ਜਲੰਧਰ, (ਸ਼ੋਰੀ)- ਇਕ ਪਾਸੇ ਸਿਹਤ ਮੰਤਰੀ ਦਾਅਵਾ ਕਰਦੇ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਸਖਤ ਹੁਕਮ ਦਿੱਤੇ ਹੋਏ ਹਨ ਕਿ ਮਰੀਜ਼ਾਂ ਦੀ ਸਹੀ ਢੰਗ ਨਾਲ ਦੇਖ-ਭਾਲ ਹੋਵੇ ਪਰ ਦੂਜੇ ਪਾਸੇ ਸਿਵਲ ਹਸਪਤਾਲ ਜਲੰਧਰ ਵਿਚ ਤਾਂ ਡਾਕਟਰ ਡਿਊਟੀ ਦੌਰਾਨ ਗਾਇਬ ਹੀ ਮਿਲਦੇ ਹਨ। ਅਜਿਹਾ ਹੀ ਮਾਮਲਾ ਅੱਜ ਦੇਰ ਸ਼ਾਮ ਵੇਖਣ ਨੂੰ ਮਿਲਿਆ, ਜਦੋਂ ਮੈਡੀਕਲ ਸੁਪਰਡੈਂਟ ਡਾ. ਐੱਸ. ਕੇ. ਬਾਵਾ ਨੇ ਅਚਾਨਕ ਹਸਪਤਾਲ ਵਿਚ ਛਾਪਾ ਮਾਰ ਕੇ ਚੈੱਕ ਕੀਤਾ ਕਿ ਹਸਪਤਾਲ ਵਿਚ ਸਟਾਫ ਤੇ ਡਾਕਟਰ ਕਿਸ ਤਰ੍ਹਾਂ ਮਰੀਜ਼ਾਂ ਦੀ ਦੇਖ-ਭਾਲ ਕਰਦੇ ਹਨ।
ਜਾਣਕਾਰੀ ਮੁਤਾਬਿਕ ਡਾ. ਬਾਵਾ ਨੇ ਟਰੋਮਾ ਵਾਰਡ ਦਾ ਦੌਰਾ ਕੀਤਾ ਤੇ ਸਾਫ-ਸਫਾਈ ਪ੍ਰਬੰਧਾਂ ਨੂੰ ਚੈੱਕ ਕੀਤਾ। ਇਸ ਦੌਰਾਨ ਉਨ੍ਹਾਂ ਡਿਊਟੀ 'ਤੇ ਤਾਇਨਾਤ ਆਰ. ਐੱਮ. ਓ. ਡਾਕਟਰ, ਜੋ ਕਿ ਪੂਰੇ ਹਸਪਤਾਲ ਵਿਚ ਗੰਭੀਰ ਮਰੀਜ਼ਾਂ ਦੇ ਚੈੱਕਅਪ ਲਈ ਜਾਣੇ ਜਾਂਦੇ ਹਨ, ਨੂੰ ਬੁਲਾਉਣ ਲਈ ਸਟਾਫ ਨੂੰ ਕਿਹਾ ਤਾਂ ਅੱਗਿਓਂ ਜਵਾਬ ਮਿਲਿਆ ਕਿ ਉਹ ਤਾਂ ਘਰ ਚਲੇ ਗਏ ਹਨ। ਇਹ ਸੁਣ ਕੇ ਡਾ. ਬਾਵਾ ਗੁੱਸੇ ਹੋਏ ਤੇ ਉਨ੍ਹਾਂ ਡਾਕਟਰ 'ਤੇ ਕਾਰਵਾਈ ਕੀਤੀ।
ਇਸ ਦੇ ਨਾਲ ਹੀ ਡਾ. ਬਾਵਾ ਹਸਪਤਾਲ ਦੇ ਹੋਰਨਾਂ ਵਾਰਡਾਂ ਵਿਚ ਵੀ ਗਏ ਤੇ ਮਰੀਜ਼ਾਂ ਕੋਲੋਂ ਖੁਦ ਜਾਣਕਾਰੀ ਹਾਸਲ ਕੀਤੀ ਤੇ ਉਨ੍ਹਾਂ ਕੋਲੋਂ ਪੁੱਛਿਆ ਕਿ ਉਨ੍ਹਾਂ ਨਾਲ ਡਾਕਟਰ ਤੇ ਸਟਾਫ ਸਹੀ ਵਰਤਾਅ ਕਰਦੇ ਹਨ ਜਾਂ ਨਹੀਂ। ਮਰੀਜ਼ਾਂ ਨੇ ਪੂਰੀ ਤਰ੍ਹਾਂ ਸੰਤੁਸ਼ਟੀ ਪ੍ਰਗਟ ਕੀਤੀ। ਗੱਲਬਾਤ ਦੌਰਾਨ ਡਾ. ਬਾਵਾ ਨੇ ਦੱਸਿਆ ਕਿ ਜੋ ਡਾਕਟਰ ਡਿਊਟੀ ਦੌਰਾਨ ਗੈਰ-ਹਾਜ਼ਰ ਪਾਇਆ ਗਿਆ ਹੈ, ਉਸ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਹੋਣ ਦੇ ਨਾਲ ਨਾਲ ਬਣਦੀ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਤੁਰੰਤ ਦੂਜੇ ਡਾਕਟਰ ਦੀ ਡਿਊਟੀ ਟਰੋਮਾ ਵਾਰਡ ਵਿਚ ਲਾਈ ਤਾਂ ਜੋ ਟਰੋਮਾ ਵਾਰਡ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਰਾਜਧਾਨੀ ਟਰਾਂਸਪੋਰਟ ਦੇ ਕਰਮਚਾਰੀ ਵਿਰੁੱਧ ਮਾਮਲਾ ਦਰਜ
NEXT STORY