ਭਵਾਨੀਗੜ੍ਹ (ਵਿਕਾਸ/ਅੱਤਰੀ)- ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਪੰਜਾਬ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪਿੰਡ ਗਹਿਲਾਂ ਦੀ ਮੌਜੂਦਾ ਸਰਪੰਚ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਇਕ ਪੰਚ ਨੂੰ ਸਬਮਰਸੀਬਲ ਪੰਪ ਲਵਾ ਕੇ 50 ਹਜ਼ਾਰ ਰੁਪਏ ਦਾ ਨਿੱਜੀ ਲਾਭ ਦੇਣ ਦੇ ਦੋਸ਼ ਤਹਿਤ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਮੁਅੱਤਲੀ ਦੀ ਕਾਰਵਾਈ ਸੰਬੰਧੀ ਬੀ. ਡੀ. ਪੀ. ਓ. ਭਵਾਨੀਗੜ੍ਹ ਨੇ ਪੁਸ਼ਟੀ ਕੀਤੀ ਹੈ।
ਜਾਣਕਾਰੀ ਅਨੁਸਾਰ ਪੰਚਾਇਤੀ ਵਿਭਾਗ ਨੂੰ ਪਿੰਡ ਗਹਿਲਾਂ ਦੇ ਕੁਝ ਵਿਅਕਤੀਆਂ ਤੇ ਪੰਚ ਨੇ ਲਿਖ਼ਤੀ ਸ਼ਿਕਾਇਤ ਕੀਤੀ ਸੀ ਕਿ ਸਰਪੰਚ ਰਣਜੀਤ ਕੌਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਪਿੰਡ ਦੇ ਇਕ ਪੰਚ ਨੂੰ ਪੰਚਾਇਤੀ ਖ਼ਰਚੇ 'ਤੇ ਸਬਮਰਸੀਬਲ ਮੋਟਰ ਲਵਾ ਕੇ ਉਸ ਨੂੰ ਅਸਿੱਧੇ ਤੌਰ 'ਤੇ ਲਾਭ ਪਹੁੰਚਾਇਆ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਪੰਚਾਇਤੀ ਵਿਭਾਗ ਨੇ ਜ਼ਿਲਾ ਵਿਕਾਸ ਤੇ ਪੰਚਾਇਤੀ ਅਫ਼ਸਰ ਨੂੰ ਇਕ ਪੱਤਰ ਰਾਹੀਂ ਪੜਤਾਲ ਕਰ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਇਸੇ ਦੌਰਾਨ ਪੜਤਾਲੀਆ ਅਫ਼ਸਰ ਨੇ ਪਿੰਡ ਗਹਿਲਾਂ ਦੀ ਸਰਪੰਚ ਨੂੰ ਸੁਣਵਾਈ ਲਈ ਦਫ਼ਤਰ ਬੁਲਾਇਆ ਪਰ ਮਿੱਥੀ ਮਿਤੀ 'ਤੇ ਕੋਈ ਹਾਜ਼ਰ ਨਹੀਂ ਹੋਇਆ, ਜਿਸ 'ਤੇ ਜ਼ਿਲਾ ਵਿਕਾਸ ਤੇ ਪੰਚਾਇਤੀ ਅਫ਼ਸਰ ਦੀ ਭੇਜੀ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਪੰਜਾਬ ਨੇ ਸਰਪੰਚ ਰਣਜੀਤ ਕੌਰ ਨੂੰ ਅਹੁਦੇ ਤੋਂ ਮੁਅੱਤਲ ਕਰ ਕੇ ਪੰਚਾਇਤ ਦੇ ਖ਼ਾਤੇ ਸੀਲ ਕਰਨ ਤੇ ਸਰਪੰਚ ਦਾ ਚਾਰਜ ਹੋਰ ਪੰਚ ਨੂੰ ਦੇਣ ਦੇ ਹੁਕਮ ਜਾਰੀ ਕਰ ਦਿੱਤੇ।
ਦੂਜੇ ਪਾਸੇ, ਮੁਅੱਤਲ ਕੀਤੀ ਸਰਪੰਚ ਰਣਜੀਤ ਕੌਰ ਨੇ ਸੰਪਰਕ ਕਰਨ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਪਿੰਡ ਵਿਚ ਉਪਜੀ ਧੜੇਬੰਦੀ ਦੀ ਭੇਟ ਚੜ੍ਹੀ ਹੈ। ਉਹ ਉੱਚ ਅਧਿਕਾਰੀਆਂ ਕੋਲ ਇਨਸਾਫ਼ ਲਈ ਫਰਿਆਦ ਕਰੇਗੀ।
''ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੰਚਾਇਤੀ ਵਿਭਾਗ ਵੱਲੋਂ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਉਨ੍ਹਾਂ ਨੂੰ ਸਰਪੰਚ ਰਣਜੀਤ ਕੌਰ ਦੇ ਮੁਅੱਤਲੀ ਦੇ ਹੁਕਮਾਂ ਦੀ ਕਾਪੀ ਕੱਲ ਹੀ ਮਿਲੀ ਹੈ।'' —ਅਮਿਤ ਬੱਤਰਾ ਬੀ. ਡੀ. ਪੀ. ਓ. ਭਵਾਨੀਗੜ੍ਹ
'ਤਲਾਕ ਬੇਸ਼ੱਕ ਹੋ ਜਾਵੇ ਪਰ ਮੈਂ ਵੋਟਾਂ 'ਚ ਨਹੀਂ ਖੜ੍ਹਨਾ'
NEXT STORY