ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ, ਪਵਨ) – ਚਿੱਟੇ ਅਤੇ ਮੈਡੀਕਲ ਨਸ਼ਿਆਂ ਦੇ ਪਿੰਡਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਰੋਕਣ ਲਈ ਚਿੰਤਤ ਨੌਜਵਾਨਾਂ ਵਲੋਂ ਬਣਾਈਆਂ ਗਈਆਂ ਨਸ਼ਾ ਵਿਰੋਧੀ ਐਕਸ਼ਨ ਕਮੇਟੀਆਂ ਤੋਂ ਨਸ਼ਾ ਸਮੱਗਲਰ ਤੰਗ ਆ ਚੁੱਕੇ ਹਨ, ਜਿਸ ਦੀ ਉਦਹਾਰਣ ਪਿੰਡ ਕੋਟਲੀ ਤੋਂ ਮਿਲੀ ਹੈ। ਇਸ ਪਿੰਡ 'ਚ ਹੀ ਰਹਿਣ ਵਾਲੇ ਨਸ਼ਾ ਸਮੱਗਲਰ ਨੇ ਨਸ਼ਾ ਰੋਕੂ ਕਮੇਟੀ ਮੈਂਬਰ ਸਤਿਨਾਮ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਕੋਟਲੀ 'ਤੇ ਜਾਨਲੇਵਾ ਹਮਲਾ ਕਰਦਿਆਂ ਗੋਲੀ ਚਲਾ ਦਿੱਤੀ, ਜੋ ਉਸ ਦੇ ਪੱਟ 'ਚ ਲਗ ਗਈ। ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਣ 'ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੂੰ ਜ਼ਖਮੀ ਸਤਿਨਾਮ ਸਿੰਘ ਨੇ ਦੱਸਿਆ ਕਿ ਜਦ ਉਹ ਆਪਣੇ ਮੁੰਡੇ ਦੀ ਕਟਿੰਗ ਕਰਵਾ ਰਿਹਾ ਸੀ ਤਾਂ ਪਿੱਛੋਂ ਕਰਨ ਸਿੰਘ ਉਰਫ ਹੈਪੀ ਸੰਧੂ ਪੁੱਤਰ ਬਲਰਾਜ ਸਿੰਘ ਵਾਸੀ ਕੋਠੇ ਸੰਧੂਆਂ ਵਾਲੇ ਕੋਟਲੀ ਨੇ ਮੈਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਸਾਥੀਆਂ ਵਲੋਂ ਉਸ ਨੂੰ ਇਲਾਜ ਲਈ ਦੋਦਾ ਸਿਵਲ ਹਸਪਤਾਲ ਲਿਆਂਦਾ ਗਿਆ।
ਸਿਵਲ ਹਸਪਤਾਲ ਦੋਦਾ ਤੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਉਚਿਤ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਪਰ ਕਮੇਟੀ ਮੈਂਬਰਾਂ ਵਲੋਂ ਉਸ ਨੂੰ ਇਲਾਜ ਲਈ ਆਦੇਸ਼ ਹਸਪਤਾਲ ਭੁੱਚੋ (ਬਠਿੰਡਾ) ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਲਗਦਿਆਂ ਵੱਖ-ਵੱਖ ਨਸ਼ਾ ਰੋਕੂ ਕਮੇਟੀਆਂ ਦੇ ਮੈਂਬਰ ਸਿਵਲ ਹਸਪਤਾਲ ਦੋਦਾ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਥੇ ਕਿ ਉਕਤ ਪੀੜਤ ਨੌਜਵਾਨ ਸਤਿਨਾਮ ਸਿੰਘ ਨੂੰ ਦਾਖਲ ਕਰਵਾਇਆ ਗਿਆ ਸੀ। ਇਕੱਠੇ ਹੋਏ ਨੌਜਵਾਨਾਂ ਨੇ ਪੁਲਸ-ਪ੍ਰਸ਼ਾਸਨ ਤੋਂ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਡਾ. ਰਮਨ ਦਾ
ਇਸ ਸਬੰਧੀ ਡਾ. ਰਮਨ ਨੇ ਕਿਹਾ ਕਿ ਜਿਸ ਨੌਜਵਾਨ ਨੂੰ ਗੋਲੀ ਮਾਰੀ ਗਈ ਸੀ, ਉਸ ਦਾ ਮੁੱਢਲਾ ਇਲਾਜ ਅਤੇ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਉਚਿਤ ਇਲਾਜ ਲਈ ਅੱਗੇ ਰੈਫਰ ਕਰ ਦਿੱਤਾ ਗਿਆ।
ਕੀ ਕਹਿੰਦੇ ਨੇ ਪੁਲਸ ਅਧਿਕਾਰੀ
ਇਸ ਸਬੰਧੀ ਮੌਕੇ 'ਤੇ ਪਹੁੰਚੇ ਪੁਲਸ ਥਾਣਾ ਕੋਟਭਾਈ ਦੇ ਐੱਸ. ਐੱਸ. ਓ. ਅੰਗਰੇਜ਼ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਜਾਂਚ ਉਪਰੰਤ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਹਰ ਸਾਲ 1 ਕਰੋੜ ਦੇ ਘਾਟੇ 'ਤੇ ਚੱਲ ਰਹੀ ਸੀ ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ
NEXT STORY