ਤਪਾ ਮੰਡੀ (ਸ਼ਾਮ, ਗਰਗ)— ਤਪਾ ਪੁਲਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਉਪਰੰਤ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਪੁਲਸ ਮੁਖੀ ਬਰਨਾਲਾ ਮੁਹੰਮਦ ਸ਼ਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਜਸਕਰਨ ਸਿੰਘ ਬਰਾੜ ਦੀ ਅਗਵਾਈ ਹੇਠ ਤਪਾ ਪੁਲਿਸ ਵੱਲੋਂ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਇਲਾਕੇ ਵਿੱਚ ਚੈਕਿੰਗ ਅਤੇ ਗਸ਼ਤ ਵਧਾਈ ਹੋਈ ਹੈ। ਇਸੇ ਦੌਰਾਨ ਥਾਣਾ ਤਪਾ ਦੀ ਪੁਲਿਸ ਪਾਰਟੀ ਹਾਈਟੈੱਕ ਨਾਕਾ ਤਪਾ ਵਿਖੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਪੁਲਸ ਅਨੁਸਾਰ ਸਹਾਇਕ ਥਾਣੇਦਾਰ ਜਗਪਾਲ ਸਿੰਘ ਨੂੰ ਇੱਕ ਮੁਖਬਰ ਵੱਲੋਂ ਸੂਚਨਾ ਮਿਲੀ ਕਿ ਦਰਾਜ ਵਾਸੀ ਮੁਖਤਿਆਰ ਸਿੰਘ ਉਰਫ਼ ਨਿੱਕਾ ਅਤੇ ਇਕਬਾਲ ਖਾਨ ਉਰਫ਼ ਸਾਹਿਲ ਕਥਿਤ ਤੌਰ ’ਤੇ ਬਾਹਰੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਤਪਾ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਵੇਚਦੇ ਹਨ। ਸੂਚਨਾ ਮਿਲਣ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਡਰੇਨ ਦੀ ਪਟੜੀ ਵਾਲੀ ਸੜਕ ’ਤੇ ਛਾਪੇਮਾਰੀ ਕੀਤੀ ਅਤੇ ਦੋਵਾਂ ਨੂੰ 40 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ।
ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਾਹਮਣੇ ਆਈ ਜਾਣਕਾਰੀ ਦੇ ਆਧਾਰ ’ਤੇ ਉਨ੍ਹਾਂ ਦੇ ਕਥਿਤ ਤੀਜੇ ਸਾਥੀ ਹਰਦੀਪ ਸਿੰਘ ਵਾਸੀ ਦਰਾਜ ਨੂੰ ਵੀ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਦੇ ਸਰੋਤ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਲੈਕਚਰਾਰ ਨੇਹਾ ਕਤਲ ਦੇ ਮਾਮਲੇ 'ਚ ਵੱਡੀ ਅਪਡੇਟ, ਮੁਲਜ਼ਮ ਪਤੀ ਤੇ ਸੱਸ 4 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY