ਚੰਡੀਗੜ੍ਹ (ਸੁਸ਼ੀਲ): ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦਾ ਅਧਿਕਾਰੀ ਬਣ ਕੇ ਬਜ਼ੁਰਗ ਨਾਲ 52 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ’ਚ ਸਾਈਬਰ ਕ੍ਰਾਈਮ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਸੁਦਾਨ ਮੁਹੱਲਾ ਵਾਸੀ ਯਦੁਨੰਦਨ ਸ਼ਰਮਾ ਵਜੋਂ ਹੋਈ ਹੈ। ਪੁਲਸ ਨੇ ਠੱਗੀ ਦੀ ਰਕਮ ਵਿਚੋਂ 28 ਲੱਖ ਰੁਪਏ ਸ਼ਿਕਾਇਤਕਰਤਾ ਦੇ ਖਾਤੇ ’ਚ ਹੋਲਡ ਕਰਵਾ ਦਿੱਤੇ ਹਨ। ਸਾਈਬਰ ਸੈੱਲ ਦੀ ਟੀਮ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
ਸੈਕਟਰ-45 ਵਾਸੀ ਬਜ਼ੁਰਗ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 27 ਅਕਤੂਬਰ ਨੂੰ ਉਸ ਨੂੰ ਇਕ ਵਟਸਐੱਪ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਖ਼ੁਦ ਨੂੰ ਪਹਿਲਾਂ ਟ੍ਰਾਈ (ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ) ਦਾ ਅਧਿਕਾਰੀ ਦੱਸਿਆ ਅਤੇ ਬਾਅਦ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦਾ ਅਧਿਕਾਰੀ ਦੱਸਿਆ। ਉਸ ਨੇ ਮੋਬਾਈਲ ਨੰਬਰ ਮਨੀ ਲਾਂਡਰਿੰਗ ’ਚ ਵਰਤੋਂ ਹੋਣ ਦੀ ਗੱਲ ਕਹਿ ਕੇ ਕੋਲਾਬਾ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਹੋਣ ਬਾਰੇ ਦੱਸਿਆ। 27 ਅਕਤੂਬਰ ਤੋਂ 12 ਨਵੰਬਰ 2025 ਤੱਕ ਲਗਾਤਾਰ ਸ਼ਿਕਾਇਤਕਰਤਾ ਨੂੰ ਜਾਅਲੀ ਵੀਡੀਓ ਨਿਗਰਾਨੀ ’ਚ ਰੱਖਿਆ ਗਿਆ। ਇਸ ਦੌਰਾਨ ਉਸ ਨੂੰ ਨਕਲੀ ਸਰਕਾਰੀ ਦਸਤਾਵੇਜ਼, ਫਰਜੀ ਅਦਾਲਤ ਦਾ ਦ੍ਰਿਸ਼ ਤੇ ਕਥਿਤ ਈ.ਡੀ. ਡਾਇਰੈਕਟਰ ਦੇ ਨਾਲ ਕਾਨਫਰੰਸ ਕਾਲ ਦਿਖਾ ਕੇ ਗ੍ਰਿਫ਼ਤਾਰੀ ਦੀ ਧਮਕੀ ਦਿੱਤੀ।
ਬਜ਼ੁਰਗ ਨੇ ਵੱਖ-ਵੱਖ ਖਾਤਿਆਂ ’ਚ ਪੈਸੇ ਜਮ੍ਹਾਂ ਕਰਵਾਏ
ਠੱਗਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਬਜ਼ੁਰਗ ਨੂੰ 52 ਲੱਖ ਰੁਪਏ ਦਾ ਪ੍ਰਬੰਧ ਕਰਨ ਲਈ ਕਿਹਾ। ਬਜ਼ੁਰਗ ਨੇ ਵੱਖ-ਵੱਖ ਖਾਤਿਆਂ ’ਚ 52 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਠੱਗੀ ਦਾ ਸ਼ਿਕਾਰ ਹੋਣ ’ਤੇ ਬਜ਼ੁਰਗ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਇੰਸਪੈਕਟਰ ਇਰਮ ਰਿਜ਼ਵੀ ਨੇ ਠੱਗਾਂ ਨੂੰ ਫੜਨ ਲਈ ਇਕ ਟੀਮ ਬਣਾਈ। ਸਾਈਬਰ ਕ੍ਰਾਈਮ ਪੁਲਸ ਨੇ ਸਬੰਧਤ ਬੈਂਕਾਂ ਤੋਂ ਲਾਭਪਾਤਰੀ ਖਾਤਿਆਂ ਦੀ ਕੇ.ਵਾਈ.ਸੀ. ਜਾਣਕਾਰੀ ਪ੍ਰਾਪਤ ਕੀਤੀ। ਜਾਂਚ ਦੌਰਾਨ ਕਰੀਬ 28 ਲੱਖ ਰੁਪਏ ਸ਼ਿਕਾਇਤਕਰਤਾ ਦੇ ਖਾਤੇ ’ਚ ਹੋਲਡ ਕਰਵਾਏ ਗਏ। ਬਾਕੀ ਰਕਮ ਕਈ ਖਾਤਿਆਂ ’ਚ ਟਰਾਂਸਫਰ ਕੀਤੀ ਗਈ ਪਾਈ ਗਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ 5 ਲੱਖ ਰੁਪਏ ਦੀ ਰਕਮ ਯਦੁਨੰਦਨ ਸ਼ਰਮਾ ਦੇ ਖਾਤੇ ’ਚ ਟਰਾਂਸਫਰ ਹੋਈ ਸੀ। ਮੁਲਜ਼ਮ ਨੇ ਇਹ ਰਕਮ ਆਪਣੇ ਚੈੱਕ ਦੀ ਵਰਤੋਂ ਕਰਕੇ ਕਢਵਾ ਲਈ ਸੀ। ਸਾਈਬਰ ਕ੍ਰਾਈਮ ਪੁਲਸ ਦੀ ਟੀਮ ਨੇ 25 ਦਸੰਬਰ ਨੂੰ ਲੁਧਿਆਣਾ ’ਚ ਛਾਪੇਮਾਰੀ ਕਰਕੇ ਮੁਲਜ਼ਮ ਯਦੁਨੰਦਨ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਗਿਰੋਹ ਦੇ ਹੋਰ ਮੈਂਬਰਾਂ ਤੇ ਧੋਖਾਧੜੀ ਦੀ ਰਕਮ ਬਾਰੇ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।
ਉਦਘਾਟਨੀ ਪੱਥਰ ਨਾਲ ਜਾ ਟਕਰਾਈ ਮਰਸਿਡੀਜ਼! Airbags ਨੇ ਬਚਾਈ ਜਾਨ
NEXT STORY