ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਲੁਧਿਆਣਾ ਵਿਚ ਵੀਰਵਾਰ ਨੂੰ ਹੋਈ ਭਾਰੀ ਹਿੰਸਾ ਕਾਰਣ ਹੋਏ ਭਾਰੀ ਨੁਕਸਾਨ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਸਾਰੀਆਂ ਜੇਲਾਂ ’ਚ ਜਾਰੀ ਕੀਤੇ ਗਏ ਰੈੱਡ ਅਲਰਟ ਨੂੰ ਵੇਖਦੇ ਹੋਏ ਸੂਬੇ ਦੀ ਸਭ ਤੋਂ ਵੱਡੀਆਂ ਜੇਲਾਂ ’ਚ ਸ਼ੁਮਾਰ ਹੋਣ ਵਾਲੀ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਜਿਥੇ ਸੈਂਕਡ਼ਿਆਂ ਦੀ ਗਿਣਤੀ ’ਚ ਪੁਲਸ ਕਰਮਚਾਰੀਆਂ ਅਤੇ ਅਫਸਰਾਂ ਨੇ ਪੂਰੇ ਜੇਲ ਕੰੰਪਲੈਕਸ ਦੇ ਅੰਦਰ ਫਲੈਗ ਮਾਰਚ ਕੱਢਿਆ, ਉਥੇ ਹੀ ਜੇਲ ਕੰੰਪਲੈਕਸ ’ਚ ਬਣੀਆਂ ਸਾਰੀ ਬੈਰਕਾਂ ਦੀ ਚੱਪੇ-ਚੱਪੇ ਦੀ ਤਲਾਸ਼ੀ ਲੈ ਕੇ ਕੈਦੀਆਂ ਅਤੇ ਹਵਾਲਾਤੀਆਂ ਦੇ ਸਾਮਾਨ ਦੀ ਜਾਂਚ ਕੀਤੀ। ਆਖਿਰੀ ਸਮਾਚਾਰ ਮਿਲਣ ਤਕ ਕੇਂਦਰੀ ਜੇਲ ਕੰੰਪਲੈਕਸ ਵਿਚ ਸਰਚ ਮੁਹਿੰਮ ਦਾ ਦੌਰ ਜਾਰੀ ਸੀ।
ਜ਼ਿਕਰ ਯੋਗ ਹੈ ਕਿ ਕੇਂਦਰੀ ਜੇਲ ਲੁਧਿਆਣਾ ’ਚ ਹੋਈ ਭਾਰੀ ਹਿੰਸਾ ਨੂੰ ਲੈ ਕੇ ਹੋਏ ਨੁਕਸਾਨ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਸਾਰੀਆਂ ਜੇਲਾਂ ’ਚ ਸੁਰੱਖਿਆ ਪ੍ਰਬੰਧ ਦੇ ਸਖਤ ਕਰਨ ਦੇ ਨਾਲ-ਨਾਲ ਰੈੱਡ ਅਲਰਟ ਜਾਰੀ ਕੀਤਾ ਹੈ। ਜਿਸ ਨੂੰ ਵੇਖਦੇ ਹੋਏ 3200 ਕੈਦੀਆਂ ਅਤੇ ਹਵਾਲਾਤੀਆਂ ਨਾਲ ਲੈਸ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਜੋ ਕਿ ਜਲੰਧਰ ਕਮਿਸ਼ਨਰੇਟ, ਜਲੰਧਰ ਦਿਹਾਤੀ ਅਤੇ ਜ਼ਿਲਾ ਕਪੂਰਥਲਾ ਦੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖਣ ਲਈ ਜ਼ਿੰਮੇਵਾਰ ਹਨ, ’ਚ ਭਾਰੀ ਸੁਰੱਖਿਆ ਨੂੰ ਅਮਲ ਵਿਚ ਲਿਆਂਦਾ ਗਿਆ। ਜਿਸ ਦੌਰਾਨ ਵੀਰਵਾਰ ਨੂੰ ਏ. ਆਈ. ਜੀ. ਜੇਲ ਐੱਸ. ਪੀ. ਖੰਨਾ ਦੀ ਨਿਗਰਾਨੀ ਵਿਚ 300 ਦੇ ਕਰੀਬ ਪੁਲਸ ਅਤੇ ਪੀ. ਏ. ਪੀ. ਦੇ ਕਰਮਚਾਰੀਆਂ ਅਤੇ ਅਫਸਰਾਂ ਦੀਆਂ ਟੀਮਾਂ ਨੇ ਪੂਰੇ ਜੇਲ ਕੰੰਪਲੈਕਸ ਦੇ ਅੰਦਰ ਕਈ ਘੰਟੇ ਲੰਮਾ ਫਲੈਗ ਮਾਰਚ ਕੱਢਿਆ।
ਫਲੈਗ ਮਾਰਚ ਦੌਰਾਨ ਜੇਲ ਕੰੰਪਲੈਕਸ ਦੇ ਅੰਦਰ ਬਣੀਆਂ ਸਾਰੀਆਂ ਬੈਰਕਾਂ ’ਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਲਡ਼ਾਈ-ਝਗਡ਼ੇ ਤੋਂ ਦੂਰ ਰਹਿਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਥੇ ਹੀ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਵੀ ਲਈ ਗਈ। ਸੁਰੱਖਿਆ ਪ੍ਰਬੰਧਾਂ ਦੀ ਇਸ ਲਡ਼ੀ ਵਿਚ ਪੁਲਸ ਟੀਮਾਂ ਨੇ ਵਿਦੇਸ਼ੀ ਕੈਦੀਆਂ ਅਤੇ ਗੈਂਗਸਟਰਾਂ ਲਈ ਬਣੀਆਂ ਵਿਸ਼ੇਸ਼ ਬੈਰਕਾਂ ਅਤੇ ਚੱਕੀਆਂ ’ਚ ਤਲਾਸ਼ੀ ਲਈ ਅਤੇ ਇਨ੍ਹਾ ਥਾਵਾਂ ’ਤੇ ਵਿਸ਼ੇਸ਼ ਪੁਲਸ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ। ਗੈਂਗਸਟਰਾਂ ਨੂੰ ਇਕ ਨਿਸ਼ਚਿਤ ਸਮੇਂ ਵਿਚ ਹੀ ਬੈਰਕਾਂ ਦੇ ਬਾਹਰ ਘੁੰਮਣ ਦੇ ਨਿਰਦੇਸ਼ ਦਿੱਤੇ ਗਏ। ਜਿਸ ਦੌਰਾਨ ਜੇਲ ਦੇ ਮੁੱਖ ਗੇਟ ਤੋਂ ਲੈ ਕੇ ਜੇਲ ਦੇ ਪੂਰੇ ਕੰੰਪਲੈਕਸ ਦੀ ਸੁਰੱਖਿਆ ਨੂੰ ਕਈ ਹਿੱਸਿਆਂ ਵਿਚ ਵੰਡਦੇ ਹੋਏ ਸਾਰੇ ਬੈਰੀਗੇਟਸ ’ਤੇ ਆਧੁਨਿਕ ਹਥਿਆਰਾਂ ਨਾਲ ਲੈਸ ਪੁਲਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਜੇਲ ’ਚ ਨੰਬਵਰ 2011 ’ਚ ਹੋਈ ਹਿੰਸਾ, 2 ਦੀ ਹੋਈ ਸੀ ਮੌਤ
ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਨਵੰਬਰ 2011 ਵਿਚ ਕੈਦੀਆਂ ਦੇ ਇਕ ਵੱਡੇ ਸਮੂਹ ਵੱਲੋਂ ਕੀਤੀ ਗਈ ਭਾਰੀ ਹਿੰਸਾ ਕਾਰਨ ਜੇਲ ਕੰੰਪਲੈਕਸ ’ਚ ਕਰੋਡ਼ਾਂ ਰੁਪਏ ਦਾ ਨੁਕਸਾਨ ਹੋਇਆ ਸੀ। ਜਿਸ ਦੌਰਾਨ ਇਸ ਹਿੰਸਾ ਵਿਚ 2 ਕੈਦੀਆਂ ਦੀ ਮੌਤ ਵੀ ਹੋ ਗਈ ਸੀ। ਜਿਸ ਨੂੰ ਲੈ ਕੇ ਹਰਕਤ ਵਿਚ ਆਈ ਸੂਬਾ ਸਰਕਾਰ ਨੇ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਕਈ ਤਜਰਬੇਕਾਰ ਅਫਸਰਾਂ ਨੂੰ ਤਾਇਨਾਤ ਕਰ ਕੇ ਹਾਲਾਤ ਨੂੰ ਸੰਭਾਲ ਲਿਆ ਸੀ। ਜਿਸ ਨੂੰ ਲੈ ਕੇ ਕਰੀਬ 8 ਸਾਲ ਪਹਿਲਾਂ ਹੋਈ ਇਸ ਘਟਨਾ ਨੂੰ ਵੇਖਦੇ ਹੋਏ ਕੇਂਦਰੀ ਜੇਲ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਸਨ।
ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਸੁਰੱਖਿਆ ਨਾਲ ਕਿਸੇ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ । ਪੂਰੇ ਜੇਲ ਕੰੰਪਲੈਕਸ ਦੀ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਜੇਲ ਕੰੰਪਲੈਕਸ ਵਿਚ ਸਰਚ ਮੁਹਿੰਮ ਲਗਾਤਾਰ ਜਾਰੀ ਰਹੇਗੀ। –ਐੱਸ. ਪੀ. ਖੰਨਾ, ਏ. ਆਈ. ਜੀ. ਜੇਲ।
PM ਮੋਦੀ ਅੱਜ ਵਿਸ਼ਵ ਦੇ ਕਈ ਨੇਤਾਵਾਂ ਨਾਲ ਕਰਨਗੇ ਮੁਲਾਕਾਤ (ਪੜ੍ਹੋ 28 ਜੂਨ ਦੀਆਂ ਖਾਸ ਖਬਰਾਂ)
NEXT STORY