ਮਨੋਰੰਜਨ ਡੈਸਕ - 1997 ਦੀ ਸੁਪਰਹਿੱਟ ਜੰਗੀ ਫਿਲਮ ‘ਬਾਰਡਰ’ ਤੋਂ ਬਾਅਦ ਹੁਣ ‘ਬਾਰਡਰ 2’ ਨੂੰ ਵੀ ਦਰਸ਼ਕਾਂ ਵੱਲੋਂ ਜ਼ਬਰਦਸਤ ਪਿਆਰ ਮਿਲ ਰਿਹਾ ਹੈ। ਫਿਲਮ ਦੀ ਕਹਾਣੀ ਦੀ ਬਹੁਤ ਜ਼ਿਆਦਾ ਸ਼ਲਾਘਾ ਹੋ ਰਹੀ ਹੈ ਤੇ ਇਸ ਦੇ ਗਾਣੇ ਹਰ ਥਾਂ ਛਾਏ ਹੋਏ ਹਨ। ਅਨੁਰਾਗ ਸਿੰਘ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ਵਿਚ ਸੰਨੀ ਦਿਓਲ, ਵਰੁਣ ਧਵਨ, ਅਹਾਨ ਸ਼ੈੱਟੀ ਤੇ ਦਿਲਜੀਤ ਦੋਸਾਂਝ ਹਨ। ਨਾਲ ਹੀ ਸੈਕਿੰਡ ਲੀਡ ’ਚ ਅਦਾਕਾਰ ਪ੍ਰਣਵ ਵਸ਼ਿਸ਼ਟ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ‘ਚਮਕੀਲਾ’ ਵਿਚ ਦਿਲਜੀਤ ਨਾਲ ਸਕ੍ਰੀਨ ਸਾਂਝੀ ਕੀਤੀ ਸੀ। ਪ੍ਰਣਵ ਵਸ਼ਿਸ਼ਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਪ੍ਰ. ਫਿਲਮ ਰਿਲੀਜ਼ ਹੋ ਗਈ ਹੈ, ਤਾਂ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਹੈ?
-ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ, ਬਹੁਤ ਸਾਰੇ ਮੈਸੇਜ ਵੀ ਮਿਲ ਰਹੇ ਹਨ। ਬਹੁਤ ਗ੍ਰੇਟਫੁਲ ਹਾਂ। ਹਾਲੇ ਤਾਂ ਫਿਲਮ ਬਹੁਤ ਵਧੀਆ ਚੱਲ ਰਹੀ ਹੈ। ਦੇਖਦੇ ਹਾਂ ਅੱਗੇ ਕੀ ਹੁੰਦਾ ਹੈ।
ਪ੍ਰ. ‘ਬਾਰਡਰ 2’ ਦਾ ਹਿੱਸਾ ਬਣਨਾ ਤੁਹਾਡੇ ਲਈ ਕਿੰਨਾ ਖ਼ਾਸ ਸੀ?
