ਬਿੰਦਰ ਸਿੰਘ ਖੁੱਡੀ ਕਲਾਂ
ਉੱਨੀ ਮਈ ਤੋਂ ਸ਼ੁਰੂ ਹੋਈਆਂ ਜਮਾਤਾਂ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ।
ਸਕੂਲ ਸਿੱਖਿਆ ਵਿਭਾਗ ਨੇ ਮੋਬਾਈਲ ਅਤੇ ਟੈਲੀਵਿਜ਼ਨ ਦੇ ਸਦਉਪਯੋਗ ਦੀ ਮਿਸ਼ਾਲ ਪੈਦਾ ਕੀਤੀ।
ਕੋਰੋਨਾ ਪਾਬੰਦੀਆਂ ਨੇ ਹਰ ਇਨਸਾਨ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਪਾਬੰਦੀਆਂ ਨੇ ਹਰ ਇਨਸਾਨ ਅਤੇ ਸੰਸਥਾ ਨੂੰ ਆਪਣੇ ਕਾਰਜਾਂ ਦੇ ਅੰਜ਼ਾਮ ਲਈ ਨਵੇਂ ਤਰੀਕੇ ਤਲਾਸ਼ਣ ਲਈ ਵੀ ਮਜਬੂਰ ਕੀਤਾ ਹੈ। ਸੂਬੇ 'ਚ ਮਾਰਚ ਮਹੀਨੇ ਲਾਗੂ ਹੋਈਆਂ ਕੋਰੋਨਾ ਪਾਬੰਦੀਆਂ ਦੇ ਚੱਲਦਿਆਂ ਜਿੱਥੇ ਬਾਕੀ ਸਮੱਚਾ ਜਨਜੀਵਨ ਠੱਪ ਹੋਇਆ, ਉੱਥੇ ਹੀ ਵਿੱਦਿਅਕ ਖੇਤਰ ਵੀ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਇਆ। ਮਾਰਚ ਮਹੀਨਾ ਸਕੂਲੀ ਪ੍ਰੀਖਿਆਵਾ ਦਾ ਮਹੀਨਾ ਹੁੰਦਾ ਹੈ। ਇਸੇ ਮਹੀਨੇ ਹੀ ਵਿਦਿਆਰਥੀਆਂ ਦੇ ਨਤੀਜੇ ਐਲਾਨਣ ਉਪਰੰਤ ਨਵੇਂ ਦਾਖਲ਼ੇ ਕੀਤੇ ਜਾਣੇ ਹੁੰਦੇ ਹਨ। ਅਚਾਨਕ ਲਾਗੂ ਹੋਈਆਂ ਕੋਰੋਨਾ ਪਾਬੰਦੀਆਂ ਨਾਲ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਅਮਲ ਅੱਧਵਾਟੇ ਹੀ ਲਮਕ ਗਿਆ। ਪੰਜਾਬ ਬੋਰਡ ਦੀਆਂ ਮੈਟ੍ਰਿਕ ਜਮਾਤਾਂ ਦਾ ਇੱਕ ਇਮਤਿਹਾਨ ਹੀ ਹੋਇਆ ਸੀ। ਬਾਰਵੀਂ ਜਮਾਤ ਦੀਆਂ ਲਿਖਤੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਵੀ ਬਕਾਇਆ ਸਨ ।
