ਅੰਮ੍ਰਿਤਸਰ,(ਇੰਦਰਜੀਤ)- ਟੈਰੇਰਿਜ਼ਮ ਦੇ ਦੌਰ ’ਚ ਜਿਥੇ ਪੁਲਸ ਅਤੇ ਸੁਰੱਖਿਆ ਬਲਾਂ ਲਈ ਸਰਦੀਆਂ ਦੇ ਦਿਨਾਂ ’ਚ ਸਰਹੱਦ ਪਾਰ ਦੀ ਜ਼ਮੀਨੀ ਘੁਸਪੈਠ ਪਹਿਲਾਂ ਤੋਂ ਕਿਤੇ ਵੱਧ ਗਈ ਹੈ, ਉਥੇ ਹੀ ਡਰੋਨ ਦੀ ਘੁਸਪੈਠ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜ਼ਮੀਨ ਦੀ ਸਤ੍ਹਾ ਤੋਂ ਉਪਰ ਚੱਲਣ ਵਾਲੇ ਇਸ ਛੋਟੇ ਜਿਹੇ ਖਿਡੌਣੇ ਨੇ ਸਕਿਓਰਿਟੀ ਸਿਸਟਮ ਲਈ ਕਈ ਚੁਣੌਤੀਆਂ ਖਡ਼੍ਹੀਆਂ ਕਰ ਦਿੱਤੀਆਂ ਹਨ। ਇਸ ਦੇ ਲਈ ਬਾਰਡਰ ਰੇਂਜ ਪੁਲਸ ਨੇ ਸਰਹੱਦ ਪਾਰ ਤੋਂ ਆਏ ਡਰੋਨ ਨੂੰ ਸੁੱਟਣ ਲਈ ਇਕ ਮਾਸਟਰ ਪਲਾਨ ਤਿਆਰ ਕਰਦਿਆਂ ਡਰੋਨ ਤੋਂ ਡਰੋਨ ਟਕਰਾ ਕੇ ਇਕ ਨਵੀਂ ਤਕਨੀਕ ਨੂੰ ਐਕਸਰਸਾਈਜ਼ ’ਚ ਲਿਆਉਣ ਦਾ ਪਲਾਨ ਤਿਆਰ ਕਰ ਲਿਆ ਹੈ, ਜਿਸ ਨਾਲ ਦੋਵੇਂ ਹੀ ਡਰੋਨ ਡਿੱਗ ਕੇ ਨਸ਼ਟ ਹੋ ਜਾਣਗੇ।
ਪੇਂਡੂ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਲਈ ਇਹ ਚੰਗੀ ਖਬਰ ਹੈ ਕਿ ਡਰੋਨ ਦਾ ਖ਼ਤਰਾ ਹੁਣ ਸਿਫ਼ਰ ਹੋਣ ਜਾ ਰਿਹਾ ਹੈ। ਜਗ ਬਾਣੀ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਸਰਹੱਦੀ ਰੇਂਜ ਦੇ ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਕਈ ਵਿਸ਼ੇਸ਼ ਜਾਣਕਾਰੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਡਰੋਨ ਸਿਰਫ ਸਾਡੇ ਦੇਸ਼ ਦੀ ਸਮੱਸਿਆ ਨਹੀਂ ਸਗੋਂ ਸੰਸਾਰਿਕ ਸਮੱਸਿਆ ਹੈ। ਇਸ ਨਾਲ ਕਈ ਦੇਸ਼ ਜੂਝ ਰਹੇ ਹਨ।
ਆਸਾਨ ਨਹੀਂ ਡਰੋਨ ਨੂੰ ਫਾਇਰ ਨਾਲ ਸੁੱਟਣਾ
100 ਮੀਟਰ ਤੋਂ ਜ਼ਿਆਦਾ ਉੱਡਦੇ ਡਰੋਨ ਨੂੰ ਫਾਇਰ ਨਾਲ ਸੁੱਟਣਾ ਆਸਾਨ ਨਹੀਂ ਹੈ। ਬੁਲੇਟ ਦੇ ਫਾਇਰ ਨਾਲ ਨਿਸ਼ਾਨਾ ਲਾਉਣ ਦੀ ਦੂਰੀ ਜੇਕਰ 25 ਤੋਂ 30 ਮੀਟਰ ਹੋਵੇ ਤਾਂ ਇਹ ਸੰਭਵ ਹੈ। ਉਧਰ ਡਰੋਨ ਉਚਾਈ ਦੇ ਨਾਲ ਸਟਿਲ ਆਬਜੈਕਟ ਨਹੀਂ ਸਗੋਂ ਮੂਵੇਬਲ ਹੈ, ਇਸ ਲਈ ਉੱਡਦੇ ਡਰੋਨ ’ਤੇ ਨਿਸ਼ਾਨਾ ਸਾਧਣਾ ਹਨੇਰੇ ’ਚ ਤੀਰ ਮਾਰਨ ਦੇ ਬਰਾਬਰ ਹਨ।
ਰਾਡਾਰ ਦੀ ਰੇਂਜ ਤੋਂ ਬਚ ਜਾਂਦੇ ਹਨ ਡਰੋਨ
ਹਵਾਈ ਅੱਡਿਆਂ ’ਤੇ ਪ੍ਰਾਇਮਰੀ ਅਤੇ ਸੈਕੰਡਰੀ 2 ਤਰ੍ਹਾਂ ਦੇ ਰਾਡਾਰ ਹੁੰਦੇ ਹਨ। ਸੈਕੰਡਰੀ ਜ਼ਿਆਦਾ ਪਾਵਰਫੁੱਲ ਹੁੰਦਾ ਹੈ ਅਤੇ ਸਟੈਲਥ ਪਲੇਨ ਨੂੰ ਵੀ ਆਪਣੀ ਰੇਂਜ ’ਚ ਲੈ ਲੈਂਦਾ ਹੈ। ਇਨ੍ਹਾਂ ਦੋਵਾਂ ਰਾਡਾਰਾਂ ਦੀ ਸਮਰੱਥਾ 50 ਏਅਰ ਨਾਟਿਕਲ ਮਾਈਲਸ ਹੁੰਦੀ ਹੈ। 300 ਮੀਟਰ ਤੋਂ ਘੱਟ ਉਚਾਈ ’ਤੇ ਉਡਾਣ ਕਾਰਣ ਡਰੋਨ ਅਤੇ ਹੋਰ ਸਮੱਗਰੀ ਪ੍ਰਾਇਮਰੀ ਅਤੇ ਸੈਕੰਡਰੀ ਦੋਵਾਂ ਤਰ੍ਹਾਂ ਦੇ ਰਾਡਾਰ ਦੇ ਸਿਗਨਲ ਰੇਂਜ ’ਚ ਨਹੀਂ ਆਉਂਦੇ।
5 ਕਿਸਮਾਂ ਦੇ ਹੁੰਦੇ ਹਨ ਡਰੋਨ
ਆਈ. ਜੀ. ਪਰਮਾਰ ਦੱਸਦੇ ਹਨ ਕਿ ਭਾਰੀ ਸਰਵੀਲਾਂਸ ਡਰੋਨ ’ਚ 15-20 ਕਿਲੋ ਭਾਰ ਚੁੱਕਣ ’ਚ ਸਮਰੱਥਾ ਹੁੰਦੀ ਹੈ। ਇਨ੍ਹਾਂ ’ਚ ਐਮਿਊਨੀਸ਼ੰਸ ਕੈਰੀ ਕਰਨ ਦੀ ਸੰਭਾਵਨਾ ਹੁੰਦੀ ਹੈ। 40 ਕਿਲੋਮੀਟਰ ਦੀ ਰੇਂਜ ਤੱਕ ਆਰ. ਪੀ. ਐੱਸ. ਸੀ. ਹੁੰਦਾ ਹੈ। ਇਨ੍ਹਾਂ ਨੂੰ ਪਿੱਛੋਂ ਹੀ ਕੰਟਰੋਲ ਕੀਤਾ ਜਾਂਦਾ ਹੈ। ਛੋਟੇ ਡਰੋਨ 150 ਮੀਟਰ ਉਡਾਣ ਉਪਰੰਤ ਆਪਣੀ ਰੇਡੀਓ ਰੇਂਜ ਸੰਪਰਕ ਛੱਡ ਦਿੰਦੇ ਹਨ।
