ਮੋਹਾਲੀ, (ਕੁਲਦੀਪ)- ਸੈਕਟਰ-76 ਸਥਿਤ ਡੀ. ਸੀ. ਕੰਪਲੈਕਸ ਵਿਚ ਕੁਝ ਸਮਾਂ ਪਹਿਲਾਂ ਦਾਨ ਪਾਤਰ ਦੇ ਰੂਪ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੀ ਅਗਵਾਈ ਵਿਚ ਕੁਝ ਡੱਬੇ ਰੱਖੇ ਗਏ ਸਨ । ਇਸ ਡੱਬੇ ਨੂੰ ਰੱਖਣ ਦਾ ਮਕਸਦ ਇਹ ਸੀ ਕਿ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਲੋਕ ਆਪਣੇ ਘਰਾਂ ਵਿਚੋਂ ਕੱਪਡ਼ੇ ਅਤੇ ਆਪਣੇ ਬੱਚਿਆਂ ਦੀਆਂ ਪੁਰਾਣੀ ਕਿਤਾਬਾਂ ਅਤੇ ਖਿਡੌਣੇ ਆਦਿ ਲਿਆ ਕੇ ਪਾ ਸਕਣ।
ਇਨ੍ਹਾਂ ਡੱਬਿਆਂ ਦੇ ਨਜ਼ਦੀਕ ਇਕ ਫਲੈਕਸ ਬੋਰਡ ਵੀ ਲਗਾਇਆ ਗਿਆ ਹੈ, ਜਿਸ ’ਤੇ ਲਿਖਿਆ ਗਿਆ ਹੈ ‘ਦਾਨ ਕੀਤੇ ਜਾਣ ਵਾਲਾ ਸਾਮਾਨ ਅਤੇ ਕੱਪਡ਼ੇ ਸਾਫ਼ ਕਰਕੇ ਅਤੇ ਪ੍ਰੈੱਸ ਕਰਵਾਉਣ ਉਪਰੰਤ ਹੀ ਲਿਫਾਫੇ ਵਿਚ ਪਾ ਕੇ ਡੱਬੇ ਵਿਚ ਰੱਖੋ ਜੀ।’ ਇਥੇ ਪੰਜ ਡੱਬੇ ਰੱਖੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਡੱਬੇ ਵਿਚ ਬੱਚਿਆਂ ਲਈ ਖਿਡੌਣੇ, ਇਕ ਡੱਬੇ ਵਿਚ ਕਿਤਾਬਾਂ, ਇਕ ਵਿਚ ਬੱਚਿਆਂ ਲਈ ਕੱਪਡ਼ੇ ਅਤੇ ਇਕ ਡੱਬੇ ਵਿਚ ਵੀ ਵੱਡੀ ਉਮਰ ਦੇ ਜ਼ਰੂਰਤਮੰਦ ਲੋਕਾਂ ਲਈ ਕੱਪਡ਼ੇ ਪਾਉਣ ਦੇ ਸਟਿੱਕਰ ਲਾਏ ਹੋਏ ਹਨ।
ਡਿਪਟੀ ਕਮਿਸ਼ਨਰ ਵਲੋਂ ਭਾਵੇਂ ਹੀ ਬਡ਼ੀ ਨਿਮਰਤਾ ਨਾਲ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਜਿਨ੍ਹਾਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਇਹ ਡੱਬੇ ਲਗਾਏ ਗਏ ਹਨ, ਉਹ ਜ਼ਰੂਰਤਮੰਦ ਹਨ ਅਤੇ ਗੈਰਤਮੰਦ ਵੀ ਹਨ। ਉਸ ਦੇ ਬਾਵਜੂਦ ਵੀ ਕੁਝ ਸ਼ਰਾਰਤੀ ਅਤੇ ਘਟੀਆ ਸੋਚ ਦੇ ਲੋਕ ਇਸ ਦਾਨਪਾਤਰਨੁਮਾ ਡੱਬਿਆਂ ਵਿਚ ਕੋਲਡ ਡਰਿੰਕਸ ਦੀਆਂ ਖਾਲੀ ਬੋਤਲਾਂ, ਚਾਹ ਅਤੇ ਕੌਫੀ ਵਾਲੇ ਖਾਲੀ ਕੱਪ ਅਤੇ ਹੋਰ ਕੂਡ਼ਾ-ਕਰਕਟ ਸੁੱਟ ਰਹੇ ਹਨ। ਅਜਿਹਾ ਕਰਨ ਨਾਲ ਇਹ ਦਾਨਪਾਤਰਨੁਮਾ ਡੱਬੇ ਹੁਣ ਡਸਟਬਿਨਾਂ ਦਾ ਰੂਪ ਧਾਰਨ ਕਰ ਚੁੱਕੇ ਹਨ।
ਇਕ ਡੱਬਾ ਏ. ਟੀ. ਐੱਮ. ਦੇ ਕੂਡ਼ੇ ਲਈ ਲਗਾਇਆ
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦਾਨਪਾਤਰਨੁਮਾ ਡੱਬਿਆਂ ਵਿਚੋਂ ਇਕ ਡੱਬਾ ਕੰਪਲੈਕਸ ਵਿਚ ਸਥਿਤ ਬੈਂਕ ਦੇ ਏ. ਟੀ. ਐੱਮ. ਦੀ ਰੱਦੀ ਪਰਚੀਆਂ ਸੁੱਟਣ ਲਈ ਲਾ ਲਿਆ ਗਿਆ ਹੈ। ਏ. ਟੀ. ਐੱਮ. ਦੇ ਨਜ਼ਦੀਕ ਟਾਇਲੈਟਸ ਤੋਂ ਇਹ ਡੱਬਾ ਹਰ ਸਮੇਂ ਏ. ਟੀ. ਐੱਮ. ਦੀਆਂ ਪਰਚੀਆਂ ਨਾਲ ਭਰਿਆ ਪਿਆ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਇਹ ਕਿਹਾ
ਜਦੋਂ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਮੋਹਾਲੀ ਗੁਰਪ੍ਰੀਤ ਕੌਰ ਸਪਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੂਰੀ ਗੱਲ ਸੁਣੀ ਅਤੇ ਉਸ ਤੋਂ ਬਾਅਦ ਉਨ੍ਹਾਂ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਇਸ ਸਬੰਧ ਵਿਚ ਸ਼ਿਕਾਇਤ ਜੀ. ਏ. ਕੋਲ ਕਰੋ ਜੀ, ਮੈਂ ਅਜੇ ਮੀਟਿੰਗ ਵਿਚ ਹਾਂ।
ਸਿਹਤ ਵਿਭਾਗ ਨੇ ਖਾਧ-ਪਦਾਰਥਾਂ ਦੇ ਭਰੇ 17 ਸੈਂਪਲ
NEXT STORY