ਜਦੋਂ ਵੀ ਅਸੀਂ ਕਿਸੇ ਜੰਗ ਬਾਰੇ ਸੋਚਦੇ ਹਾਂ ਅਤੇ ਜਿਸ ਫਿਲਮ ਦਾ ਨਾਮ ਦਿਮਾਗ਼ ’ਚ ਸਭ ਤੋਂ ਪਹਿਲਾਂ ਆਉਂਦਾ ਹੈ, ਉਹ ਹੈ ‘ਬਾਰਡਰ’। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣਾਂਗਾ ਕਿਉਂਕਿ ਇਹ ਕਿਸੇ ਵੀ ਕਲਾਕਾਰ ਲਈ ਡਰੀਮ ਕਮ ਟਰੂ ਪ੍ਰੋਜੈਕਟ ਹੈ ਕਿਉਂਕਿ ਤੁਸੀਂ ਇੰਨੀ ਆਈਕਾਨਿਕ ਫਿਲਮ ਦਾ ਹਿੱਸਾ ਬਣ ਰਹੇ ਹੋ। ਸ਼ੁਰੂਆਤ ਦੇ ਦਿਨਾਂ ’ਚ ਜਦੋਂ ਮੈਂ ਸ਼ੂਟਿੰਗ ਕਰ ਰਿਹਾ ਸੀ ਤਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਸੱਚਮੁੱਚ ਹੋ ਰਿਹਾ ਹੈ ਕੀ ਮੈਂ ਸੰਨੀ ਦਿਓਲ ਸਰ ਸਾਹਮਣੇ ਖੜ੍ਹਾ ਹੋ ਕੇ ਐਕਟ ਕਰ ਰਿਹਾ ਹਾਂ। ਇਹ ਇਕ ਬਹੁਤ ਹੀ ਵੱਖਰਾ ਤੇ ਸ਼ਾਨਦਾਰ ਅਨੁਭਵ ਸੀ।
ਪ੍ਰ. ਸਟਾਰ ਕਾਸਟ ਇਸ ਫਿਲਮ ਦੀ ਵੀ ਬਹੁਤ ਸ਼ਾਨਦਾਰ ਹੈ। ਉਨ੍ਹਾਂ ਨਾਲ ਕੰਮ ਕਰਨ ਦਾ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ?
ਮੇਰਾ ਜ਼ਿਆਦਾ ਸੰਨੀ ਸਰ ਦੇ ਨਾਲ ਹੀ ਕੰਮ ਸੀ, ਕਿਉਂਕਿ ਮੈਂ ਸਿੱਖ ਰੈਜੀਮੈਂਟ ਵਿਚ ਸੈਕਿੰਡ ਲੈਫਟੀਨੈਂਟ ਹਾਂ ਅਜੀਤ ਸਿੰਘ। ਸੰਨੀ ਸਰ ਦੇ ਨਾਲ ਹੀ ਸੀ ਮੇਰੇ ਜ਼ਿਆਦਾ ਸੀਨ ਅਤੇ ਉਹ ਬਿਲਕੁਲ ਉਵੇਂ ਦੇ ਹੀ ਹਨ, ਜਿਵੇਂ ਵੱਡੇ ਪਰਦੇ ’ਤੇ ਸਾਨੂੰ ਦਿਖਦੇ ਹਨ। ਉਹੀ ਅੰਦਾਜ, ਉਹੀ ਗੁੱਸਾ ਦਿੱਖਦਾ ਹੈ ਕੈਮਰੇ ’ਤੇ, ਪਰ ਆਫ ਕੈਮਰਾ ਉਹ ਬਹੁਤ ਸ਼ਾਂਤ ਅਤੇ ਸ਼ਰਮੀਲੇ ਹਨ ਅਤੇ ਸਭ ਤੋਂ ਖਾਸ ਗੱਲ ਹੈ ਕਿ ਉਹ ਸਾਰਿਆਂ ਨਾਲ ਬਹੁਤ ਵਧੀਆ ਢੰਗ ਨਾਲ ਗੱਲ ਕਰਦੇ ਹਨ। ਉਹ ਇਕ ਜੈਂਟਲਮੈਨ ਹਨ।
ਪ੍ਰ. ਸ਼ੂਟਿੰਗ ਦੌਰਾਨ ਕੋਈ ਅਜਿਹਾ ਪਲ, ਜਦੋਂ ਤੁਹਾਨੂੰ ਸੱਚਮੁੱਚ ਲੱਗਾ ਹੋਵੇ ਕਿ ਤੁਸੀਂ ‘ਐਕਟਰ ਨਹੀਂ, ਇਕ ਸੋਲਜਰ’ ਬਣ ਗਏ ਹੋ?