ਨੈਨੋ ਡਰੋਨ ਦੀ ਉਡਾਣ 15 ਫੁੱਟ, ਭਾਰ 250 ਗ੍ਰਾਮ।
ਮਾਈਕਰੋ ਡਰੋਨ ਦਾ ਵੱਧ ਤੋਂ ਵੱਧ ਭਾਰ 2 ਕਿਲੋ, ਉਡਾਣ ਸਮਰੱਥਾ 60 ਮੀਟਰ।
ਸਮਾਲ ਡਰੋਨ ਭਾਰ 25 ਕਿਲੋ ਤੱਕ, ਉਡਾਣ ਸਮਰੱਥਾ 120 ਮੀਟਰ।
ਮੀਡੀਅਮ ਡਰੋਨ ਦਾ ਭਾਰ 150 ਕਿਲੋ, ਉਡਾਣ 120 ਮੀਟਰ।
ਲਾਰਜ ਡਰੋਨ ਦਾ ਭਾਰ ਉਪਰੋਕਤ ਡਰੋਨ ਤੋਂ ਵੱਧ ਹੁੰਦਾ ਹੈ ਅਤੇ ਉਚਾਈ 120 ਮੀਟਰ ਜਾਂ ਕੁਝ ਜ਼ਿਆਦਾ।
ਇਹ ਹਨ ਡਰੋਨ ਕ੍ਰੈਸ਼ ਕਰਨ ਦੇ ਤਰੀਕੇ
ਉੱਡਦੇ ਡਰੋਨ ਦੇ ਸਾਹਮਣੇ ਦੂਜਾ ਡਰੋਨ ਬੱਦਲ ’ਚ ਉਤਾਰ ਕੇ ਇਨ੍ਹਾਂ ਨੂੰ ਆਪਸ ’ਚ ਟਕਰਾ ਕੇ ਦੋਵਾਂ ਨੂੰ ਨਸ਼ਟ ਕਰ ਦਿੱਤਾ ਜਾਵੇ।
ਹੇਠਾਂ ਉਡਾਏ ਗਏ ਡਰੋਨ ਦੀ ਮਦਦ ਨਾਲ ਬਾਹਰੋਂ ਆਏ ਡਰੋਨ ’ਤੇ ਜਾਲ ਸੁੱਟ ਦਿੱਤਾ ਜਾਵੇ।
ਉੱਡਦੇ ਡਰੋਨ ’ਤੇ ਜ਼ਮੀਨ ਤੋਂ ਲਗਾਤਾਰ ਫਾਇਰ ਕੀਤੇ ਜਾਣ।
ਰਿਮੋਟ ਦੀ ਮਦਦ ਨਾਲ ਡਰੋਨ ਨੂੰ ਉਤਾਰ ਲਿਆ ਜਾਵੇ।
ਆਈ. ਜੀ. ਪਰਮਾਰ ਨੇ ਕਿਹਾ ਕਿ ਸਰਹੱਦੀ ਰੇਂਜ ਦੇ ਪੇਂਡੂ ਖੇਤਰਾਂ ’ਚ ਪੁਲਸ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਡਰੋਨ ਬਾਰੇ ਜਾਗਰੂਕ ਕਰ ਰਹੀ ਹੈ ਅਤੇ ਪੁਲਸ ਜ਼ਿਲਿਆਂ ਦੇ ਐੱਸ. ਐੱਸ. ਪੀ. ਇਸ ’ਤੇ ਪੂਰੀ ਨਿਗਰਾਨੀ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਆਏ ਡਰੋਨ ਨੂੰ ਡਰੋਨ ਨਾਲ ਕ੍ਰੈਸ਼ ਕਰਨ ਲਈ ਵਿਸ਼ੇਸ਼ ਟੀਮਾਂ ਦੀ ਮਦਦ ਲਈ ਜਾਵੇਗੀ।
ਕੇਂਦਰ ਨੇ ਦਿੱਤੀ ਮਨਜ਼ੂਰੀ, ਹੁਸ਼ਿਆਰਪੁਰ 'ਚ ਬਣੇਗਾ ਸਰਕਾਰੀ ਮੈਡੀਕਲ ਕਾਲਜ
NEXT STORY