ਭਾਮੀਆਂ ਕਲਾਂ, (ਜ.ਬ.)- ਪਿਛਲੇ ਕਾਫੀ ਦਿਨਾਂ ਤੋਂ ਔਰਤਾਂ ਦੇ ਅਚਾਨਕ ਕੱਟੇ ਜਾ ਰਹੇ ਵਾਲਾਂ ਦੀਆਂ ਵਾਪਰ ਰਹੀਆਂ ਘਟਨਾਵਾਂ ਜਿਥੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਇਨ੍ਹਾਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਜਾਰੀ ਹੈ। ਇਨ੍ਹਾਂ ਘਟਨਾਵਾਂ ਨੇ ਜਿਥੇ ਲੋਕਾਂ ਅੰਦਰ ਇਕ ਅਜੀਬ ਦਹਿਸ਼ਤ ਪੈਦਾ ਕੀਤਾ ਹੋਈ ਹੈ, ਉਥੇ ਪੁਲਸ ਦੇ ਵੀ ਨੱਕ 'ਚ ਦਮ ਕੀਤਾ ਹੋਇਆ ਹੈ, ਜਿਸ ਨੂੰ ਹੱਲ ਕਰਨ ਲਈ ਪੁਲਸ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਤਾਜਪੁਰ ਰੋਡ 'ਤੇ ਸਥਿਤ ਸੰਜੇ ਗਾਂਧੀ ਕਾਲੋਨੀ 'ਚ ਦੇਰ ਸ਼ਾਮ ਵਾਪਰੀ ਇਕ ਘਟਨਾ ਦੌਰਾਨ ਆਪਣੇ ਘਰ ਦੀ ਛੱਤ 'ਤੇ ਗੁਆਂਢ ਦੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੀ ਇਕ 16 ਸਾਲਾ ਨਾਬਾਲਿਗ ਲੜਕੀ ਦੇ ਸ਼ੱਕੀ ਹਾਲਾਤ 'ਚ ਵਾਲ ਕੱਟਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰ. 7 ਦੇ ਇੰਚਾਰਜ ਵਿਕਰਮਜੀਤ ਸਿੰਘ ਅਤੇ ਚੌਕੀ ਤਾਜਪੁਰ ਰੋਡ ਦੇ ਇੰਚਾਰਜ ਦਲਜੀਤ ਸਿੰਘ ਸਮੇਤ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗੋਰਾ ਮੌਕੇ 'ਤੇ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਨਿਸ਼ਾ ਸ਼ਰਮਾ ਪੁੱਤਰੀ ਸਚਿਨ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਘਰ ਦੀ ਛੱਤ 'ਤੇ ਆਪਣੀ ਭੈਣ ਅਤੇ ਦੋ ਹੋਰ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੀ ਸੀ। ਇਸ ਦੌਰਾਨ ਉਹ ਆਪਣੇ ਵਾਲਾਂ ਨੂੰ ਕੰਘੀ ਕਰਨ ਲਈ ਛੱਤ 'ਤੇ ਬਣੇ ਕਮਰੇ 'ਚ ਗਈ ਤਾਂ ਅਚਾਨਕ ਉਸ ਦੀਆਂ ਅੱਖਾਂ ਅੱਗੇ ਧੁੰਦਲਾਪਣ ਆ ਗਿਆ ਅਤੇ ਉਹ ਬੇਸੁਰਤ ਹੋ ਗਈ।
ਉਸ ਨੂੰ ਡਿੱਗੀ ਹੋਈ ਦੇਖ ਬੱਚਿਆਂ ਨੇ ਤੁਰੰਤ ਬਾਹਰ ਜਾ ਕੇ ਰੌਲਾ ਪਾਇਆ, ਜਿਸ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਜੁਟੀ ਜਾਂਚ 'ਚ- ਘਟਨਾ ਬਾਰੇ ਸੂਚਨਾ ਮਿਲਦੇ ਹੀ ਥਾਣਾ ਮੁਖੀ ਅਤੇ ਚੌਕੀ ਇੰਚਾਰਜ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਲੜਕੀ ਦੀ ਮਾਤਾ ਵੰਦਨਾ ਸ਼ਰਮਾ ਦੇ ਬਿਆਨ ਲੈ ਕੇ ਤਫਤੀਸ਼ ਸ਼ੁਰੂ ਕੀਤੀ ਹੈ। ਜਲਦ ਹੀ ਇਸ ਘਟਨਾ ਦੀ ਸੱਚਾਈ ਦਾ ਪਤਾ ਲਗਾ ਲਿਆ ਜਾਵੇਗਾ।
ਮੂੰਡੀਆਂ ਖੁਰਦ 'ਚ ਵੀ ਵਾਪਰੀ ਘਟਨਾ- ਇਥੇ ਜ਼ਿਕਰਯੋਗ ਹੈ ਕਿ ਸੋਮਵਾਰ ਦੀ ਦੇਰ ਰਾਤ ਮੂੰਡੀਆਂ ਖੁਰਦ ਦੇ ਨੇੜੇ ਮੂੰਡੀਆਂ ਟਿੱਬਾ ਦੇ ਇਕ ਵਿਹੜੇ 'ਚ ਵੀ ਉਸ ਸਮੇਂ ਵਾਲ ਕੱਟਣ ਦੀ ਘਟਨਾ ਵਾਪਰੀ, ਜਦੋਂ ਆਪਣੇ ਘਰ 'ਚ ਮੋਬਾਇਲ 'ਤੇ ਗੇਮ ਖੇਡ ਰਹੀ ਇਕ ਔਰਤ ਦੇ ਸ਼ੱਕੀ ਹਾਲਾਤ 'ਚ ਵਾਲ ਕੱਟੇ ਗਏ। ਚੌਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਗਾਇਤਰੀ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਬੈਠੀ ਹੋਈ ਸੀ।
ਇਸ ਦੌਰਾਨ ਉਸ ਨੇ ਅਚਾਨਕ ਕੰਧ ਤੋਂ ਇਕ ਬਿੱਲੀ ਨੂੰ ਉਤਰਦੇ ਹੋਏ ਦੇਖਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਗਈ। ਵਿਹੜੇ ਦੇ ਲੋਕਾਂ ਨੇ ਉਸ ਨੂੰ ਡਿੱਗੇ ਹੋਏ ਦੇਖਿਆ ਤਾਂ ਤੁਰੰਤ ਚੁੱਕ ਕੇ ਹਸਪਤਾਲ ਲਿਜਾਇਆ ਗਿਆ। ਜਦੋਂ ਉਸ ਨੇ ਦੇਖਿਆ ਤਾਂ ਉਸ ਦੇ ਵਾਲ ਸ਼ੱਕੀ ਹਾਲਾਤ 'ਚ ਕੱਟੇ ਹੋਏ ਸਨ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਉਕਤ ਔਰਤ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
ਕਾਰਡ ਦਾ ਕਲੋਨ ਬਣਾਉਣ ਵਾਲੇ ਗ੍ਰਿਫਤ 'ਚ, ਹੋਣਗੇ ਵੱਡੇ ਖੁਲਾਸੇ
NEXT STORY