-ਹਾਂ, ਉਸ ਪਲ ਕਿਉਂਕਿ ਜਦੋਂ ਵੀ ਅਸੀਂ ਕੋਈ ਕਿਰਦਾਰ ਨਿਭਾਉਂਦੇ ਹਾਂ, ਅਸੀਂ ਉਸ ਵਿਚ ਪੂਰੀ ਤਰ੍ਹਾਂ ਡੁੱਬ ਜਾਂਦੇ ਹਾਂ। ਜਦੋਂ ਵੀ ਅਸੀਂ ਸੈੱਟ ’ਤੇ ਹੁੰਦੇ ਸੀ ਤਾਂ ਉੱਥੇ ਅਜੀਤ ਸਿੰਘ ਹੀ ਹੁੰਦਾ ਸੀ, ਪ੍ਰਣਵ ਨਹੀਂ। ਸਾਨੂੰ ਥੀਏਟਰ ਵਿਚ ਵੀ ਇਹੋ ਸਿਖਾਇਆ ਗਿਆ ਹੈ ਕਿ ਰੀਅਲਸਟਿਕ ਦਿਖਣਾ ਹੈ। ਸਾਡੇ ਨਿਰਦੇਸ਼ਕ ਨੇ ਵੀ ਸਾਡੀ ਬਹੁਤ ਮਦਦ ਕੀਤੀ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਸੈੱਟ ’ਤੇ ਪਹੁੰਚੇ ਤਾਂ ਪਹਿਲੇ ਦੋ ਦਿਨ ਸਾਨੂੰ ਨਹੀਂ ਪਤਾ ਸੀ ਕਿ ਕੌਣ ਕਿਹੜੀ ਭੂਮਿਕਾ ਨਿਭਾ ਰਿਹਾ ਹੈ। ਦੋ ਦਿਨਾਂ ਬਾਅਦ ਸਾਨੂੰ ਸਕ੍ਰਿਪਟ ਮਿਲੀ ਅਤੇ ਫਿਰ ਸਾਨੂੰ ਪਤਾ ਲੱਗਾ ਕਿ ਕੌਣ ਅਜੀਤ ਸਿੰਘ ਹੈ। ਫਿਰ ਉਸ ਦੀ ਬੈਕ ਸਟੋਰੀ ਬਣੀ ਅਤੇ ਫਿਰ ਦੱਸਿਆ ਕਿ ਕਿਰਦਾਰ ਕਿਹੋ ਜਿਹਾ ਹੈ ਅਤੇ ਕੀ ਕਰਦਾ ਹੈ।
ਪ੍ਰ. ਕਾਸਟਿੰਗ ਦਾ ਪ੍ਰੋਸੈੱਸ ਕੀ ਸੀ ‘ਬਾਰਡਰ’ ਲਈ? ਤੁਸੀਂ ਆਡੀਸ਼ਨ ਦਿੱਤਾ?
-ਨਹੀਂ। ਖ਼ੁਸ਼ਕਿਸਮਤੀ ਨਾਲ ਮੈਨੂੰ ਡਾਇਰੈਕਟ ਕਾਲ ਆਈ ਸੀ। ਮੈਨੂੰ ਯਾਦ ਹੈ 26 ਫਰਵਰੀ ਸ਼ਿਵਰਾਤਰੀ ਦਾ ਦਿਨ ਸੀ ਅਤੇ ਮੈਂ ਮੰਦਰ ਵਿਚ ਹੀ ਸੀ ਅਤੇ ਉਹ ਸਪੈਸ਼ਲ ਚੀਜ਼ ਸੀ ਕਿ ਬੰਬੇ ਤੋਂ ਫੋਨ ਆਇਆ ਅਤੇ ਪਹਿਲਾ ਸਵਾਲ ਸੀ ਕਿ ਕਿੱਥੇ ਹੋ ਅਤੇ ਦਾੜ੍ਹੀ ਕਿੰਨੀ ਹੈ ਅਤੇ ਇੰਟਰੋ ਮੰਗੀ ਪੰਜਾਬੀ ਵਿਚ। ਮੈਂ ਮੰਦਰ ਤੋਂ ਘਰ ਗਿਆ ਅਤੇ ਇੰਟਰੋ ਭੇਜੀ ਅਤੇ ਫਿਰ ਮੰਦਰ ਆ ਗਿਆ। ਫਿਰ ਅਗਲੇ ਦਿਨ ਮੈਨੂੰ ਮੁਕੇਸ਼ ਛਾਬੜਾ ਸਰ ਦੀ ਕਾਲ ਆਈ ਕਿ ਤੁਹਾਨੂੰ ‘ਬਾਰਡਰ 2’ ਲਈ ਲਾੱਕ ਕਰ ਰਿਹਾ ਹਾਂ, ਦਾੜ੍ਹੀ ਨਾ ਕਟਵਾਉਣਾ। ਉਦੋਂ ਮੈਨੂੰ ਪਤਾ ਲੱਗਾ ਕਿ ‘ਬਾਰਡਰ 2’ ਦਾ ਹਿੱਸਾ ਬਣ ਰਿਹਾ ਹਾਂ ਮੈਂ। ਮੈਨੂੰ ਕੁਝ ਪਤਾ ਨਹੀਂ ਸੀ ਕਿ ਇਹ ਹੋਵੇਗਾ ਪਰ ਕਹਿੰਦੇ ਹਨ ਕਿ ਜੋ ਤੁਹਾਡੀ ਕਿਸਮਤ ਵਿਚ ਹੈ, ਉਹ ਤੁਹਾਨੂੰ ਜ਼ਰੂਰ ਮਿਲੇਗਾ।
ਪ੍ਰ. ਆਈ.ਟੀ. ਇੰਜੀਨੀਅਰ ਤੋਂ ਐਕਟਰ ਬਣਨ ਦਾ ਫ਼ੈਸਲਾ—ਇਹ ਪਲਾਨ ਸੀ ਜਾਂ ਇਹ ਵੀ ਕਿਸਮਤ ਦਾ ਮੋੜ?
-ਨਹੀਂ, ਮੇਰੀ ਕੋਈ ਯੋਜਨਾ ਨਹੀਂ ਸੀ, ਇਹ ਵੀ ਕਿਸਮਤ ਹੀ ਹੈ। ਜਦੋਂ ਮੇਰਾ ਕਾਲਜ ਖ਼ਤਮ ਹੋਇਆ ਤਾਂ ਮੈਂ ਸੋਚਦਾ ਸੀ ਕਿ ਇਹ ਕੀ ਹੈ, ਫਿਰ ਇਕ ਕਜ਼ਨ ਮੈਨੂੰ ਇਕ ਥੀਏਟਰ ਗਰੁੱਪ ਵਿਚ ਲੈ ਗਿਆ। ਜਦੋਂ ਮੈਂ ਪਹਿਲੇ ਦਿਨ ਗਿਆ ਤਾਂ ਬਹੁਤ ਅਜੀਬ ਜਿਹਾ ਲੱਗਾ ਪਰ ਫਿਰ ਮੈਂ ਉਹ ਜੁਆਇਨ ਕੀਤਾ ਤਾਂ ਮੈਨੂੰ ਮਜ਼ਾ ਆਉਣ ਲੱਗਾ ਅਤੇ ਉਸ ਤੋਂ ਬਾਅਦ ਤਾਂ ਕਦਮ ਅੱਗੇ ਵਧਦੇ ਗਏ।
ਪ੍ਰ. ਪਰਿਵਾਰ ਅਤੇ ਦੋਸਤਾਂ ਦੀ ਪ੍ਰਤੀਕਿਰਿਆ ਕੀ ਸੀ ਜਦੋਂ ਤੁਸੀਂ ਇੰਜੀਨੀਅਰਿੰਗ ਛੱਡ ਕੇ ਅਦਾਕਾਰੀ ਚੁਣੀ?
