ਮਾਛੀਵਾੜਾ ਸਾਹਿਬ (ਟੱਕਰ) : ਹਰੇਕ ਮਾਤਾ-ਪਿਤਾ ਦਾ ਸੁਫ਼ਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਵੱਡੀਆਂ ਪੁਲਾਂਘਾ ਪੁੱਟਦੇ ਹੋਏ ਚੰਗਾ ਮੁਕਾਮ ਹਾਸਲ ਕਰਨ ਅਤੇ ਅਜਿਹਾ ਹੀ ਸੁਫ਼ਨਾ ਇਤਿਹਾਸਕ ਧਰਤੀ ਮਾਛੀਵਾੜਾ ਸਾਹਿਬ ਦੇ ਵਸਨੀਕ ਮਨਜੀਤ ਸਿੰਘ ਖਹਿਰਾ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਨੇ ਆਪਣੇ ਬੱਚਿਆਂ ਨੂੰ ਆਈ. ਏ. ਐੱਸ. ਬਣਾਉਣ ਦਾ ਲਿਆ ਸੀ। ਇਸ ਸੁਫ਼ਨੇ ਨੂੰ ਉਨ੍ਹਾਂ ਦੇ ਸਪੁੱਤਰ ਡਾ. ਰਾਜਦੀਪ ਸਿੰਘ ਨੇ ਪੂਰਾ ਕਰ ਦਿਖਾਇਆ।
ਆਜ਼ਾਦੀ ਘੁਲਾਟੀਏ ਜੱਥੇਦਾਰ ਕੇਹਰ ਸਿੰਘ ਦੇ ਪੋਤਰੇ ਸਵ. ਮਨਜੀਤ ਸਿੰਘ (ਰਿਟਾਇਰਡ ਰਿਜ਼ਨਲ ਮੈਨੇਜਰ ਪੀ.ਐੱਨ.ਬੀ. ਬੈਂਕ) ਨੇ ਆਪਣੀ ਧੀ ਹਰਪ੍ਰੀਤ ਕੌਰ ਅਤੇ ਦੋ ਪੁੱਤਰਾਂ ਅਮਨਦੀਪ ਸਿੰਘ ਤੇ ਡਾ. ਰਾਜਦੀਪ ਸਿੰਘ ਨੂੰ ਮੁੱਢ ਤੋਂ ਹੀ ਚੰਗੀ ਵਿੱਦਿਅਕ ਸਿੱਖਿਆ ਦਿਵਾਈ, ਜਿਸ ਸਦਕਾ ਉਨ੍ਹਾਂ ਦੀ ਧੀ ਆਈ. ਬੀ. ਐੱਮ. ’ਚ ਸਾਫਟਵੇਅਰ ਇੰਜਨੀਅਰ ਹੈ, ਜਦੋਂ ਕਿ ਵੱਡਾ ਪੁੱਤਰ ਅਮਨਦੀਪ ਸਿੰਘ ਸਕੱਤਰੇਤ ’ਚ ਚੰਗੇ ਅਹੁਦੇ ’ਤੇ ਹੈ। ਹੁਣ ਡਾ. ਰਾਜਦੀਪ ਸਿੰਘ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ’ਚੋਂ 495ਵਾਂ ਰੈਂਕ ਲੈ ਕੇ ਆਈ. ਏ. ਐੱਸ. ਚੁਣੇ ਗਏ ਹਨ। ਡਾ. ਰਾਜਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਸੁਫ਼ਨਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਆਈ. ਏ. ਐੱਸ ਅਫ਼ਸਰ ਬਣਾਵਾਂ ਅਤੇ ਮੈਂ ਪੰਜਵੀਂ ਦੀ ਪ੍ਰੀਖਿਆ ਤੋਂ ਬਾਅਦ ਇਸ ਅਹੁਦੇ ਨੂੰ ਹਾਸਲ ਕਰਨ ਦੀ ਆਪਣੇ ਮਨ ਵਿਚ ਧਾਰਨਾ ਬਣਾ ਲਈ ਸੀ, ਜੋ ਅੱਜ ਪੂਰੀ ਹੋ ਚੁੱਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਾਜਦੀਪ ਸਿੰਘ ਦੇ ਤਾਇਆ ਪਵਿੱਤਰ ਸਿੰਘ ਤੇ ਚਾਚਾ ਜਸਦੇਵ ਸਿੰਘ ਖਹਿਰਾ ਨੇ ਦੱਸਿਆ ਕਿ ਉਸ ਨੇ ਮੁੱਢਲੀ ਸਿੱਖਿਆ ਸੈਕਰਡ ਹਾਰਟ ਕਾਨਵੈਂਟ ਸਕੂਲ ਉਟਾਲਾਂ ਤੋਂ ਪ੍ਰਾਪਤ ਕੀਤੀ, ਜਦੋਂ ਕਿ ਡਾਕਟਰੀ ਦੀ ਪੜ੍ਹਾਈ ਸਰਕਾਰੀ ਰਜਿੰਦਰਾ ਕਾਲਜ ਪਟਿਆਲਾ ਤੋਂ ਕਰ ਕੂੰਮਕਲਾਂ ਮੁੱਢਲੇ ਸਿਹਤ ਕੇਂਦਰ ਵਿਖੇ ਬਤੌਰ ਡਾਕਟਰ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਡਾ. ਰਾਜਦੀਪ ਸਿੰਘ ਮਾਛੀਵਾੜਾ ਸਾਹਿਬ ਇਲਾਕੇ ਦੇ ਪਹਿਲੇ ਆਈ. ਏ. ਐੱਸ ਹਨ, ਜਿਨ੍ਹਾਂ ਉੱਪਰ ਇਲਾਕੇ ਦੇ ਲੋਕਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਹਰਪਾਲ ਚੀਮਾ ਨੇ ਨਵਜੋਤ ਸਿੱਧੂ 'ਤੇ ਸਾਧੇ ਨਿਸ਼ਾਨੇ, ਮੁੱਖ ਮੰਤਰੀ ਚੰਨੀ ਨੂੰ ਕੀਤੀ ਅਪੀਲ
NEXT STORY