ਚੰਡੀਗੜ੍ਹ : ਪੰਜਾਬ 'ਚ ਵਕੀਲ ਅਤੇ ਪੱਤਰਕਾਰ ਜਿਹੇ ਪੇਸ਼ੇ ਦੇ ਲੋਕਾਂ ਵਲੋਂ ਸਿਆਸਤ 'ਚ ਕਦਮ ਰੱਖਣਾ ਆਮ ਜਿਹੀ ਗੱਲ ਹੈ ਪਰ ਪੰਜਾਬ ਦੇ ਕਈ ਡਾਕਟਰ ਵੀ ਅਜਿਹੇ ਹਨ, ਜਿਨ੍ਹਾਂ ਨੂੰ ਮਰੀਜ਼ਾਂ ਨੂੰ ਠੀਕ ਕਰਦੇ-ਕਰਦੇ ਹੀ 'ਸਿਆਸੀ ਬੁਖਾਰ' ਚੜ੍ਹ ਗਿਆ ਅਤੇ ਉਹ ਪੰਜਾਬ ਦੀ ਸਿਆਸਤ 'ਚ ਕੁੱਦ ਗਏ। ਆਓ ਜਾਣਦੇ ਹਾਂ ਇਨ੍ਹਾਂ ਡਾਕਟਰਾਂ ਬਾਰੇ—
ਡਾ. ਧਰਮਵੀਰ ਗਾਂਧੀ
ਡਾ. ਧਰਮਵੀਰ ਗਾਂਧੀ ਦਿਲ ਦੇ ਰੋਗਾਂ ਦੇ ਮਾਹਿਰ ਹਨ ਅਤੇ ਉਨ੍ਹਾਂ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਡਾ. ਗਾਂਧੀ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ 'ਚ ਸੇਵਾਵਾਂ ਨਿਭਾਈਆਂ ਅਤੇ ਆਪਣਾ ਨਿਜੀ ਕਲੀਨਿਕ ਵੀ ਚਲਾਇਆ। ਡਾ. ਗਾਂਧੀ ਨੇ ਸਾਲ 2014 'ਚ 'ਆਪ' ਵਲੋਂ ਪਟਿਆਲਾ ਤੋਂ ਚੋਣ ਲੜਦਿਆਂ ਪਰਨੀਤ ਕੌਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਨਵਜੋਤ ਕੌਰ ਸਿੱਧੂ
ਮੌਜੂਦਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਗਾਇਨੀ ਡਾਕਟਰ ਵਜੋਂ ਸਰਕਾਰੀ ਸੇਵਾਵਾਂ ਨਿਭਾਈਆਂ। ਸਾਲ 2012 'ਚ ਸਿਆਸੀ ਪਾਰੀ ਸ਼ੁਰੂ ਕਰਦਿਆਂ ਉਨ੍ਹਾਂ ਭਾਜਪਾ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਜਿੱਤੀ। ਡਾ. ਸਿੱਧੂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮੁੱਖ ਸੰਸਦੀ ਸਕੱਤਰ ਦੇ ਅਹੁਦੇ 'ਤੇ ਵੀ ਰਹੀ। ਅਕਾਲੀ ਦਲ ਨਾਲ ਵਿਵਾਦਾਂ ਤੋਂ ਬਾਅਦ ਡਾ. ਸਿੱਧੂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸ 'ਚ ਸ਼ਾਮਲ ਹੋ ਗਈ।

ਡਾ. ਦਲਜੀਤ ਸਿੰਘ ਚੀਮਾ
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਐੱਮ. ਬੀ. ਬੀ. ਐੱਸ. ਕਰ ਕੇ ਸਰਕਾਰੀ ਡਾਕਟਰ ਵਜੋਂ ਸੇਵਾਵਾਂ ਨਿਭਾਈਆਂ। ਇਸ ਦੇ ਨਾਲ ਹੀ ਉਹ ਬੀ. ਐੱਸ. ਐੱਫ. 'ਚ ਵੀ ਸੇਵਾ ਨਿਭਾਅ ਚੁੱਕੇ ਹਨ। ਡਾਕਟਰੀ ਪੇਸ਼ੇ ਤੋਂ ਬਾਅਦ ਉਨ੍ਹਾਂ ਨੇ ਸਿਆਸੀ ਮੈਦਾਨ 'ਚ ਆਉਂਦਿਆਂ ਲੋਕ ਹਿੱਤ ਦੀ ਗੱਲ ਵੀ ਕੀਤੀ। ਡਾ. ਚੀਮਾ ਨੇ 2009 'ਚ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਪਰ ਹਾਰ ਗਏ। ਸਾਲ 2012 'ਚ ਰੋਪੜ ਵਿਧਾਨ ਸਭਾ ਹਲਕਾ ਤੋਂ ਚੋਣ ਮੈਦਾਨ 'ਚ ਉਤਰਦਿਆਂ ਜਿੱਤ ਹਾਸਲ ਕੀਤੀ ਤਾਂ ਸਾਲ 2014 'ਚ ਸਿੱਖਿਆ ਮੰਤਰੀ ਵੀ ਰਹੇ। ਹਾਲਾਂਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਡਾ. ਚੀਮਾ ਜਿੱਤ ਹਾਸਲ ਨਾ ਕਰ ਸਕੇ। ਅਕਾਲੀ ਦਲ 'ਚ ਚੰਗੇ ਰਸੂਖ ਵਾਲੇ ਡਾ. ਚੀਮਾ ਪਾਰਟੀ ਦੇ ਮੁੱਖ ਬੁਲਾਰੇ ਤੇ ਬਾਦਲਾਂ ਦੇ ਨਜ਼ਦੀਕੀਆਂ 'ਚੋਂ ਇੱਕ ਹਨ।

ਡਾ. ਰਤਨ ਸਿੰਘ ਅਜਨਾਲਾ
ਪਾਕਿਸਤਾਨ ਦੇ ਟਾਂਡਾ 'ਚ ਜਨਮੇ ਡਾ. ਰਤਨ ਸਿੰਘ ਅਜਨਾਲਾ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਐੱਮ. ਬੀ. ਬੀ. ਐੱਸ. ਕੀਤੀ, ਜਿਨ੍ਹਾਂ ਨੇ ਸਿਆਸਤ 'ਚ ਪੈਰ ਰੱਖਦਿਆਂ 1985 'ਚ ਵਿਧਾਨ ਸਭਾ ਚੋਣ ਮੈਦਾਨ 'ਚ ਜਿੱਤ ਹਾਸਲ ਕੀਤੀ। ਡਾ. ਅਜਨਾਲਾ ਚਾਰ ਵਾਰ ਵਿਧਾਇਕ ਤੇ ਦੋ ਵਾਰ ਲੋਕ ਸਭਾ ਮੈਂਬਰ ਵੀ ਰਹੇ। 1997 ਤੋਂ 2002 ਦੌਰਾਨ ਡਾ. ਅਜਨਾਲਾ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹੇ। ਮੌਜੂਦਾ ਸਮੇਂ ਮਤਭੇਦ ਦੇ ਚੱਲਦਿਆਂ ਡਾ. ਅਜਨਾਲਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਚੁੱਕੇ ਹਨ।

ਡਾ. ਇੰਦਰਬੀਰ ਨਿੱਜਰ
ਡਾ. ਇੰਦਰਬੀਰ ਨਿੱਜਰ (ਐੱਮ. ਬੀ. ਬੀ.ਐੱਸ.) ਵੀ ਸਿਆਸੀ ਨਬਜ਼ ਨੂੰ ਫੜ੍ਹਦਿਆਂ ਆਮ ਆਦਮੀ ਪਾਰਟੀ ਨਾਲ ਜੁੜੇ। ਰੇਡੀਓ ਡਾਇਗਨੌਸਿਸ ਦੇ ਮਾਹਰ ਡਾ. ਨਿੱਜਰ ਨੇ 2017 'ਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਦੱਖਣੀ) ਤੋਂ ਚੋਣ ਲੜੀ ਪਰ ਜਿੱਤ ਨਾ ਸਕੇ। ਡਾ. ਨਿੱਜਰ ਮੌਜੂਦਾ ਸਮੇਂ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੈਂਬਰ ਹਨ ਅਤੇ ਮਾਰਚ ਮਹੀਨੇ 'ਚ ਹੋਈਆਂ ਚੋਣਾਂ 'ਚ ਮੀਤ ਪ੍ਰਧਾਨ ਬਣੇ। ਡਾ. ਨਿੱਜਰ ਡਾਕਟਰੀ ਪੇਸ਼ ਦੇ ਨਾਲ-ਨਾਲ 'ਆਪ' ਨਾਲ ਵੀ ਜੁੜੇ ਹੋਏ ਹਨ।

ਬਿਆਸ ਦਰਿਆ 'ਚ ਚੱਲਦਾ 'ਜ਼ਹਿਰ' ਦਾ ਕਾਰੋਬਾਰ, ਹੋਇਆ ਖੁਲਾਸਾ
NEXT STORY