-ਪਹਿਲਾਂ ਤਾਂ ਮੈਂ ਜੌਬ ਵੀ ਕਰ ਰਿਹਾ ਸੀ ਅਤੇ ਸੈੱਟ ’ਤੇ ਜਾਂਦਾ ਸੀ ਪਰ ਜਦੋਂ ਮੈਨੂੰ ‘ਚਮਕੀਲਾ’ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਜੌਬ ਛੱਡ ਦਿੱਤੀ ਕਿਉਂਕਿ ਇਮਤਿਆਜ਼ ਅਲੀ ਸਰ ਨਾਲ ਕੰਮ ਕਰਨ ਦਾ ਮੌਕਾ ਗੁਆਉਣਾ ਨਹੀਂ ਚਾਹੁੰਦਾ ਸੀ। ਇਕ ਵਾਰ ਤਾਂ ਮਾਪਿਆਂ ਨੂੰ ਝਟਕਾ ਲੱਗਾ ਸੀ ਪਰ ਸ਼ਾਇਦ ਇਕ ਵਿਸ਼ਵਾਸ ਸੀ ਕਿ ਸਭ ਕੁਝ ਠੀਕ ਹੀ ਹੋਵੇਗਾ, ਇਸ ਲਈ ਉਹ ਵੀ ਮੰਨ ਗਏ। ਚੰਗਾ ਹੀ ਹੋਇਆ ਅਤੇ ਉਹ ਖ਼ੁਸ਼ ਹਨ।
ਪ੍ਰ. ਕਦੇ ਅਜਿਹਾ ਪਲ ਆਇਆ, ਜਦੋਂ ਲੱਗਾ ਕਿ ‘ਕਾਸ਼ ਮੈਂ ਜੌਬ ਜਾਰੀ ਰੱਖੀ ਹੁੰਦੀ’?
ਨਹੀਂ, ਕਦੇ ਵੀ ਨਹੀਂ ਕਿਉਂਕਿ ਜਿੰਨੀ ਖ਼ੁਸ਼ੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਸ ਪ੍ਰੋਫੈਸ਼ਨ ਤੋਂ ਮਿਲੀ, ਮੈਨੂੰ ਨਹੀਂ ਲੱਗਦਾ ਕਿ ਓਨੀ ਉਸ ਜੌਬ ਤੋਂ ਮਿਲਦੀ। ਘਰ ਚਲਾਉਣ ਲਈ ਉਹ ਠੀਕ ਹੈ ਪਰ ਅਸਲੀ ਖ਼ੁਸ਼ੀ ਤੁਹਾਨੂੰ ਆਪਣੇ ਪੈਸ਼ਨ ਤੋਂ ਹੀ ਮਿਲਦੀ ਹੈ।
ਦਿਲਜੀਤ ਦੋਸਾਂਝ ਬਹੁਤ ਸ਼ਾਂਤ ਹਨ, ਹਮੇਸ਼ਾ ਸੈੱਟ ’ਤੇ ਵੀ ਮੰਤਰ ਜਾਪ ਕਰਦੇ ਰਹਿੰਦੇ ਹਨ
ਪ੍ਰ. ਦਿਲਜੀਤ ਨਾਲ ਤੁਸੀਂ ਦੋ ਵਾਰ ਕੰਮ ਕੀਤਾ ਹੈ। ਉਹ ਸੈੱਟ ’ਤੇ ਕਿਵੇਂ ਹੁੰਦੇ ਹਨ?
