ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਨਵੇਂ ਸਾਲ ਵਾਲੇ ਦਿਨ ਟਾਂਡਾ ਵਿਖੇ ਸੜੀਆਂ ਹੋਈਆਂ ਬਰਾਮਦ ਹੋਈਆਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਦੇ ਮਾਮਲੇ ਨੂੰ ਟਾਂਡਾ ਪੁਲਸ ਨੇ ਕੁਝ ਹੀ ਘੰਟਿਆ ਵਿਚ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਬਜ਼ੁਰਗ ਜੋੜੇ ਦੀ ਨੂੰਹ ਅਤੇ ਆਸ਼ਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਮਿਲ ਕੇ ਬਜ਼ੁਰਗ ਜੋੜੇ ਨੂੰ ਲੂ ਕੰਢੇ ਖੜ੍ਹੇ ਕਰ ਦੇਣ ਵਾਲੀ ਮੌਤ ਦਿੱਤੀ ਸੀ।
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ ਨਵੇਂ ਸਾਲ ਦੀ ਰਾਤ ਨੂੰ ਟਾਂਡਾ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਜਾਜਾ ਵਿਖੇ ਇਕ ਬਜ਼ੁਰਗ ਜੋੜੇ ਦਾ ਉਨ੍ਹਾਂ ਦੇ ਹੀ ਘਰ ਵਿੱਚ ਕਤਲ ਕਰਕੇ ਲਾਸ਼ਾਂ ਨੂੰ ਅੱਗ ਲਗਾ ਦਿੱਤੀ ਹੈ। ਜਿਸ 'ਤੇ ਤੁਰੰਤ ਸ੍ਰੀ ਰਾਜ ਕੁਮਾਰ ਬਜਾੜ੍ਹ ਸਮੇਤ ਮੁੱਖ ਅਫ਼ਸਰ ਥਾਣਾ ਟਾਂਡਾ ਸੁਰਜੀਤ ਸਿੰਘ ਪੱਡਾ ਮੌਕੇ 'ਤੇ ਪੁੱਜੇ ਅਤੇ ਪਾਇਆ ਕਿ ਸੇਵਾਮੁਕਤ ਸੁਬੇਦਾਰ ਮਨਜੀਤ ਸਿੰਘ ਉਮਰ ਕਰੀਬ 56 ਸਾਲ ਪੁੱਤਰ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਉਮਰ ਕਰੀਬ 52 ਸਾਲ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਬੈੱਡਰੂਮ ਵਿੱਚ ਅੱਗ ਨਾਲ ਸੜੀਆਂ ਹੋਈਆਂ ਸਨ ਅਤੇ ਅੱਗ ਸੁਲੱਗ ਰਹੀ ਸੀ। ਉਸ ਸਮੇਂ ਘਰ ਵਿੱਚ ਮ੍ਰਿਤਕਾ ਦਾ ਪੁੱਤਰ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਦੀਪ ਕੌਰ ਮੋਜੂਦ ਸਨ। ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ 11.15 ਵਜੇ ਦਿਨੇ ਘਰੋਂ ਚਲਾ ਗਿਆ ਸੀ ਅਤੇ ਰਾਤ ਕਰੀਬ 10.15 ਵਜੇ ਘਰ ਆਇਆ ਤਾਂ ਉਸ ਨੇ ਘਰ ਦੇ ਬਾਹਰ ਦਰਵਾਜੇ 'ਤੇ ਲੱਗੀ ਮਾਰੀ ਪਰ ਕਿਸੇ ਨੇ ਦਰਵਾਜਾ ਨਹੀ ਖੋਲ੍ਹਿਆ ਤਾਂ ਉਹ ਕੰਧ ਟੱਪ ਕੇ ਅੰਦਰ ਗਿਆ ਤਾਂ ਲੋਬੀ ਦਾ ਦਰਵਾਜਾ ਵੀ ਅੰਦਰੋਂ ਲਾਕ ਸੀ। ਦਰਵਾਜੇ ਨੂੰ ਧੱਕਾ ਮਾਰ ਕੇ ਖੋਲ੍ਹਿਆ ਤਾਂ ਅੰਦਰੋਂ ਧੂੰਆ ਨਿਕਲ ਰਿਹਾ ਸੀ। ਫਿਰ ਉਹ ਦੌੜ ਕੇ ਆਪਣੀ ਪਤਨੀ ਮਨਦੀਪ ਕੌਰ ਦੇ ਕਮਰੇ ਵੱਲ ਨੂੰ ਗਿਆ ਤਾਂ ਉਸ ਨੇ ਵੇਖਿਆ ਦਰਵਾਜੇ ਨੂੰ ਬਾਹਰੋਂ ਕੁੰਡਾ ਲੱਗਾ ਹੋਇਆ ਸੀ ਅਤੇ ਕੁੰਡਾ ਖੋਲ੍ਹ ਕੇ ਅੰਦਰ ਗਿਆ ਤਾਂ ਵੇਖਿਆ ਪਤਨੀ ਨੂੰ ਕੁਰਸੀ 'ਤੇ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ। ਇਸ ਦੇ ਬਾਅਦ ਉਹ ਆਪਣੇ ਮਾਤਾ-ਪਿਤਾ ਦੇ ਕਮਰੇ ਵੱਲ ਨੂੰ ਗਿਆ ਤਾਂ ਵੇਖਿਆ ਕਿ ਉਸ ਦੇ ਮਾਤਾ-ਪਿਤਾ ਦੇ ਕਮਰੇ ਦਾ ਦਰਵਾਜੇ ਭੇੜਿਆ ਹੋਇਆ ਸੀ। ਜਦ ਉਸ ਨੇ ਦਰਵਾਜਾ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਮਾਤਾ-ਪਿਤਾ ਦੀਆਂ ਮ੍ਰਿਤਕ ਦੇਹਾਂ ਸੜ ਰਹੀਆਂ ਸਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਮੁੜ ਧਾਰਨ ਲੱਗਾ ਭਿਆਨਕ ਰੂਪ, 42 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਇਹ ਸਭ ਵੇਖ ਉਸ ਨੇ ਮਨਦੀਪ ਕੌਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ 3 ਵਿਅਕਤੀ ਕਰੀਬ ਸ਼ਾਮ 4 ਵਜੇ ਘਰ ਦਾਖ਼ਲ ਹੋਏ ਅਤੇ ਉਸ ਨੂੰ ਉਸ ਦੇ ਕਮਰੇ ਵਿੱਚ ਕੁਰਸੀ ਨਾਲ ਬੰਨ੍ਹ ਕੇ ਦਰਵਾਜਾ ਬਾਹਰੋਂ ਬੰਦ ਕਰਕੇ ਚਲੇ ਗਏ। ਇਹ ਕਾਰਾ ਉਨ੍ਹਾਂ ਵਿਅਕਤੀਆਂ ਨੇ ਕੀਤਾ ਹੈ। ਮਨਦੀਪ ਕੌਰ ਦੇ ਕਮਰੇ ਦੇ ਨਾਲ ਅਟੈਚ ਬਾਥਰੂਮ ਦਾ ਇਕ ਦਰਵਾਜਾ ਬੈੱਡਰੂਮ ਵਿੱਚ ਅਤੇ ਇਕ ਲਾਬੀ ਵਿੱਚ ਖੁੱਲ੍ਹਦਾ ਹੈ, ਜੋ ਇਨ੍ਹਾਂ ਨੂੰ ਕਿਸੇ ਪਾਸੋ ਵੀ ਕੁੰਡੀ ਨਹੀਂ ਲੱਗੀ ਸੀ। ਸ਼ੱਕ ਪੈਣ 'ਤੇ ਇਸ ਦੀ ਤਫ਼ਤੀਸ਼ ਢੁੰਘਾਈ ਨਾਲ ਸ਼ੁਰੂ ਕੀਤੀ ਅਤੇ ਰਵਿੰਦਰ ਸਿੰਘ ਦੇ ਬਿਆਨਾਂ ਉਤੇ ਮੁੱਕਦਮਾ ਨੰਬਰ 02 ਮਿਤੀ 1-1-2022 ਅ/ਧ 302,120-ਬੀ34 ਭ:ਦ ਥਾਣਾ ਟਾਂਡਾ ਬਰ ਖ਼ਿਲਾਫ਼ ਮਨਦੀਪ ਕੌਰ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਰਜਿਸਟਰ ਕੀਤਾ ਗਿਆ । ਮਾਨਯੋਗ ਐੱਸ. ਐੱਸ. ਪੀ. ਹੁਸ਼ਿਆਰਪੁਰ ਕੁਲਵੰਤ ਸਿੰਘ ਹੀਰ ਵੱਲੋਂ ਇਸ ਸਨਸਨੀਖੇਜ ਕੇਸ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰਖਦੇ ਹੋਏ ਐੱਸ. ਪੀ. ਹੈੱਡਕੁਆਰਟਰ ਹੁਸ਼ਿਆਰਪੁਰ ਅਸ਼ਵਨੀ ਕੁਮਾਰ, ਡੀ. ਐੱਸ. ਪੀ. (ਡੀ) ਸ਼ਰਬਜੀਤ ਰਾਏ, ਇੰਸ ਬਲਵਿੰਦਰ ਪਾਲ ਇੰਚਾਰਜੀਤ ਅਤੇ ਇੰਸਪੈਕਟਰ ਕਰਨੈਲ ਸਿੰਘ ਇੰਚਾਰਜ ਨਾਰਕੋਟਿਕ ਸੈਲ ਹੁਸ਼ਿਆਰਪੁਰ ਨੂੰ ਮੌਕੇ ਉਤੇ ਜਾ ਕੇ ਤਫ਼ਤੀਸ਼ ਡੂੰਘਾਈ ਨਾਲ ਕਰਨ ਦੇ ਆਦੇਸ਼ ਦਿੱਤੇ।
ਕਾਰਵਾਈ ਕਰਦੇ ਹੋਏ ਐੱਸ. ਪੀ. ਹੈੱਡਕੁਆਟਰ ਹੁਸ਼ਿਆਰਪੁਰ ਸ਼੍ਰੀ ਅਸ਼ਵਨੀ ਕੁਮਾਰ, ਡੀ. ਐੱਸ. ਪੀ (ਡੀ) ਸ਼ਰਬਜੀਤ ਰਾਏ , ਡੀ. ਐੱਸ. ਪੀ. ਟਾਂਡਾ ਰਾਜ ਕੁਮਾਰ ਬਜਾੜ੍ਹ, ਇੰਸਪੈਕਟਰ ਕਰਨੈਲ ਸਿੰਘ ਇੰਚਾਰਜ ਨਾਰਕੋਟਿਕ ਸੈਲ ਹੁਸ਼ਿਆਰਪੁਰ ਅਤੇ ਮੁੱਖ ਅਫ਼ਸਰ ਥਾਣਾ ਟਾਂਡਾ ਐੱਸ. ਆਈ. ਸੁਰਜੀਤ ਸਿੰਘ ਪੱਡਾ ਦੀਆਂ ਟੀਮਾ ਨੇ ਬਹੁਤ ਸੰਜੀਦਗੀ ਅਤੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਕੁਝ ਹੀ ਘੰਟਿਆ ਵਿੱਚ ਇਸ ਦੋਹਰੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ।
ਇਹ ਵੀ ਪੜ੍ਹੋ: ਭੋਗਪੁਰ ਵਿਖੇ ਸ਼ਰਮਸਾਰ ਕਰਦੀ ਘਟਨਾ, ਨਾਬਾਲਗ ਕੁੜੀ ਨੂੰ ਅਗਵਾ ਕਰਕੇ ਰੋਲੀ ਪੱਤ
ਨੂੰਹ ਨੇ ਆਸ਼ਿਕ ਨਾਲ ਮਿਲ ਕੇ ਕੀਤਾ ਘਿਨਾਉਣਾ ਕਾਰਾ
ਦੋਸ਼ਣ ਮਨਦੀਪ ਕੌਰ ਅਤੇ ਉਸ ਦੇ ਆਸ਼ਿਕ ਜਸਮੀਤ ਸਿੰਘ ਪੁੱਤਰ ਬਲਦੇਵ ਸਿੰਘ ਜੋਕਿ ਪਿੰਡ ਦਾਤਾ ਦੇ ਗੁਰੁਦੁਆਰਾ ਸਾਹਿਬ ਵਿੱਚ ਗ੍ਰੰਥੀ ਦਾ ਕੰਮ ਕਰਦਾ ਹੈ ਅਤੇ ਪਿੰਡ ਸੰਘੜ ਜਿਲਾ ਅਮ੍ਰਿਤਸਰ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰਕੇ ਅਤੇ ਇਨ੍ਹਾਂ ਵੱਲੋਂ ਵਾਰਦਾਤ ਵਿੱਚ ਵਰਤਿਆ ਚਾਕੂ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ। ਤਫ਼ਤੀਸ਼ ਤੋਂ ਸਾਹਮਣੇ ਆਇਆ ਕਿ ਮਨਦੀਪ ਕੌਰ ਦੇ ਪਿਛਲੇ ਕਾਫ਼ੀ ਸਮੇ ਤੋਂ ਜਸਮੀਤ ਸਿੰਘ ਨਾਲ ਨਾਜਾਇਜ਼ ਸੰਬੰਧ ਚੱਲੇ ਆ ਰਹੇ ਹਨ ਅਤੇ ਇਨ੍ਹਾਂ ਸੰਬੰਧਾ ਵਿੱਚ ਮਨਦੀਪ ਕੌਰ ਆਪਣੇ ਸੱਸ-ਸਹੁਰਾ ਨੂੰ ਰੋੜਾ ਸਮਝਦੀ ਸੀ। ਇਸ ਲਈ ਇਸ ਨੇ ਆਪਣੇ ਪਤੀ ਘਰੋਂ ਜਾਣ ਤੋਂ ਬਾਅਦ ਆਪਣੇ ਆਸ਼ਿਕ ਨੂੰ ਘਰੇ ਬੁਲਾ ਕੇ ਦੋਹਾਂ ਦਾ ਗਲਾ ਘੁੱਟ ਕੇ ਅਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਸਬੂਤ ਮਿਟਾਉਣ ਦੀ ਨੀਅਤ ਨਾਲ ਦੋਹਾਂ ਦੀਆਂ ਲਾਸ਼ਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ। ਵਾਰਦਾਤ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਰਲ ਕੇ ਘਰ ਵਿੱਚੋਂ ਗਹਿਣੇ ਚੋਰੀ ਕਰ ਲਏ ਅਤੇ ਜਸਮੀਤ ਹੱਥ ਦੇ ਦਿੱਤੇ। ਪੁਲਸ ਨੇ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ। ਉਕਤ ਕਤਲ ਦੇ ਮੁੱਕਦਮਾ ਵਿੱਚ ਜੁਰਮ 201, 380 ਭ:ਦ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿਤੀ 23-11-2021 ਨੂੰ ਦੋਸ਼ਣ ਮਨਦੀਪ ਕੌਰ ਦੇ ਪੇਕੇ ਘਰੋਂ ਪਿੰਡ ਦਬੁਰਜੀ ਚੋਰੀ ਹੋਈ ਸੀ, ਉਸ ਵਿੱਚ ਕਰੀਬ 15 ਤੋਲੇ ਸੋਨਾ ਚੋਰੀ ਹੋਣਾ ਪਾਇਆ ਗਿਆ। ਜੋ ਇਨ੍ਹਾਂ ਨੇ ਮੰਨਿਆ ਹੈ ਕਿ ਮਨਦੀਪ ਕੌਰ ਨੇ ਆਪਣੇ ਆਸ਼ਿਕ ਜਸਮੀਤ ਸਿੰਘ ਨਾਲ ਮਿਲ ਕੇ ਅਮਲ ਵਿੱਚ ਲਿਆਂਦੀ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 267 ਮਿਤੀ 28-11-2021 ਅ/ਧ 454/380 ਭ:ਦ ਥਾਣਾ ਟਾਂਡਾ ਅਣਪਛਾਤੇ ਵਿਅਕਤੀਆਂ ਦਰਜ ਹੈ। ਪੁੱਛਗਿੱਛ ਜਾਰੀ ਹੈ ।
ਬਰਾਮਦਗੀ ਦਾ ਵੇਰਵਾ
1. ਵਾਰਦਾਤ ਵਿੱਚ ਵਰਤਿਆ ਹੋਇਆ ਚਾਕੂ
2. ਮੋਟਰਸਾਈਕਲ
3. ਸੋਨੇ ਦੀਆਂ ਚੂੜੀਆਂ- 6
4. ਸੋਨੇ ਦਾ ਲੋਕਟ ਸਮੇਤ ਚੈਨ ਲੇਡੀ- 3
5. ਲੋਕਟ ਸਮੇਤ ਚੈਨ ਜੈਂਟਸ- 1
6. ਮੁੰਦਰੀਆਂ ਲੇਡੀਜ਼- 3
7. ਮੁੰਦਰੀਆਂ ਲੇਡੀਜ਼ ਡਾਇਮੈਂਡ- 2
8. ਝੁੰਮਕੇ- 1 ਜੋੜਾ
9. ਟੋਪਸ ਡਾਇਮੈਂਡ- 3 (ਕੁੱਲ 19 ਤੋਲੇ )
10. ਨਕਦੀ ਭਾਰਤੀ ਕਾਰੰਸੀ- 45000/ ਰੁਪਏ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦਿਲ ਕੰਬਾਊ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਭਿਆਨਕ ਮੰਜ਼ਰ ਦੇਖਣ ਤੋਂ ਬਾਅਦ ਇਕ ਵਿਅਕਤੀ ਨੇ ਤੋੜਿਆ ਦਮ
NEXT STORY