ਸਿੱਖਿਆ ਵਿਭਾਗ ਨੇ ਸਮੇਂ ਦੀ ਨਜ਼ਾਕਤ ਅਨੁਸਾਰ ਘਰੇਲੂ ਜਮਾਤਾਂ ਦੇ ਨਤੀਜੇ ਆਨਲਾਈਨ ਘੋਸ਼ਿਤ ਕਰਵਾ ਕੇ ਸੋਸ਼ਲ ਮੀਡੀਆ ਸ੍ਰੋਤਾਂ ਜ਼ਰੀਏ ਵਿਦਿਆਰਥੀਆਂ ਨੂੰ ਸੂਚਿਤ ਕਰ ਦਿੱਤਾ। ਅੱਠਵੀਂ ਅਤੇ ਪੰਜਵੀਂ ਜਮਾਤਾਂ ਦੀਆਂ ਰਹਿੰਦੀਆਂ ਪ੍ਰਯੋਗੀ ਪ੍ਰੀਖਿਆਵਾਂ ਤੋਂ ਬਿਨਾਂ ਹੀ ਨਤੀਜੇ ਐਲਾਨਣੇ ਪਏ। ਹੋਰ ਤਾਂ ਹੋਰ ਸਰਕਾਰ ਨੂੰ ਮੈਟ੍ਰਿਕ ਜਿਹੀ ਅਹਿਮ ਜਮਾਤ ਦੀਆਂ ਪ੍ਰੀਖਿਆਵਾਂ ਵੀ ਮਨਸੂਖ ਕਰਕੇ ਵਿਦਿਆਰਥੀਆਂ ਦੀਆਂ ਪ੍ਰੀ-ਬੋਰਡ ਪ੍ਰਾਪਤੀਆਂ ਦੇ ਆਧਾਰ 'ਤੇ ਨਤੀਜੇ ਐਲਾਨਣ ਦਾ ਫੈਸਲਾ ਲੈਣਾ ਪਿਆ। ਰਾਜ ਸਰਕਾਰ ਵੱਲੋਂ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਰਣਾ ਅਮਲ 'ਚ ਲਿਆਉਣ ਬਾਰੇ ਕਿਹਾ ਗਿਆ ਹੈ। ਪਰ ਬਾਰਵੀਂ ਜਮਾਤ ਦੀਆਂ ਬਕਾਇਆ ਪ੍ਰੀਖਿਆਵਾਂ ਬਾਰੇ ਅੰਤਿਮ ਨਿਰਣਾ ਆਉਣਾ ਹਾਲੇ ਬਾਕੀ ਹੈ।
ਪੜ੍ਹੋ ਇਹ ਵੀ ਖਬਰ - ਖ਼ਤਰਨਾਕ ਸਾਬਿਤ ਹੋ ਸਕਦੀ ਹੈ ਲਾਕਡਾਊਨ ''ਚ ਦਿੱਤੀ ਛੋਟ (ਵੀਡੀਓ)
ਨਤੀਜਿਆਂ ਦੀ ਆਨਲਾਈਨ ਘੋਸ਼ਣਾ ਉਪਰੰਤ ਸਕੂਲ ਸਿੱਖਿਆ ਵਿਭਾਗ ਨੇ ਵਿੱਦਿਅਕ ਸ਼ੈਸ਼ਨ ਸ਼ੁਰੂ ਕਰਨ ਦੀ ਚੁਣੌਤੀ ਵੀ ਆਨਲਾਈਨ ਹੀ ਕਬੂਲੀ। ਨਤੀਜਿਆਂ ਅਨੁਸਾਰ ਵਿਦਿਆਰਥੀਆਂ ਦਾ ਦਾਖਲ਼ਾ ਅਗਲੀਆਂ ਜਮਾਤਾਂ 'ਚ ਕਰਕੇ ਬਕਾਇਦਾ ਈ ਪੰਜਾਬ 'ਤੇ ਅਪਲੋਡ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਅਧਿਆਪਕਾਂ ਨੇ ਗੂਗਲ ਫਾਰਮਾਂ ਅਤੇ ਹੋਰ ਸਾਧਨਾਂ ਜ਼ਰੀਏ ਆਨਲਾਈਨ ਹੀ ਦਾਖਲਿਆਂ ਦੀ ਜ਼ਬਰਦਸਤ ਮੁਹਿੰਮ ਵੀ ਚਲਾਈ। ਇਸ ਦਾਖਲਾ ਮੁਹਿੰਮ ਦੇ ਸਾਰਥਿਕ ਨਤੀਜੇ ਵੇਖਣ ਨੂੰ ਮਿਲ ਰਹੇ ਹਨ। ਸਿੱਖਿਆ ਵਿਭਾਗ ਨੇ ਨਵੀਆਂ ਜਮਾਤਾਂ ਦੇ ਦਾਖਲ਼ੇ ਆਨਲਾਈਨ ਸ਼ੁਰੂ ਕਰਨ ਦੇ ਨਾਲ-ਨਾਲ ਸ਼ੋਸਲ ਮੀਡੀਆ ਦੇ ਸਾਧਨਾਂ ਵਟਸਅਪ, ਯੂ-ਟਿਊਬ ਅਤੇ ਗੂਗਲ ਆਦਿ ਜ਼ਰੀਏ ਵਿਦਿਆਰਥੀਆਂ ਤੱਕ ਸਿੱਖਣ ਸਮੱਗਰੀ ਪਹੁੰਚਾਉਣੀ ਸ਼ੁਰੂ ਕੀਤੀ। ਪਰ ਇਨ੍ਹਾਂ ਆਨਲਾਈਨ ਤਰੀਕਿਆਂ ਦੀਆਂ ਬਹੁਤ ਸਾਰੀਆਂ ਸੀਮਤਾਵਾਂ ਸਨ। ਸੀਮਿਤ ਵਸੀਲਿਆਂ ਵਾਲੇ ਪਰਿਵਾਰਾਂ ਲਈ ਸਮਾਰਟ ਮੋਬਾਈਲ਼ ਫੋਨਾਂ ਦੀ ਉਪਲਬਧਤਾ ਤੋਂ ਲੈ ਕੇ ਇੱਕੋ ਪਰਿਵਾਰ ਵਿੱਚ ਕਈ-ਕਈ ਬੱਚਿਆਂ ਲਈ ਫੋਨ ਉਪਲੰਬਧ ਕਰਵਾਉਣਾ ਵੀ ਮਾਪਿਆਂ ਲਈ ਚੁਣੌਤੀ ਸੀ। ਦੂਰ-ਦੁਰਾਡੇ ਪੇਂਡੂ ਖੇਤਰਾਂ ਵਿੱਚ ਇੰਟਰਨੈੱਟ ਦੀ ਵੀ ਸਮੱਸਿਆ ਸੀ। ਇਨ੍ਹਾਂ ਸੀਮਤਾਵਾਂ ਦੇ ਚੱਲਦਿਆਂ ਪੇਂਡੂ ਖੇਤਰ ਦੇ ਵਿਦਿਆਰਥੀ ਆਨਲਾਈਨ ਪੜ੍ਹਾਈ ਦਾ ਪੂਰਾ ਲਾਹਾ ਲੈਣ ਤੋਂ ਵਾਂਝਾ ਮਹਿਸੂਸ ਕਰ ਰਹੇ ਸਨ।
ਪੜ੍ਹੋ ਇਹ ਵੀ ਖਬਰ - ਲਾਕਡਾਊਨ ਇੰਟਰ-ਸਟੇਟ ਮੈਰਿਜ: ਫਰੀਦਕੋਟ ਦਾ ਮੁੰਡਾ ਰਾਜਸਥਾਨ ਤੋਂ ਵਿਆਹ ਕੇ ਲਿਆਇਆ ਲਾੜੀ
ਸਕੂਲ ਸਿੱਖਿਆ ਵਿਭਾਗ ਨੇ ਆਨਲਾਈਨ ਸਿੱਖਿਆ ਦਾ ਘੇਰਾ ਸਮੂਹ ਵਿਦਿਆਰਥੀਆਂ ਤੱਕ ਫੈਲਾਉਣ ਦੀ ਕਾਰਜ ਵਿਧੀ 'ਤੇ ਕੰਮ ਕਰਦਿਆਂ ਪਹਿਲਾਂ ਤੋਂ ਹੀ ਚੱਲ ਰਹੇ ਆਨਲਾਈਨ ਪੜ੍ਹਾਈ ਸਾਧਨਾਂ ਦੇ ਨਾਲ-ਨਾਲ ਦੂਰਦਰਸ਼ਨ ਦੇ ਡੀ.ਡੀ ਪੰਜਾਬੀ ਚੈਨਲ ਤੋਂ ਆਨਲਾਈਨ ਜਮਾਤਾਂ ਲਗਾਉਣ ਦਾ ਅਮਲ ਸ਼ੁਰੂ ਕੀਤਾ ਹੈ। ਉੱਨੀ ਮਈ ਤੋਂ ਸ਼ੁਰੂ ਹੋਈਆਂ ਇਹ ਆਨਲਾਈਨ ਜਮਾਤਾਂ ਹਾਲ ਦੀ ਘੜੀ ਤੀਜੀ, ਚੌਥੀ, ਪੰਜਵੀਂ, ਨੌਵੀਂ ਅਤੇ ਦਸਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਹਨ। ਦੂਰਦਰਸ਼ਨ ਦੇ ਡੀ.ਡੀ ਪੰਜਾਬੀ ਚੈਨਲ ਤੋਂ ਸਵੇਰੇ ਨੌਂ ਵਜੇ ਸ਼ੁਰੂ ਹੋਣ ਵਾਲਾ ਆਨਲਾਈਨ ਜਮਾਤਾਂ ਦਾ ਸਿਲਸਿਲਾ ਬਾਅਦ ਦੁਪਹਿਰ ਦੋ ਵਜੇ ਤੱਕ ਜਾਰੀ ਰਹਿੰਦਾ ਹੈ। ਇਸ ਦੌਰਾਨ ਵੱਡੀਆਂ ਜਮਾਤਾਂ ਲਈ ਦੋ-ਦੋ ਘੰਟੇ ਦੀ ਜਮਾਤ ਦੌਰਾਨ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਜਦਕਿ ਪ੍ਰਾਇਮਰੀ ਜਮਾਤਾਂ ਲਈ ਇੱਕ ਘੰਟੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਮਾਹਿਰਾਂ ਵੱਲੋਂ ਲਗਾਈਆਂ ਜਾ ਰਹੀਆਂ ਇਹ ਆਨਲਾਈਨ ਜਮਾਤਾਂ ਇੰਨੀਆਂ ਸਰਲ ਅਤੇ ਦਿਲਚਸਪ ਹੁੰਦੀਆਂ ਹਨ ਕਿ ਵਿਦਿਆਰਥੀ ਸਕੂਲ ਜਮਾਤ ਵਰਗਾ ਹੀ ਸਹਿਜ਼ ਮਹਿਸੂਸ ਕਰਦੇ ਹਨ।
ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਭਾਰਤੀ ਗੌਲਫ ਦੀ ਰੂਹ-ਏ-ਰਵਾਂ ‘ਜੀਵ ਮਿਲਖਾ ਸਿੰਘ’
ਸਿੱਖਿਆ ਵਿਭਾਗ ਵੱਲੋਂ ਦੂਰਦਰਸ਼ਨ ਜ਼ਰੀਏ ਕੀਤਾ ਆਨਲਾਈਨ ਪੜ੍ਹਾਈ ਦਾ ਉਪਰਾਲਾ ਦੂਰ ਦੁਰਾਡੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਲਾਜ਼ਮੀ ਤੌਰ 'ਤੇ ਲਾਭਕਾਰੀ ਹੋਵੇਗਾ। ਅਲੱਗ-ਅਲੱਗ ਕਾਰਨਾਂ ਕਰਕੇ ਆਨਲਾਈਨ ਪੜ੍ਹਾਈ ਨਾਲ ਨਾ ਜੁੜ ਸਕਣ ਵਾਲੇ ਵਿਦਿਆਰਥੀ ਹੁਣ ਟੈਲੀਵਿਜ਼ਨ ਰਾਹੀਂ ਆਨਲਾਈਨ ਪੜ੍ਹਾਈ ਨਾਲ ਜਰੂਰ ਜੁੜ ਸਕਣਗੇ। ਦੂਰਦਰਸ਼ਨ ਦੇ ਇਸ ਚੈਨਲ ਦਾ ਪ੍ਰਸਾਰਨ ਹਰ ਤਰ੍ਹਾਂ ਦੇ ਸਰਵਿਸ ਪ੍ਰੋਵਾਈਡਰ ਲਈ ਲਾਜ਼ਮੀ ਹੋਣ ਕਰਕੇ ਇਸ ਦੀ ਉਪਲਬਧਤਾ ਵੀ ਹਰ ਘਰ ਵਿੱਚ ਬਣੀ ਰਹੇਗੀ। ਜਿਹੜੇ ਪਰਿਵਾਰਾਂ ਕੋਲ ਮੁਫਤ ਵਾਲੀ ਡਿਸ਼ ਐਨਟੀਨਾਂ ਸਰਵਿਸ ਹੈ, ਉਨ੍ਹਾਂ ਤੱਕ ਵੀ ਇਸਦੀ ਪਹੁੰਚ ਬਣੇਗੀ। ਕਿਹਾ ਜਾ ਸਕਦਾ ਹੈ ਕਿ ਦੂਰਦਰਸ਼ਨ ਜ਼ਰੀਏ ਆਨਲਾਈਨ ਜਮਾਤਾਂ ਦੀ ਵਿਵਸਥਾ ਕਰਦਿਆਂ ਸਿੱਖਿਆ ਵਿਭਾਗ ਹਰ ਵਿਦਿਆਰਥੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਇਆ ਹੈ।
ਪੜ੍ਹੋ ਇਹ ਵੀ ਖਬਰ - ਬੱਚਿਆਂ ਵਿਚ ਪੜ੍ਹਨ ਦੀਆਂ ਰੁਚੀਆਂ ਪੈਦਾ ਕਰ ਸਕਦੀਆਂ ਨੇ ਮੋਬਾਇਲ ਲਾਇਬ੍ਰੇਰੀਆਂ
ਬਿਨਾਂ ਸ਼ੱਕ ਸਿੱਖਿਆ ਵਿਭਾਗ ਨੇ ਕੋਰੋਨਾ ਪਾਬੰਦੀਆਂ ਕਾਰਨ ਸਕੂਲਾਂ ਦੀ ਤਾਲਾਬੰਦੀ ਨਾਲ ਪ੍ਰਭਾਵਿਤ ਹੋਣ ਵਾਲੀ ਪੜ੍ਹਾਈ ਦੀ ਚੁਣੌਤੀ ਨੂੰ ਕਬੂਲ਼ ਕੀਤਾ ਹੈ। ਦੂਰਦਰਸ਼ਨ ਜਮਾਤਾਂ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਅਧਿਆਪਕਾਂ ਵੱਲੋਂ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਅਧਿਆਪਕਾਂ ਵੱਲੋਂ ਸਮੇਂ-ਸਮੇਂ 'ਤੇ ਵਿਦਿਆਰਥੀਆਂ ਲਈ ਆਨਲਾਈਨ ਟੈਸਟਾਂ ਦੀ ਵੀ ਵਿਵਸਥਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਦੀਆਂ ਅਣਥੱਕ ਕੋਸ਼ਿਸਾਂ ਨੇ ਕੋਰੋਨਾ ਪਾਬੰਦੀਆਂ ਕਾਰਨ ਸਿੱਖਿਆ ਜਗਤ ਨੂੰ ਹਨੇਰੇ ਵਿੱਚ ਜਾਣ ਤੋਂ ਬਚਾਉਣ ਦਾ ਇਤਿਹਾਸਕ ਕਾਰਜ ਕੀਤਾ ਹੈ। ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਕਾਰਜਸ਼ੀਲ ਅਧਿਆਪਕਾਂ ਨੇ ਕਦੇ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਨਾਲੋਂ ਟੁੱਟੇ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਅਧਿਆਪਕਾਂ ਨੇ ਨਾਂ ਸਿਰਫ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਿਆ ਸਗੋਂ ਕੋਰੋਨਾ ਖਤਰੇ ਬਾਰੇ ਜਾਗਰੂਕ ਕਰਦਿਆਂ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦੀ ਪਾਲਣਾ ਅਤੇ ਕੋਰੋਨਾ ਖਿਲਾਫ ਜੰਗ ਦੇ ਯੋਧਿਆਂ ਦਾ ਸਨਮਾਨ ਕਰਨ ਦਾ ਵੀ ਪਾਠ ਪੜ੍ਹਾਇਆ।
ਪੜ੍ਹੋ ਇਹ ਵੀ ਖਬਰ - ਗਰਮੀਆਂ ’ਚ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਖਾਓ ਤਰਬੂਜ਼, ਹੋਣਗੇ ਕਈ ਫਾਇਦੇ
ਬੁਲੇਟ 'ਤੇ ਵਿਆਹ ਕੇ ਲਿਆਇਆ ਲਾੜੀ, ਪੁਲਸ ਨੇ ਇੰਝ ਕੀਤਾ ਸੁਆਗਤ
NEXT STORY