ਜਲੰਧਰ (ਧਵਨ) : ਪੰਜਾਬ ਦੇ ਉੱਪ-ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ’ਚ ਡਰੱਗਜ਼ ਨੂੰ ਲੈ ਕੇ ਜਾਂਚ ਦਾ ਕੰਮ ਅੱਗੇ ਵੀ ਚੱਲਦਾ ਰਹੇਗਾ ਕਿਉਂਕਿ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਹਾਈਕੋਰਟ ਅਤੇ ਸੁਪਰੀਮ ਕੋਰਟ ਤੋਂ ਜ਼ਮਾਨਤ ਨਹੀਂ ਮਿਲ ਸਕੀ ਹੈ। ਉਨ੍ਹਾਂ ਨੇ ਅੱਜ ਕਿਹਾ ਕਿ ਡਰੱਗਜ਼ ਦਾ ਜੋ ਮਾਮਲਾ ਸ਼ੁਰੂ ਹੋ ਚੁੱਕਾ ਹੈ, ਉਹ ਹੁਣ ਅੰਜ਼ਾਮ ਤੱਕ ਪਹੁੰਚ ਕੇ ਹੀ ਰਹੇਗਾ ਕਿਉਂਕਿ ਸੂਬੇ ਦੀ ਜਨਤਾ ਦੀ ਵੀ ਇਹੀ ਮੰਗ ਹੈ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾਮੁਕਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣਾ ਸਟੈਂਡ ਜਨਤਾ ਦਰਮਿਆਨ ਰੱਖ ਦਿੱਤਾ ਹੈ ਕਿ ਉਹ ਡਰੱਗਜ਼ ਦਾ ਪੂਰੀ ਤਰ੍ਹਾਂ ਸਫਾਇਆ ਕਰਕੇ ਰਹੇਗੀ। ਉਨ੍ਹਾਂ ਕਿਹਾ ਕਿ ਡਰੱਗਜ਼ ਨੇ ਨੌਜਵਾਨਾਂ ਦੀ ਜਵਾਨੀ ਨੂੰ ਖੋਹ ਲਿਆ ਹੈ ਅਤੇ ਅਨੇਕਾਂ ਲੋਕਾਂ ਦੀਆਂ ਜ਼ਿੰਦਗੀਆਂ ਵੀ ਡਰੱਗਜ ਕਾਰਨ ਚਲੀਆਂ ਗਈਆਂ ਹਨ। ਜਨਤਾ ਨੇ ਜੇ ਕਾਂਗਰਸ ਨੂੰ ਇਕ ਹੌਰ ਮੌਕਾ ਦਿੱਤਾ ਤਾਂ ਪੰਜਾਬ ਵਿਚ ਡਰੱਗਜ਼ ਨਹੀਂ ਰਹੇਗਾ ਕਿਉਂਕਿ ਅਸੀਂ ਆਉਂਦੇ ਹੀ ਇਸ ਦੇ ਖ਼ਿਲਾਫ ਇਕ ਵੱਡੀ ਮੁਹਿੰਮ ਸ਼ੁਰੂ ਕਰ ਦੇਵਾਂਗੇ। ਡਰੱਗ ਦੇ ਧੰਦੇ ’ਚ ਸ਼ਾਮਲ ਵੱਡੇ ਮਗਰਮੱਛਾਂ ’ਤੇ ਵੀ ਹੱਥ ਪਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਜਨਤਾ ਨੂੰ ਭਰੋਸਾ ਦਿੰਦੇ ਹਾਂ ਕਿ ਜੋ ਕੰਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਸਕੇ ਹਨ ਉਹ ਅਸੀਂ ਪੂਰਾ ਕਰਾਂਗੇ ਕਿਉਂਕਿ ਸਾਨੂੰ 111 ਦਿਨਾਂ ਲਈ ਕੰਮ ਕਰਨ ਦਾ ਮੌਕਾ ਮਿਲਿਆ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਾਰਡਰ ਖੇਤਰ ਡੇਰਾ ਬਾਬਾ ਨਾਨਕ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਸਰਹੱਦੀ ਖੇਤਰਾਂ ’ਚ ਵੀ ਲੋਕ ਵੱਧਦੇ ਨਸ਼ਿਆਂ ਕਾਰਨ ਕਿੰਨੇ ਪ੍ਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਚੰਨੀ ਸਰਕਾਰ ’ਚ ਸਾਰੇ ਲੋਕ ਕੰਮ ਕਰਨ ਵਾਲੇ ਸਨ। ਅੱਗੇ ਵੀ ਕਾਂਗਰਸ ਨੂੰ ਬਹੁਮਤ ਮਿਲਣ ’ਤੇ ਸਾਰੇ ਲੋਕ ਦਿਨ-ਰਾਤ ਇਕ ਕਰਕੇ ਪੰਜਾਬ ਨੂੰ ਸੁਨਹਿਰੇ ਦਿਨ ਵਾਪਸ ਲਿਆ ਕੇ ਦੇਣਗੇ।
ਜਲੰਧਰ ਰੈਲੀ ’ਚ PM ਮੋਦੀ ਨੇ ‘ਪੰਜਾਬ ਕੇਸਰੀ’ ਦੇ ਸ਼ਹੀਦ ਪਰਿਵਾਰ ਫੰਡ ਦੀ ਕੀਤੀ ਤਾਰੀਫ਼
NEXT STORY