ਮਮਦੋਟ, (ਸੰਜੀਵ, ਧਵਨ)- ਸੂਬੇ ਅੰਦਰ ਜ਼ਿਆਦਾਤਰ ਸਰਕਾਰੀ ਹਸਪਤਾਲ ਲਾਪ੍ਰਵਾਹੀਆਂ ਅਤੇ ਹੋਰ ਤਰੁੱਟੀਆਂ ਆਦਿ ਕਾਰਨ ਅਕਸਰ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਅਜਿਹੀਆਂ ਲਾਪ੍ਰਵਾਹੀਆਂ ਆਮ ਤੌਰ 'ਤੇ ਇਨਸਾਨ ਦੀ ਜਾਨ ਲਈ ਅਕਸਰ ਹੀ ਘਾਤਕ ਸਿੱਧ ਹੁੰਦੀਆਂ ਹਨ, ਜਿਸਦੀ ਇਕ ਤਾਜ਼ਾ ਉਦਾਹਰਣ ਸਰਹੱਦੀ ਕਸਬਾ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਵੇਖਣ ਨੂੰ ਮਿਲੀ, ਜਿਥੇ ਮਰੀਜ਼ਾਂ ਦੀਆਂ ਬੀਮਾਰੀਆਂ ਦਾ ਪਤਾ ਲਾਣ ਵਾਸਤੇ ਲਏ ਜਾਣ ਵਾਲੇ ਟੈਸਟ ਲਈ ਤਾਇਨਾਤ ਲੈਬ ਟੈਕਨੀਸ਼ੀਅਨ ਫਰਲੋ 'ਤੇ ਹੋ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਲਈ ਨਿੱਜੀ ਤੌਰ 'ਤੇ ਅਣਅਧਿਕਾਰਤ ਪ੍ਰਾਈਵੇਟ ਵਿਅਕਤੀ ਨੂੰ ਲੈਬ ਦਾ ਸਾਰਾ ਕੰਮ ਸੌਂਪ ਕੇ ਚਲਾ ਗਿਆ। ਗੌਰਤਲਬ ਹੈ ਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਰੀਬ 35 ਮਰੀਜ਼ਾਂ ਦੇ ਬਲੱਡ ਸਮੇਤ ਹੋਰ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ ਵਧੇਰੇ ਗਰਭਵਤੀ ਔਰਤਾਂ ਸ਼ਾਮਿਲ ਹਨ।
ਪੱਤਰਕਾਰਾਂ ਦੀ ਟੀਮ ਨੇ ਸਿਵਲ ਹਸਪਤਾਲ ਅੰਦਰ ਸਥਿਤ ਲੈਬਾਰਟਰੀ 'ਚ ਜਾ ਕੇ ਦੇਖਿਆ ਤਾਂ ਉਕਤ ਅਣਅਧਿਕਾਰਤ ਪ੍ਰਾਈਵੇਟ ਨੌਜਵਾਨ ਮਰੀਜ਼ਾਂ ਦੇ ਬਲੱਡ ਸੈਂਪਲ ਲੈ ਰਿਹਾ ਸੀ ਤੇ ਗਰਭਵਤੀ ਔਰਤਾਂ ਸਮੇਤ ਇਕ ਦਰਜਨ ਮਰੀਜ਼ ਕਤਾਰ 'ਚ ਖੜ੍ਹੇ ਸਨ। ਡਿਊਟੀ ਸਬੰਧੀ ਪੁੱਛਣ 'ਤੇ ਉਸਨੇ ਦੱਸਿਆ ਕਿ ਲੈਬ ਟੈਕਨੀਸ਼ੀਅਨ ਛੁੱਟੀ 'ਤੇ ਹੈ ਅਤੇ ਨਿੱਜੀ ਤੌਰ 'ਤੇ ਮੇਰੀ ਜ਼ਿੰਮੇਵਾਰੀ ਲਾ ਕੇ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੈਬ ਸੰਚਾਲਕ ਨੇ ਛੁੱਟੀ 'ਤੇ ਜਾਣ ਤੋਂ ਪਹਿਲਾਂ ਇਸ ਬਾਰੇ ਜ਼ਰਾ ਵੀ ਨਹੀਂ ਸੋਚਿਆ ਕਿ ਤਿੰਨ ਦਰਜਨ ਮਰੀਜ਼ਾਂ ਦੇ ਟੈਸਟ ਕਿਵੇਂ ਹੋਣਗੇ ਤੇ ਇਹ ਸੈਂਪਲ ਕੌਣ ਲਵੇਗਾ ਤੇ ਰਿਪੋਰਟਾਂ ਕੌਣ ਜਾਰੀ ਕਰੇਗਾ? ਸਭ ਤੋਂ ਵੱਡੀ ਤ੍ਰਾਸਦੀ ਵਾਲੀ ਗੱਲ ਇਹ ਵੀ ਹੈ ਕਿ ਲਾਪ੍ਰਵਾਹੀ ਕਾਰਨ ਬਲੱਡ ਲੈ ਚੁੱਕੀਆਂ ਸਰਿੰਜਾਂ ਆਦਿ ਲਾਵਾਰਿਸ ਹਾਲਤ 'ਚ ਪਈਆਂ ਹੋਈਆਂ ਸਨ, ਜਿੰਨਾਂ ਨੂੰ ਤੁਰੰਤ ਨਸ਼ਟ ਕਰ ਦੀਆਂ ਸਖਤ ਹਦਾਇਤਾਂ ਮਿਲੀਆਂ ਹੁੰਦੀਆਂ ਹਨ ਤੇ ਅਜਿਹੀ ਹਾਲਤ 'ਚ ਪਈਆਂ ਸਰਿੰਜਾਂ ਆਦਿ ਗਰਭਵਤੀ ਔਰਤਾਂ ਲਈ ਕਿੰਨੀਆਂ ਕੁ ਖਤਰਨਾਕ ਹੋ ਸਕਦੀਆਂ ਹਨ, ਦਾ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦੇ ਹੈ।
ਲਾਪ੍ਰਵਾਹੀ ਦੇ ਮਾਮਲੇ 'ਚ ਕੀਤੀ ਜਾਵੇਗੀ ਕਾਰਵਾਈ : ਡਾ. ਸ਼ੀਤਲ
ਉੱਧਰ ਇਸ ਸਾਰੇ ਮਾਮਲੇ ਸਬੰਧੀ ਲੇਡੀ ਐੱਸ. ਐੱਮ. ਓ. ਡਾ. ਸ਼ੀਤਲ ਨਾਰੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੈਬ ਨੂੰ ਹੈਂਡਲ ਕਰ ਰਹੇ ਵਿਅਕਤੀ ਨੂੰ ਸਾਡੇ ਵੱਲੋਂ ਕੋਈ ਡਿਊਟੀ ਨਹੀਂ ਦਿੱਤੀ ਗਈ ਤੇ ਲੈਬ ਟੈਕਨੀਸ਼ੀਅਨ ਨਿੱਜੀ ਤੌਰ 'ਤੇ ਜ਼ਿੰਮੇਵਾਰੀ ਸੌਂਪ ਕੇ ਗਿਆ ਚਲਾ ਹੈ, ਜੋ ਕਿ ਅਣਅਧਿਕਾਰਿਤ ਹੈ। ਉਨ੍ਹਾਂ ਕਿਹਾ ਕਿ ਲਿਖਤੀ ਸ਼ਿਕਾਇਤ ਮਿਲਣ 'ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਮਹੰਤ ਦੀ ਕੁੱਟਮਾਰ ਕਰ ਕੇ ਨਕਦੀ ਅਤੇ ਮੋਬਾਇਲ ਖੋਹਿਆ
NEXT STORY