ਦੋਰਾਹਾ (ਸੂਦ): ਸਥਾਨਕ ਸ਼ਹਿਰ ਅੰਦਰ ਸਬਜ਼ੀ ਅਤੇ ਫਰੂਟ ਵੇਚਣ ਵਾਲੇ ਦੁਕਾਨਦਾਰਾਂ ਨੂੰ ਪੁਲ ਦੇ ਕੋਲ ਨਗਰ ਕੌਂਸਲ ਵੱਲੋਂ ਦਿੱਤੀ ਜਗ੍ਹਾ 'ਤੇ ਕੁਝ ਸਾਲ ਪਹਿਲਾਂ ਵਾਪਰੇ ਭਿਆਨਕ ਅਮੋਨੀਆ ਗੈਸ ਹਾਦਸੇ ਤੇ ਇਸ ਤੋਂ ਬਾਅਦ ਅੱਗ ਲੱਗਣ ਨਾਲ ਫਲ ਫਰੂਟ ਦੀਆਂ ਦੁਕਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ । ਇੱਥੇ ਹੀ ਬਸ ਨਹੀਂ ਸਬਜ਼ੀ ਮਾਰਕੀਟ 'ਚ ਪਿਛਲੇ ਪੰਜ ਮਹੀਨੇ ਤੋਂ ਕੋਰੋਨਾ ਦੀ ਮਹਾਮਾਰੀ ਕਾਰਨ ਫਲ ਫਰੂਟ ਅਤੇ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਦਾ ਕੰਮ ਵੀ ਨਾ-ਮਾਤਰ ਹੀ ਚੱਲ ਰਿਹਾ ਹੈ ਤੇ ਇੰਨਾਂ ਕੁਝ ਹੋਣ ਦੇ ਬਾਵਜੂਦ ਬੀਤੀ 14 ਅਗਸਤ ਦੀ ਰਾਤ ਨੂੰ ਉਕਤ ਜਗ੍ਹਾ 'ਤੇ ਸਥਿਤ ਫਲ ਫਰੂਟ ਦੀਆਂ ਦੁਕਾਨਾਂ ਫਿਰ ਤੋਂ ਅੱਗ ਦੀ ਲਪੇਟ ਵਿੱਚ ਆ ਗਈਆਂ। ਜਿਸ ਨਾਲ ਫਲ ਫਰੂਟ ਦੀਆਂ 9 ਦੇ ਕਰੀਬ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇਸ ਬਾਰੇ ਫਰੂਟਾਂ ਦੀਆਂ ਰੇਹੜੀਆਂ ਲਾਉਣ ਵਾਲੇ ਗੁਰਬਚਨ ਸਿੰਘ, ਪ੍ਰੀਤਮ ਸਿੰਘ , ਪੰਡਤ ਵਿਮਲ ਗੋਗੀ , ਬਿਰਜਾ ਗੁਪਤਾ, ਵਿਸ਼ਨੂੰ , ਰਾਮਕੇਸ਼ ਅਤੇ ਸੁਰਿੰਦਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ 14 ਅਗਸਤ ਦੀ ਰਾਤ ਦੇ ਤਕਰੀਬਨ 11 ਵਜੇ ਮਾਰਕੀਟ ਵਿਚ ਫਲ ਫਰੂਟ ਲੈ ਕੇ ਆਉਣ ਵਾਲੀ ਗੱਡੀ 'ਤੇ ਕੰਮ ਕਰਨ ਵਾਲੇ ਰਾਜੇਸ਼ ਕੁਮਾਰ ਨੇ ਅੱਗ ਲੱਗਣ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਪੈਨਸ਼ਨ ਧਾਰਕਾਂ ਲਈ ਚੰਗੀ ਖ਼ਬਰ, ਮੁੱਖ ਮੰਤਰੀ ਨੇ ਦਿੱਤੇ ਇਹ ਹੁਕਮ
ਇਸ ਤੋਂ ਬਾਅਦ ਗੁਰਬਚਨ ਸਿੰਘ ਨੇ ਜਦ ਅੱਗ ਲੱਗਣ ਵਾਲੀ ਜਗ੍ਹਾ 'ਤੇ ਆ ਕੇ ਦੇਖਿਆ ਤਾਂ ਉਨ੍ਹਾਂ ਦੀਆਂ ਕਈ ਦੁਕਾਨਾਂ 'ਚੋਂ ਅੱਗ ਦੀਆਂ ਤੇਜ ਲਪਟਾਂ ਨਿਕਲ ਰਹੀਆਂ ਸਨ ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ ਪਰ ਫਾਇਰ ਬ੍ਰਿਗੇਡ ਦੀ ਪਹਿਲੀ ਵਾਰ ਆਈ ਗੱਡੀ ਵਿਚ ਪਾਣੀ ਬਹੁਤ ਹੀ ਜਲਦੀ ਖਤਮ ਹੋ ਗਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਵੀ ਮੌਕੇ 'ਤੇ ਪੁੱਜ ਗਈਆਂ। ਗੁਰਬਚਨ ਸਿੰਘ ਅਤੇ ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ਕਤ ਦੇ ਨਾਲ ਅੱਗ 'ਤੇ ਕਾਬੂ ਤਾਂ ਪਾ ਲਿਆ,ਪਰ ਉਸ ਸਮੇਂ ਤੱਕ ਉਨ੍ਹਾਂ ਦੀਆਂ ਰੇਹੜੀਆਂ 'ਤੇ ਪਿਆ ਫਲ ਫਰੂਟ, ਤੱਕੜੀ ਬੱਟੇ,ਫਲਾਂ ਨੂੰ ਰੱਖਣ ਵਾਲੀਆਂ ਸੈਂਕੜੇ ਟਰੇਆਂ, ਰੇਹੜੀਆਂ ਦੇ ਟਾਇਰ, ਰੇਹੜੀਆਂ ਦੀ ਲੱਕੜ ਦੀ ਬਾਡੀ ਆਦਿ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਦੁਕਾਨਦਾਰਾਂ ਨੇ ਅੱਗੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਕਿਸੇ ਨੂੰ ਕੁੱਝ ਵੀ ਪਤਾ ਨਹੀ ਚੱਲ ਸਕਿਆ ਪਰ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੋ ਸਕਦਾ ਹੈ,ਕਿਉਂਕਿ ਜਦ ਰਾਤ ਨੂੰ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ-ਆਪਣੇ ਘਰਾਂ ਨੂੰ ਗਏ ਸਨ ਤਾਂ ਉਸ ਸਮੇਂ ਸਭ ਕੁਝ ਠੀਕ ਠਾਕ ਸੀ। ਜਿਸ ਕਰਕੇ ਉਨ੍ਹਾਂ ਨੇ ਪੁਲਸ ਅਤੇ ਪ੍ਰਸ਼ਾਸਨ ਤੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਕੈਦੀ ਨੇ ਗੁਪਤ ਅੰਗ 'ਚ ਲੁਕੋ ਕੇ ਰੱਖਿਆ ਸੀ ਮੋਬਾਇਲ, ਇੰਝ ਖੁੱਲ੍ਹਿਆ ਭੇਤ
ਦੁਕਾਨਦਾਰਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਸਹਾਇਤਾ ਦੀ ਕੀਤੀ ਮੰਗ: ਬੀਤੀ ਰਾਤ ਅੱਗ ਲੱਗਣ ਤੋਂ ਬਾਅਦ ਲੱਖਾਂ ਰੁਪਏ ਦਾ ਨੁਕਸਾਨ ਹੋਣ ਵਾਲੇ ਪੀੜਤ ਦੁਕਾਨਦਾਰਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਸਹਾਇਤਾ ਦੀ ਮੰਗ ਕਰਦੇ ਹੋਏ ਕਿਹਾ ਕਿ ਕੁਝ ਸਾਲ ਪਹਿਲਾਂ ਵੀ ਇਸੇ ਜਗ੍ਹਾ 'ਤੇ ਅੱਗ ਲੱਗਣ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ ਤੇ ਬੀਤੀ ਰਾਤ ਫਿਰ ਤੋਂ ਉਨ੍ਹਾਂ ਦੀਆਂ ਰੇਹੜੀਆਂ ਸਮੇਤ ਸੇਬ , ਕੇਲੇ ,ਅੰਬ,ਨਾਸ਼ਪਤੀਆਂ, ਅਨਾਰ ਆਦਿ ਫਰੂਟਾਂ ਨੂੰ ਅੱਗ ਲੱਗਣ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ ਤੇ ਉਹ ਆਪਣੇ ਪਰਿਵਾਰਾਂ ਦਾ
ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਕਰ ਰਹੇ ਹਨ। ਇਸ ਕਰਕੇ ਹੁਣ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਾਡੇ ਪਰਿਵਾਰਾਂ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਪੇਟ ਭਰਨ ਲਈ ਸਾਨੂੰ ਧੱਕੇ ਖਾਣ ਨੂੰ ਮਜਬੂਰ ਨਾ ਹੋਣਾ ਪਵੇ।
ਅੰਮ੍ਰਿਤਸਰ 'ਚ ਭੜਕੇ ਸਿੱਖਾਂ ਨੇ 'ਟਾਈਟਲਰ' ਦੇ ਪੋਸਟਰ 'ਤੇ ਮਲੀ ਕਾਲਖ਼, ਜਾਣੋ ਪੂਰਾ ਮਾਮਲਾ (ਵੀਡੀਓ)
NEXT STORY