ ਦੇ ਕੁਝ ਸਮਾਂ ਪਹਿਲਾਂ ਟੁੱਟ ਚੁੱਕੇ ਪੁਲ ਨੂੰ ਅੱਜ ਤੱਕ ਨਾ ਬਣਾਉਣ ਕਾਰਨ ਸਥਾਨਕ ਲੋਕਾਂ ਵੱਲੋਂ ਆਪਣੇ ਕੋਲੋਂ ਪੈਸੇ ਖਰਚ ਕੇ ਬਣਾਇਆ ਗਿਆ ਅਸਥਾਈ ਪੁਲ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਹਿੰਦ ਫੀਡਰ 'ਤੇ ਪਿੰਡ ਵਰਪਾਲ-ਸਰਹਾਲੀ ਵਾਲੇ ਪੁੱਲ ਦੀ ਰੇਲਿੰਗ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਹੋਣ ਕਾਰਨ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ, ਜਦਕਿ ਇਸ ਰਸਤੇ ਤੋਂ ਕਿਸਾਨਾਂ ਦੇ ਟਰੈਕਟਰ, ਸਕੂਲੀ ਬੱਚਿਆਂ ਦੀਆਂ ਵੈਨਾਂ ਤੋਂ ਇਲਾਵਾ ਹੋਰ ਵੀ ਕਈ ਵਾਹਨ ਗੁਜ਼ਰਦੇ ਹਨ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਕਿਸੇ ਹਾਦਸੇ ਦੀ ਉਡੀਕ 'ਚ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਤੋਂ ਇਲਾਵਾ ਸਰਹਿੰਦ ਫੀਡਰ ਨਹਿਰ ਦੇ ਕੰਢੇ ਵੀ ਟੁੱਟੇ ਹੋਏ ਨਜ਼ਰ ਆ ਰਹੇ ਹਨ ਜੋ ਕਿਸੇ ਸਮੇਂ ਵੀ ਨਹਿਰ ਦੇ ਟੁੱਟਣ ਦਾ ਕਾਰਨ ਬਣ ਸਕਦੇ ਹਨ। ਜ਼ਿਕਰਯੋਗ ਹੈ ਕਿ ਹਰੀਕੇ ਹੈੱਡ 'ਤੇ ਇਨ੍ਹਾਂ ਦੋਵੇਂ ਨਹਿਰਾਂ ਦੀ ਸਫ਼ਾਈ ਅਤੇ ਮੁਰੰਮਤ ਕਰਨ 'ਚ ਕਰੋੜਾਂ ਦੇ ਘਪਲੇ ਉਜਾਗਰ ਹੋਏ ਸਨ। ਸਥਾਨਕ ਪਿੰਡਾਂ ਦੇ ਸਰਪੰਚਾਂ ਹਰਜਿੰਦਰ ਸਿੰਘ ਹਸਮਤਵਾਲਾ, ਸੇਵਾ ਸਿੰਘ ਸਰਪੰਚ ਬਹਿਕ ਫੱਤੂ ਤੋਂ ਇਲਾਵਾ ਬੀ. ਕੇ. ਯੂ. (ਮਾਨ) ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਜੱਲੇਵਾਲਾ, ਬਲਾਕ ਪ੍ਰਧਾਨ ਗੁਰਦੇਵ ਸਿੰਘ ਵਾਰਸਵਾਲਾ, ਜਸਵੰਤ ਸਿੰਘ ਗੱਟਾ, ਗੁਰਵੇਲ ਸਿੰਘ ਫ਼ੌਜੀ ਪੱਧਰੀ, ਪ੍ਰਗਟ ਸਿੰਘ ਸੂਬਾ ਸਕੱਤਰ ਤਲਵੰਡੀ ਨਿਪਾਲਾਂ, ਲਖਵਿੰਦਰ ਸਿੰਘ ਪੀਰਮੁਹੰਮਦ ਯੂਥ ਵਿੰਗ ਪ੍ਰਧਾਨ, ਭਗਵਾਨ ਸਿੰਘ ਗੱਟਾ ਆਦਿ ਵੱਲੋਂ ਵੀ ਸਰਹਿੰਦ ਫ਼ੀਡਰ ਦੀ ਖਸਤਾ ਹਾਲਤ ਹੋਣ ਕਾਰਨ, ਪੁਲਾਂ ਦੀ ਟੁੱਟੀ ਰੇਲਿੰਗ ਤੋਂ ਇਲਾਵਾ ਰਾਜਸਥਾਨ ਫੀਡਰ ਦੇ ਟੁਟੇ ਪੁੱਲਾਂ ਨੂੰ ਪਹਿਲ ਦੇ ਆਧਾਰ 'ਤੇ ਬਣਾਉਣ ਦੀ ਮੰਗ ਕੀਤੀ ਗਈ।ਹੁਣ ਵੇਖਣਾ ਇਹ ਹੋਵੇਗਾ ਕਿ ਇਸ ਨਾਲ ਸਬੰਧਤ ਵਿਭਾਗ ਹਰਕਤ 'ਚ ਆਉਂਦਾ ਹੈ ਜਾਂ ਨਹੀਂ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY