ਸੰਗਰੂਰ, (ਸਿੰਗਲਾ)— ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਕ ਸਾਂਝੇ ਬਿਆਨ 'ਚ ਖਾਲਸਾ ਸਾਜਨ ਦਿਵਸ (ਵਿਸਾਖੀ) ਤੇ ਅਨੰਦਪੁਰ ਸਾਹਿਬ ਸਮੇਤ ਛੋਟੇ-ਵੱਡੇ ਇਤਿਹਾਸਕ ਗੁਰਧਾਮਾਂ 'ਚ ਕੋਈ ਵੀ ਵੱਡਾ ਇਕੱਠ ਕਰਨ ਦੀ ਥਾਂ ਆਪੋ-ਆਪਣੇ ਘਰਾਂ 'ਚ ਗੁਰਬਾਣੀ ਦਾ ਜਾਪ ਕਰਨ ਦੀ ਅਪੀਲ ਸੰਗਤਾਂ ਨੂੰ ਕਰਦਿਆਂ ਕਿਹਾ ਕਿ ਕੋਰੋਨਾ ਵਰਗੀ ਲਾਇਲਾਜ਼ ਬਿਮਾਰੀ ਨੇ ਵਿਸ਼ਵ ਨੂੰ ਲਪੇਟ 'ਚ ਲਿਆ ਹੈ। ਇਸ ਬਿਮਾਰੀ ਕਾਰਨ ਵੱਡੇ ਇਕੱਠ ਅਸੰਭਵ ਹਨ । ਖਾਲਸੇ ਦਾ ਕੌਮੀਂ ਪੁਰਬ ਘਰਾਂ 'ਚ ਮਨਾਉਣਾ, ਬਚਾਅ 'ਚ ਹੀ ਬਚਾਅ ਹੈ। ਇਸ ਮਹਾਨ ਦਿਵਸ 'ਤੇ ਤਿੰਨਾਂ ਆਗੂਆਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਹਮ-ਖਿਆਲੀ ਸਿੱਖ ਸੰਗਠਨਾਂ ਨੂੰ ਬੇਨਤੀ ਕੀਤੀ ਹੈ ਕਿ ਸਿੱਖੀ ਬਚਾਉਣ ਲਈ, ਮੁਕੱਦਸ ਦਿਵਸ 'ਤੇ ਸਿੱਖ ਸੰਸਥਾਵਾਂ 'ਚੋਂ ਬਾਦਲਾਂ ਨੂੰ ਬਾਹਰ ਕੱਢਣ ਲਈ ਸਿੱਖ ਸੰਗਤਾਂ ਤੇ ਆਗੂਆਂ ਨੂੰ ਆਪਣੇ ਘਰ-ਘਰ 'ਚ ਪ੍ਰਣ ਕੀਤਾ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਬਾਦਲਾਂ ਪਰਿਵਾਰਵਾਦ ਪਾਲਣ ਲਈ ਸਿੱਖ ਸੰਗਠਨਾਂ ਦਾ ਸਤਿਆਨਾਸ ਕਰ ਦਿੱਤਾ, ਜਿਸ ਨਾਲ ਕੌਮ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋਇਆ।
ਬਾਦਲਾਂ ਚੰਦ ਵੋਟਾਂ ਖਾਤਰ ਸੌਦਾ-ਸਾਧ ਨੂੰ ਬਿਨਾਂ ਪੇਸ਼ੀ ਅਕਾਲ ਤਖਤ ਤੋਂ ਮੁਆਫੀ ਦਵਾਉਣ ਲਈ ਜੱਥੇਦਾਰਾਂ ਨੂੰ ਚੰਡੀਗੜ੍ਹ ਸਰਕਾਰੀ ਕੋਠੀ ਸੱਦ ਕੇ, ਸਿੱਖ ਪ੍ਰੰਪਰਾਵਾਂ ਖਤਮ ਕੀਤੀਆਂ । ਗੁਰੂ ਦੀ ਗੋਲਕ 'ਚੋਂ 97 ਲੱਖ ਦੇ ਇਸ਼ਤਿਹਾਰ ਅਖਬਾਰਾਂ 'ਚ ਲਗਵਾਏ। ਬਰਗਾੜੀ ਕਾਂਡ ਦੇ ਦੋਸ਼ੀ ਬਾਦਲਾਂ ਨੇ ਬਚਾਏ, ਜਿਥੇ 2 ਸਿੱਖ ਗੱਭਰੂ ਪੁਲਸ ਗੋਲੀ ਨਾਲ ਸ਼ਹੀਦ ਹੋਏ। ਤਿੰਨਾਂ ਆਗੂਆਂ ਨੇ ਪੰਚ-ਪ੍ਰਧਾਨੀ ਸਿਧਾਂਤ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਬਾਦਲਾਂ ਗੁਰੂ-ਗ੍ਰੰਥ ਤੇ ਪੰਥਕ ਮਰਯਾਦਾ ਖਤਮ ਕਰ ਦਿੱਤੀ ਹੈ। ਤਿੰਨਾਂ ਆਗੂਆਂ ਨੇ ਦੋਸ਼ ਲਗਾਇਆ ਕਿ ਬਾਦਲਾਂ ਸ਼ਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ 'ਤੇ ਕਬਜ਼ਾ ਕਰਕੇ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ 'ਤੇ ਕੰਟਰੋਲ ਕਰ ਲਿਆ ਹੈ, ਜਿਸ ਕਾਰਨ ਇਹ ਮਹਾਨ ਸੰਸਥਾਂਵਾਂ ਇਕ ਪਰਿਵਾਰ ਤਕ ਸੀਮਤ ਹੋ ਗਈਆਂ ਹਨ। ਇਸ ਪਰਿਵਾਰਕ ਸਿਆਸਤ ਨੇ ਧਰਮ ਦੇ ਸਾਰੇ ਰਸਤੇ ਰੋਕੇ ਹਨ। ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦਾ ਦਫਤਰ ਬਣ ਕੇ ਰਹਿ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਸੰਪਨ ਹੋ ਚੁੱਕੀ ਹੈ ਪਰ ਉਸ ਦੀ ਅਜ਼ਾਦ ਹੋਂਦ ਹਸਤੀ ਨੂੰ ਹੀ ਚੁਨੌਤੀ ਦੇ ਕੇ ਬਾਦਲਾਂ ਬਜ਼ਰ ਗਲਤੀ ਕੀਤੀ, ਜਿਸ ਨੂੰ ਸਿੱਖ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ। ਤਿੰਨਾਂ ਆਗੂਆਂ ਨੇ ਮੀਰੀ-ਪੀਰੀ ਦੇ ਸਿਧਾਂਤ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀ ਹਰਿਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਹਿਨੀਆਂ ਸਨ, ਜਿਨ੍ਹਾਂ 'ਚੋਂ ਇਕ ਅਧਿਆਤਮਕ ਤੇ ਦੂਸਰੀ ਰਾਜਸੀ ਸ਼ਕਤੀ ਦੀ ਪ੍ਰਤੀਕ ਸੀ ਤੇ ਧਰਮ ਨੂੰ ਸਿਆਸਤ ਤੋਂ ਉਪਰ ਰੱਖਿਆ ਗਿਆ ਸੀ। ਪਰ ਅਫਸੋਸ ਹੈ ਕਿ ਬਾਦਲਾਂ ਧਰਮ ਨੂੰ ਰਾਜਨੀਤੀ ਦੇ ਮੁਥਾਜ਼ ਕਰ ਦਿੱਤਾ ਹੈ ਜੋ ਸਿੱਖ ਕੌਮ ਲਈ ਅਸਹਿ ਹੈ। ਉਨ੍ਹਾਂ ਬਾਦਲਾਂ ਨੂੰ ਮਸੰਦ ਕਰਾਰ ਦਿੱਤਾ। ਆਗੂਆਂ ਮੁਤਾਬਕ ਅੰਗਰੇਜ਼ ਸਾਮਰਾਜ ਵੇਲੇ ਮਸੰਦ ਗੁਰਧਾਮਾਂ ਚੋਂ ਬਾਹਰ ਕੱਢਣ ਲਈ ਸਿੱਖ ਕੌਮ ਨੂੰ ਅਥਾਹ ਕੁਰਬਾਨੀਆਂ ਪਈਆਂ ਸਨ।
ਇਟਲੀ ਤੋਂ ਪਰਤੇ ਨੌਜਵਾਨ ਨੂੰ ਘਰ 'ਚ ਕੀਤਾ ਇਕਾਂਤਵਾਸ
NEXT STORY