ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮਜਦੂਰਾਂ ਦੀ ਕਮੀ ਦੇ ਚੱਲਦਿਆਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਸਬੰਧ ’ਚ ਯੂਨੀਵਰਸਿਟੀ ਦੇ ਫਸਲ ਵਿਗਿਆਨੀ ਡਾ.ਮੱਖਣ ਸਿੰਘ ਭੁੱਲਰ ਅਤੇ ਡਾ. ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਕੀਤੀ ਜਾਵੇ ਅਤੇ ਰੇਤਲੀ ਜ਼ਮੀਨ ਵਿਚ ਇਸ ਤਕਨੀਕ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਿੱਧੀ ਬਿਜਾਈ ਲਈ ਪਹਿਲਾਂ ਖੇਤ ਨੂੰ ਲੇਜ਼ਰ ਲੈਵਲਰ ਕਰਾਹੇ ਨਾਲ ਪੱਧਰਾ ਕਰਕੇ ਰੌਣੀ ਕਰ ਦੇਣੀ ਚਾਹੀਦੀ ਹੈ। ਵੱਤਰ ਆਉਣ ਤੇ ਦੋ ਵਾਰ ਵਾਹ ਕੇ ਸੁਹਾਗਾ ਮਾਰ ਕੇ ਤੁਰੰਤ ਸਿੱਧੀ ਬਿਜਾਈ ਕਰ ਦੇਓ।
ਇਸ ਤਰੀਕੇ ਨਾਲ ਬਿਜਾਈ ਲਈ ਕਿਸਮਾਂ ਦੀ ਚੋਣ ਬਾਰੇ ਪੀ.ਏ.ਯੂ. ਮਾਹਿਰ ਦੱਸਦੇ ਹਨ ਕਿ ਘੱਟ ਅਤੇ ਦਰਮਿਆਨੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਝੋਨੇ ਦੀਆਂ ਪਰਮਲ ਕਿਸਮਾਂ ਜਿਵੇਂ ਪੀ.ਆਰ. 126, ਪੀ. ਆਰ. 114, ਪੀ. ਆਰ. 121, ਪੀ. ਆਰ. 122, ਪੀ. ਆਰ. 127 ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਅਤੇ ਬਾਸਮਤੀ ਕਿਸਮਾਂ ਜਿਵੇਂ ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509,ਪੂਸਾ ਬਾਸਮਤੀ 1718 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰਨੀ ਸਹੀ ਰਹੇਗੀ।
ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)
ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਚੱਲਦਿਆਂ ਕਣਕ ਦੇ ਮੰਡੀਕਰਨ ਦੀ ਪਿਛਲੇ ਸਾਲ ਦੀ ਤੁਲਨਾ ’ਚ ਆਇਆ ਵੱਡਾ ਫਰਕ
ਮਾਹਿਰਾਂ ਅਨੁਸਾਰ ਸਿੱਧੀ ਬਿਜਾਈ ਲਈ ਪ੍ਰਤੀ ਏਕੜ 8 ਕਿੱਲੋ ਬੀਜ (ਵੱਧ ਤੋਂ ਵੱਧ 10 ਕਿਲੋ) ਕਾਫੀ ਹੈ। ਇਸ ਤੋਂ ਜ਼ਿਆਦਾ ਮਾਤਰਾ ਵਿਚ ਬੀਜ ਦੀ ਵਰਤੋਂ ਕਰਨ ਨਾਲ ਫਸਲ ਸੰਘਣੀ ਹੋਣ ਕਰਕੇ ਤਣੇ ਦਾ ਗਾਲਾ ਆਦਿ ਬੀਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਦਾਣਿਆਂ ਦੀ ਫੋਕ ਵੀ ਵਧਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 8 ਘੰਟੇ( ਵੱਧ ਤੋਂ ਵੱਧ 12 ਘੰਟੇ) ਪਾਣੀ ਵਿਚ ਭਿਉਂ ਕੇ ਬਾਅਦ ਵਿਚ ਛਾਵੇਂ ਸੁਕਾ ਕੇ ਦਵਾਈ ਨਾਲ ਸੋਧ ਕਰ ਲੈਣੀ ਚਾਹੀਦੀ ਹੈ।
ਬਿਜਾਈ ਲਈ 'ਲੱਕੀ ਸੀਡ ਡਰਿੱਲ' ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋ ਝੋਨੇ ਦੀ ਬਿਜਾਈ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਨਾਲੋ ਨਾਲ ਕਰਦੀ ਹੈ। ਇਸ ਤੋਂ ਇਲਾਵਾ ਟੇਢੀਆਂ ਪਲੇਟਾਂ ਵਾਲੀ ਝੋਨਾ ਬੀਜਣ ਵਾਲੀ ਡਰਿੱਲ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜੇਕਰ ਇਹ ਮਸ਼ੀਨਾਂ ਨਾ ਮਿਲਣ ਤਾਂ ਮਾਹਿਰਾਂ ਅਨੁਸਾਰ ਹਾਲਾਤ ਦੇ ਮੱਦੇ ਨਜ਼ਰ ਜ਼ੀਰੋ ਟਿੱਲ ਡਰਿੱਲ ਜਾਂ ਹੈਪੀ ਸੀਡਰ ਦੇ ਖਾਦ ਵਾਲੇ ਬਕਸੇ ਦੇ ਪਿਸਤੌਲ ਦੀਆਂ ਝਿਰੀਆਂ ਬੰਦ ਕਰਕੇ ਜਾਂ ਬਕਸੇ ਦੀ ਗਰਾਰੀ ਨੂੰ ਦੁੱਗਣੇ ਦੰਦਿਆਂ ਵਾਲੀ ਗਰਾਰੀ ਨਾਲ ਬਦਲਕੇ ਅਤੇ ਖਾਦ ਵਾਲੇ ਲੀਵਰ ਨੂੰ ਇਸ ਤਰ੍ਹਾਂ ਸੈੱਟ ਕੀਤਾ ਜਾ ਸਕਦਾ ਹੈ ਕਿ ਇਕ ਮੀਟਰ ਲੰਬਾਈ ਵਿਚ 16-20 ਦਾਣੇ ਡਿਗਣ।
ਕੋਰੋਨਾ ਦੇ ਚੱਲਦਿਆਂ ਕਣਕ ਦੇ ਮੰਡੀਕਰਨ ਦੀ ਪਿਛਲੇ ਸਾਲ ਦੀ ਤੁਲਨਾ ’ਚ ਆਇਆ ਵੱਡਾ ਫਰਕ
NEXT STORY