ਚੰਡੀਗੜ੍ਹ (ਅਰਚਨਾ) : ਗਾਇਨੀਕਾਲੋਜੀ ਡਾਕਟਰ ਪ੍ਰੋ. ਅਲਕਾ ਸਹਿਗਲ ਨੇ ਹਸਪਤਾਲ ਅਥਾਰਟੀ ਨੂੰ ਕਹਿ ਦਿੱਤਾ ਹੈ ਕਿ ਉਹ ਬੱਚੀ ਦੀ ਡਲਿਵਰੀ 'ਚ ਕੋਈ ਭੂਮਿਕਾ ਨਹੀਂ ਨਿਭਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੀ ਨੂੰ ਡਾ. ਭਾਰਤੀ ਗੋਇਲ ਦੇਖ ਰਹੀ ਹੈ ਤੇ ਡਾ. ਗੋਇਲ ਇਕ ਵੱਖਰੇ ਯੂਨਿਟ ਦੀ ਹੈ, ਜਿਸਦੇ ਇੰਚਾਰਜ ਡਾ. ਨਵਨੀਤ ਹਨ। ਡਾ. ਅਲਕਾ ਦਾ ਕਹਿਣਾ ਹੈ ਕਿ ਉਹ ਨਾ ਤਾਂ ਡਾ. ਭਾਰਤੀ ਦੇ ਯੂਨਿਟ ਹੈੱਡ ਹਨ ਤੇ ਨਾ ਹੀ ਵਿਭਾਗ ਦੀ ਐੱਚ. ਓ. ਡੀ., ਇਸ ਲਈ ਬੱਚੀ ਦੀ ਡਲਿਵਰੀ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਦਾਲਤ ਦੀਆਂ ਸ਼ਰਤਾਂ ਨਿਭਾਉਣੀਆਂ ਸਨ, ਉਦੋਂ ਉਨ੍ਹਾਂ ਨੇ ਉਹ ਜ਼ਿੰਮੇਵਾਰੀ ਚੁੱਕ ਲਈ ਪਰ ਹੁਣ ਉਹ ਇਸ ਕੇਸ 'ਚ ਅੱਗੇ ਕੁਝ ਨਹੀਂ ਕਰਨਾ ਚਾਹੁੰਦੀ। ਇਸ ਸਥਿਤੀ 'ਚ ਹੁਣ ਡਾ. ਅਲਕਾ ਦੀ ਥਾਂ ਹਸਪਤਾਲ ਨੂੰ ਕਿਸੇ ਹੋਰ ਡਾਕਟਰ ਨੂੰ ਨਿਯੁਕਤ ਕਰਨਾ ਪਵੇਗਾ।
ਮੁਲਜ਼ਮ ਦਾ ਨਹੀਂ ਕੀਤਾ ਐੱਚ. ਆਈ. ਵੀ. ਟੈਸਟ
ਬੱਚੀ ਦੇ ਗਰਭਵਤੀ ਹੋਣ ਦੀ ਪੁਸ਼ਟੀ ਦੇ 6 ਮਹੀਨੇ ਬੀਤਣ ਤੋਂ ਬਾਅਦ ਉਸਦਾ ਐੱਚ. ਆਈ. ਵੀ. ਟੈਸਟ ਵੀ ਦੇਰੀ ਨਾਲ ਕੀਤਾ ਜਾ ਸਕਿਆ। ਬੇਸ਼ੱਕ ਬੱਚੀ ਦੀ ਐੱਚ. ਆਈ. ਵੀ. ਜਾਂਚ ਨੈਗਟਿਵ ਹੈ ਪਰ ਕੁੱਖ ਵਿਚ ਪਲ ਰਹੇ ਬੱਚੇ ਦੇ ਬਾਇਓਲਾਜੀਕਲ ਫਾਦਰ (ਮੁਲਜ਼ਮ) ਦੇ ਉਹ ਟੈਸਟ ਨਹੀਂ ਕੀਤੇ ਗਏ, ਜਿਨ੍ਹਾਂ ਕਾਰਨ ਬੱਚੇ ਦੀ ਇਨਫੈਕਸ਼ਨ ਦਾ ਪਤਾ ਲਗ ਸਕਦਾ।
ਚੰਡੀਗੜ੍ਹ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਪ੍ਰੋਜੈਕਟ ਡਾਇਰੈਕਟਰ ਡਾ. ਵਨੀਤਾ ਗੁਪਤਾ ਦਾ ਕਹਿਣਾ ਹੈ ਕਿ ਮੁਲਜ਼ਮ (ਜਬਰ-ਜ਼ਨਾਹ ਕਰਨ ਵਾਲਾ) ਦਾ ਐੱਚ. ਆਈ. ਵੀ. ਟੈਸਟ ਵੀ ਜ਼ਰੂਰੀ ਸੀ। ਆਮ ਤੌਰ 'ਤੇ ਜਬਰ-ਜ਼ਨਾਹ ਵਿਕਟਿਮ ਨੂੰ ਜਬਰ-ਜ਼ਨਾਹ ਦੇ ਕੁਝ ਹੀ ਘੰਟਿਆਂ 'ਚ ਐੱਚ. ਆਈ. ਵੀ. ਤੋਂ ਬਚਾਅ ਲਈ ਦਵਾਈ ਦੇ ਦਿੱਤੀ ਜਾਂਦੀ ਹੈ ਪਰ ਬੱਚੀ ਦੇ ਕੇਸ 'ਚ ਅਜਿਹਾ ਨਹੀਂ ਹੋਇਆ। ਜੇ ਬੱਚੀ ਦੀ ਐੱਚ. ਆਈ. ਵੀ. ਟੈਸਟ ਰਿਪੋਰਟ ਨੈਗੇਟਿਵ ਹੈ ਤਾਂ ਐੱਚ. ਆਈ. ਵੀ. ਰਿਸਕ ਜ਼ੀਰੋ ਹੈ। ਇਹ ਟੈਸਟ ਗਰਭਵਤੀ ਹੋਣ ਦੀ ਸ਼ੁਰੂਆਤ 'ਚ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ 8ਵੇਂ ਮਹੀਨੇ ਤਕ ਪਹੁੰਚਣ 'ਤੇ ਤਾਂ ਵਿੰਡੋ ਪੀਰੀਅਡ ਨਿਕਲ ਜਾਂਦਾ ਹੈ। ਬੱਚੀ ਦੀ ਰਿਪੋਰਟ ਪਾਜ਼ੇਟਿਵ ਹੁੰਦੀ ਤਾਂ ਇਲਾਜ ਵੀ ਉਸ ਦੇ ਬੱਚੇ ਨੂੰ ਇਨਫੈਕਸ਼ਨ ਤੋਂ ਨਹੀਂ ਬਚਾਅ ਸਕਦਾ ਸੀ।
ਮਿਲਕ ਬੈਂਕ ਤੋਂ ਲੈਣਗੇ ਬੱਚੇ ਲਈ ਦੁੱਧ
ਸੂਤਰਾਂ ਅਨੁਸਾਰ ਮੈਡੀਕਲ ਬੋਰਡ ਦੇ ਡਾਕਟਰਾਂ ਨੇ ਬੱਚੇ ਲਈ ਜਨਮ ਤੋਂ ਬਾਅਦ ਉਸਨੂੰ ਦਿੱਤੇ ਜਾਣ ਵਾਲੇ ਪੋਸ਼ਣ ਸਬੰਧੀ ਵੀ ਵਿਚਾਰ ਸ਼ੁਰੂ ਕਰ ਦਿੱਤਾ ਹੈ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਜਨਮ ਦੇ ਨਾਲ ਹੀ ਪਰਿਵਾਰ ਤੋਂ ਦੂਰ ਕਰ ਦਿੱਤਾ ਜਾਵੇਗਾ ਕਿਉਂਕਿ ਉਹ ਬੱਚੇ ਨੂੰ ਦੇਖਣਾ ਵੀ ਨਹੀਂ ਚਾਹੁੰਦੇ। ਅਜਿਹੀ ਸਥਿਤੀ 'ਚ ਬੱਚੇ ਦਾ ਪੋਸ਼ਣ ਖਤਰੇ 'ਚ ਆ ਸਕਦਾ ਹੈ। ਬੱਚੇ ਨੂੰ ਕਿਸੇ ਦੂਜੀ ਮਾਂ ਦਾ ਦੁੱਧ ਦੇਣ 'ਤੇ ਹੀ ਬੱਚਾ ਸਿਹਤਮੰਦ ਰਹਿ ਸਕੇਗਾ, ਇਸ ਲਈ ਡਾਕਟਰ ਹਸਪਤਾਲ ਦੇ ਹੀ ਮਿਲਕ ਬੈਂਕ ਤੋਂ ਬੱਚੇ ਨੂੰ ਦੁੱਧ ਪਿਲਾਉਣਗੇ।
ਮਿਲਕ ਬੈਂਕ ਦੀ ਸ਼ੁਰੂਆਤ ਹਸਪਤਾਲ ਨੇ ਬੀਤੇ ਸਾਲ ਕੀਤੀ ਸੀ। ਬੈਂਕ 'ਚ ਉਨ੍ਹਾਂ ਮਾਵਾਂ ਦੇ ਦੁੱਧ ਨੂੰ ਸਟੋਰ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਦੀ ਜ਼ਰੂਰਤ ਤੋਂ ਜ਼ਿਆਦਾ ਦੁੱਧ ਆਉਂਦਾ ਹੈ ਤੇ ਉਸ ਦੁੱਧ ਨੂੰ ਬੇਕਾਰ ਕਰਨ ਦੀ ਥਾਂ ਉਨ੍ਹਾਂ ਬੱਚਿਆਂ ਲਈ ਸਟੋਰ ਕਰ ਲਿਆ ਜਾਂਦਾ ਹੈ, ਜਿਨ੍ਹਾਂ ਦੀਆਂ ਮਾਵਾਂ ਦੀ ਜਨਮ ਦੇ ਨਾਲ ਹੀ ਮੌਤ ਹੋ ਜਾਂਦੀ ਹੈ ਜਾਂ ਬੀਮਾਰੀ ਕਾਰਨ ਬੱਚੇ ਨੂੰ ਦੁੱਧ ਨਹੀਂ ਪਿਲਾ ਸਕਦੀਆਂ। ਹੁਣ ਹਸਪਤਾਲ ਨੇ ਬੱਚੇ ਲਈ ਮਿਲਕ ਬੈਂਕ ਦਾ ਸਹਾਰਾ ਲੈਣ ਦੀ ਯੋਜਨਾ ਬਣਾ ਲਈ ਹੈ।
ਪਵਿੱਤਰ ਗੁਰਬਾਣੀ ਦਾ ਨਿਰਾਦਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ : ਬਡੂੰਗਰ
NEXT STORY