ਅੰਮ੍ਰਿਤਸਰ - ਆਪ੍ਰੇਸ਼ਨ ਬਲਿਊ ਸਟਾਰ ਦੀ 33ਵੀਂ ਬਰਸੀ ਮੌਕੇ ਸ਼ਿਵ ਸੈਨਾ ਅਤੇ ਗਰਮ-ਦਲੀਆਂ 'ਚ ਛਿੜੀ ਆਪਸੀ ਬਹਿਸ ਗੁਰਦਾਸਪੁਰ ਦੇ ਨੌਜਵਾਨ ਦਲਜੀਤ ਸਿੰਘ ਉਰਫ ਬੌਬੀ 'ਤੇ ਭਾਰੀ ਪੈ ਗਈ ਹੈ। ਪਰਿਵਾਰ ਵੱਲੋਂ 4 ਜ਼ਿਲਿਆਂ ਦੀ ਪੁਲਸ ਕੋਲ ਪਹੁੰਚ ਕਰਨ ਦੇ ਬਾਵਜੂਦ ਉਸ ਦਾ ਕੋਈ ਵੀ ਥਹੁ-ਪਤਾ ਨਹੀਂ ਲੱਗ ਰਿਹਾ। ਸਿੱਖ ਯੂਥ ਫੈੱਡਰੇਸ਼ਨ ਦੇ ਆਗੂ ਪਰਿਵਾਰ ਸਮੇਤ ਅੱਜ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲੇ ਅਤੇ ਦਰਖਾਸਤ ਦਿੱਤੀ ਕਿ ਨੌਜਵਾਨ ਦਲਜੀਤ ਸਿੰਘ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਸਬੰਧੀ ਪੁਲਸ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਜਲਦ ਹੀ ਉਨ੍ਹਾਂ ਨੂੰ ਇਨਸਾਫ ਦਿਵਾਉਣਗੇ।
ਦਲਜੀਤ ਸਿੰਘ ਦੇ ਭਰਾ ਹਰਪਿੰਦਰ ਸਿੰਘ ਨੇ ਦੱਸਿਆ ਕਿ 10 ਜੂਨ ਤੋਂ ਉਸ ਦੇ ਭਰਾ ਨੂੰ ਪੁਲਸ ਘਰੋਂ ਚੁੱਕ ਕੇ ਲੈ ਗਈ ਪਰ ਅਜੇ ਤੱਕ ਕੁਝ ਨਹੀਂ ਦੱਸਿਆ ਜਾ ਰਿਹਾ ਕਿ ਉਸ ਨੂੰ ਕਿਸ ਮਾਮਲੇ ਵਿਚ ਚੁੱਕਿਆ ਅਤੇ ਇਸ ਸਮੇਂ ਕਿਥੇ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੀ ਪੁਲਸ ਅੰਮ੍ਰਿਤਸਰ ਪਤਾ ਕਰਨ ਲਈ ਕਹਿ ਰਹੀ ਹੈ ਤੇ ਅੰਮ੍ਰਿਤਸਰ ਦੀ ਪੁਲਸ ਉਨ੍ਹਾਂ ਨੂੰ ਤਰਨਤਾਰਨ ਤੇ ਹੁਸ਼ਿਆਰਪੁਰ ਨੂੰ ਤੋਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਦੀ ਹਾਲਤ ਖ਼ਰਾਬ ਹੋ ਰਹੀ ਹੈ ਪਰ ਪੁਲਸ ਉਨ੍ਹਾਂ ਨੂੰ ਪਿਛਲੇ 4 ਦਿਨਾਂ ਤੋਂ ਖੱਜਲ-ਖੁਆਰ ਕਰ ਰਹੀ ਹੈ। ਫੈੱਡਰੇਸ਼ਨ ਆਗੂ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 10 ਜੂਨ ਨੂੰ ਸ਼ਾਮ ਦੇ 7 ਵਜੇ ਪਿੰਡ ਘੁੱਲਾ ਗੁਰਦਾਸਪੁਰ ਤੋਂ ਪੁਲਸ ਦਲਜੀਤ ਸਿੰਘ ਨੂੰ ਚੁੱਕ ਕੇ ਲੈ ਗਈ। ਪੁਲਸ ਨੇ ਇਹ ਵੀ ਨਹੀਂ ਦੱਸਿਆ ਕਿ ਉਹ ਕਿਸ ਦੋਸ਼ ਵਿਚ ਲੈ ਕੇ ਗਈ ਹੈ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਸਾਰੇ ਥਾਣਿਆਂ 'ਚੋਂ ਪੁੱਛਗਿੱਛ ਕਰਨ ਦੇ ਬਾਵਜੂਦ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪਰਿਵਾਰ ਦੇ ਮੈਂਬਰਾਂ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਪੁਲਸ ਦਲਜੀਤ ਸਿੰਘ ਨੂੰ ਕਿਸੇ ਗਲਤ ਕੇਸ ਵਿਚ ਫਸਾ ਸਕਦੀ ਹੈ। ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਜੇ ਉਸ ਨੇ ਕੋਈ ਗੈਰ-ਕਾਨੂੰਨੀ ਕੰਮ ਕੀਤਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕਰ ਕੇ ਅਦਾਲਤ 'ਚ ਪੇਸ਼ ਕੀਤਾ ਜਾਵੇ, ਨਾ ਕਿ ਲੁਕਾ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਘਰ ਵਿਚ ਕਾਫੀ ਮਾਯੂਸੀ ਛਾਈ ਹੋਈ ਹੈ। ਉਨ੍ਹਾਂ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਫੇਸਬੁੱਕ 'ਤੇ ਕੋਈ ਕੁਮੈਂਟ ਲਿਖਣ ਦੇ ਮਾਮਲੇ 'ਚ ਹੋ ਸਕਦਾ ਹੈ ਕਿ ਪੁਲਸ ਨੇ ਉਸ ਨੂੰ ਚੁੱਕਿਆ ਹੋਵੇ ਪਰ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਮਰਨ ਤੋਂ ਪਹਿਲਾਂ ਪੁੱਤ ਨੇ ਲਿਖਿਆ ਅਜਿਹਾ ਸੁਸਾਈਡ ਨੋਟ ਕਿ ਪੜ੍ਹ ਕੇ ਪੁਲਸ ਸਣੇ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
NEXT STORY