ਉਹ ਬਹੁਤ ਸ਼ਾਂਤ ਹਨ, ਸੈੱਟ ’ਤੇ ਹਮੇਸ਼ਾ ਓਮ ਨਮਹ ਸ਼ਿਵਾਏ ਜਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਹਨ। ਉਹ ਅਕਸਰ ਆਪਣੇ ਸਪ੍ਰਿਚਿਊਲ ਜ਼ੋਨ ’ਚ ਰਹਿੰਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਉਨ੍ਹਾਂ ਨੂੰ ਸ਼ਾਟ ਵਿਚ ਕੀ ਚਾਹੀਦਾ ਕਿਉਂਕਿ ਉਹ ਬਹੁਤ ਵੱਡੇ ਅਦਾਕਾਰ ਹਨ। ਉਹ ਅਕਸਰ ਸ਼ਾਂਤ ਹੀ ਰਹਿੰਦੇ ਹਨ ਅਤੇ ਜੇ ਤੁਸੀਂ ਜਾਓ ਤਾਂ ਗੱਲਬਾਤ ਵੀ ਚੰਗੀ ਤਰ੍ਹਾਂ ਕਰਦੇ ਹਨ। ਕਦੇ-ਕਦੇ ਮਜ਼ਾਕ ਵੀ ਕਰਦੇ ਹਨ।
ਪ੍ਰ. ਇੰਡਸਟਰੀ ’ਚ ਆਪਣੀ ਜਗ੍ਹਾ ਬਣਾਉਣਾ ਕਿੰਨਾ ਔਖਾ ਹੈ ਖ਼ਾਸ ਕਰ ਕੇ ਬਿਨਾਂ ਫਿਲਮੀ ਪਿਛੋਕੜ ਤੋਂ?
- ਬਹੁਤ ਔਖਾ ਹੈ ਅੱਜ ਦੇ ਸਮੇਂ ’ਚ। ਕਿੰਨੇ ਸਾਰੇ ਆਡੀਸ਼ਨਜ਼ ਤੋਂ ਬਾਅਦ ਇਕ ਰੋਲ ਮਿਲਦਾ ਹੈ ਅਤੇ ਰੋਲ ਮਿਲਣ ਤੋਂ ਬਾਅਦ ਵੀ ਕਿੰਨਾ ਹਿੱਸਾ ਫਿਲਮ ’ਚ ਦਿਸਦਾ ਹੈ, ਇਹ ਵੀ ਨਿਰਭਰ ਕਰਦਾ ਹੈ ਅਤੇ ਉਸੇ ’ਤੇ ਅੱਗੇ ਤੁਹਾਨੂੰ ਕੰਮ ਮਿਲਦਾ ਹੈ ਨਹੀਂ ਤਾਂ ਆਡੀਸ਼ਨ ਦਾ ਸਿਲਸਿਲਾ ਤਾਂ ਚੱਲਦਾ ਰਹੇਗਾ।
ਪ੍ਰ. ਤੁਸੀਂ ਕਦੇ ਨਿਰਾਸ਼ ਹੋਏ ਹੋ ਜਦੋਂ ਸੀਨ ਕੱਟ ਹੋ ਜਾਂਦੇ ਹਨ?
ਹਾਂ ਜੀ, ਹੁੰਦਾ ਹਾਂ ਕਿ ਕਿਉਂ ਕੱਟ ਗਏ ਪਰ ਜਦੋਂ ਡਾਇਰੈਕਟਰ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਨਹੀਂ, ਇਹ ਠੀਕ ਸੀ ਫਿਲਮ ਲਈ। ਅਸੀਂ ਭਾਵੁਕ ਹੋ ਜਾਂਦੇ ਹਾਂ ਕਿਉਂਕਿ ਉਹ ਕੀਤਾ ਹੁੰਦਾ ਹੈ ਅਸੀਂ ਅਤੇ ਨਾਲ ਹੀ ਇਹ ਵੀ ਹੁੰਦਾ ਹੈ ਕਿ ਮੈਂ ਦਿਸ ਜਾਵਾਂ ਵੱਧ ਤੋਂ ਵੱਧ। ਉਹ ਗਰੀਡ ਤਾਂ ਖ਼ਤਮ ਨਹੀਂ ਹੋਵੇਗੀ।
ਰਣਦੀਪ ਹੁੱਡਾ ਦੀ ਨਵੀਂ ਦਿੱਖ ਨੇ ਉਡਾਏ ਸਭ ਦੇ ਹੋਸ਼, ਸ਼ਰਧਾ ਕਪੂਰ ਨਾਲ ਫਿਲਮ 'Eetha' ਲਈ ਬਦਲਿਆ ਅਵਤਾਰ
NEXT STORY