ਮੋਹਾਲੀ(ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਅੱਜ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਗੇਟ ਰੈਲੀ ਕੀਤੀ। ਕਰਮਚਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਬੋਰਡ 'ਚ ਛੇਤੀ ਹੀ ਚੇਅਰਮੈਨ ਦੀ ਨਿਯੁਕਤੀ ਕੀਤੀ ਜਾਵੇ ਕਿਉਂਕਿ ਚੇਅਰਮੈਨ ਦੇ ਨਾ ਹੋਣ ਕਾਰਨ ਸਿੱਖਿਆ ਬੋਰਡ ਦਾ ਕੰਮਕਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਤੇ ਪਰਵਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਪਿਛਲੇ ਦਿਨੀਂ ਬੋਰਡ ਦੇ ਚੇਅਰਮੈਨ ਵਲੋਂ ਤਿਆਗ ਪੱਤਰ ਦਿੱਤੇ ਜਾਣ ਤੋਂ ਬਾਅਦ ਚੇਅਰਮੈਨ ਦਾ ਚਾਰਜ ਵਧੀਕ ਮੁੱਖ ਸਕੱਤਰ ਆਰ. ਵਜਰਾਲਿੰਗਮ ਨੂੰ ਦਿੱਤਾ ਗਿਆ ਸੀ ਪਰ ਉਹ ਅੱਜ ਤਕ ਬੋਰਡ ਦੇ ਦਫਤਰ 'ਚ ਨਹੀਂ ਆਏ। ਸਿੱਖਿਆ ਬੋਰਡ ਪੂਰੇ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਦਾ ਪ੍ਰਬੰਧ ਕਰਦਾ ਹੈ ਤੇ ਉਨ੍ਹਾਂ ਦੀਆਂ ਪ੍ਰੀਖਿਆਵਾਂ ਆਯੋਜਿਤ ਕਰਦਾ ਹੈ। ਇਸ ਤੋਂ ਇਲਾਵਾ ਬੋਰਡ ਦੇ ਹੋਰ ਵੀ ਜ਼ਰੂਰੀ ਕੰਮ ਹੁੰਦੇ ਹਨ ਪਰ ਚੇਅਰਮੈਨ ਦੇ ਨਾ ਆਉਣ ਕਾਰਨ ਸਾਰੇ ਕੰਮ ਠੱਪ ਪਏ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੋਰਡ 'ਚ ਸਥਾਈ ਤੌਰ 'ਤੇ ਚੇਅਰਮੈਨ ਨਿਯੁਕਤ ਕੀਤਾ ਜਾਵੇ ਤੇ ਜਦੋਂ ਤਕ ਚੇਅਰਮੈਨ ਦੀ ਨਿਯੁਕਤੀ ਨਹੀਂ ਹੁੰਦੀ, ਉਦੋਂ ਤਕ ਸਿੱਖਿਆ ਸਕੱਤਰ ਨੂੰ ਬੋਰਡ ਦੇ ਦਫਤਰ 'ਚ ਆ ਕੇ ਰੁਕੇ ਪਏ ਕੰਮਾਂ ਪੂਰਾ ਕਰਨ ਲਈ ਕਿਹਾ ਜਾਏ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਆਖਰੀ ਸਮੇਂ 'ਤੇ ਸੀਨੀਅਰ ਵਾਈਸ ਚੇਅਰਮੈਨ ਦੀ ਇਕ ਨਵੀਂ ਪੋਸਟ ਬਣਾ ਕੇ ਬੋਰਡ 'ਤੇ ਵਿੱਤੀ ਬੋਝ ਪਾ ਦਿੱਤਾ ਹੈ, ਇਸ ਲਈ ਇਸ ਪੋਸਟ ਨੂੰ ਸਮਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੀ. ਪੀ. ਆਈ. ਕਾਲਜ ਵਲੋਂ ਸਿੱਖਿਆ ਬੋਰਡ ਦਫਤਰ 'ਚ ਆਪਣਾ ਦਫਤਰ ਸਥਾਪਿਤ ਕਰਨ ਲਈ ਬਿਲਡਿੰਗ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ, ਜਿਸ ਦਾ ਯੂਨੀਅਨ ਡਟ ਕੇ ਵਿਰੋਧ ਕਰੇਗੀ। ਯੂਨੀਅਨ ਨੇ ਉਲਟਾ ਡੀ. ਪੀ. ਆਈ. ਰਾਹੀਂ ਕਿਰਾਏ 'ਤੇ ਲਈ ਗਈ ਸਿੱਖਿਆ ਬੋਰਡ ਦੀ ਬਿਲਡਿੰਗ ਦਾ ਕਰੋੜਾਂ ਰੁਪਏ ਦਾ ਬਕਾਇਆ/ਕਿਰਾਇਆ ਅਦਾ ਕਰਨ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਮੰਨਣ ਲਈ ਕਿਹਾ।
ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 23 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਅਨੁਪੂਰਕ ਪ੍ਰੀਖਿਆਵਾਂ ਦਾ ਸਿੱਖਿਆ ਬੋਰਡ ਦੇ ਕਰਮਚਾਰੀ ਬਾਈਕਾਟ ਕਰਨਗੇ। ਉਨ੍ਹਾਂ ਕਿਹਾ ਕਿ 12ਵੀਂ ਤੇ 10ਵੀਂ ਜਮਾਤ ਦੀਆਂ ਅਨੁਪੂਰਕ ਪ੍ਰੀਖਿਆਵਾਂ 23 ਤੇ 24 ਜੂਨ ਤੋਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੇ ਬਾਈਕਾਟ ਕਾਰਨ ਹੋ ਸਕਦਾ ਹੈ ਕਿ ਪ੍ਰੀਖਿਆਵਾਂ ਵਿਚ ਦੇਰੀ ਹੋ ਜਾਵੇ। ਦੇਰ ਸ਼ਾਮ ਐਸੋਸੀਏਸ਼ਨ ਦੇ ਮੈਂਬਰ ਆਰ. ਵਜਰਾਲਿੰਗਮ ਨੂੰ ਵੀ ਮਿਲੇ।
ਸ਼ਿਵ ਸੈਨਾ ਤੇ ਗਰਮ-ਦਲੀਆਂ ਦੀ ਲੜਾਈ ਨੌਜਵਾਨ ਨੂੰ ਪਈ ਮਹਿੰਗੀ
NEXT STORY