ਹੁਸ਼ਿਆਰਪੁਰ, (ਜ.ਬ.)- ਅਦਾਲਤ ਦੇ ਨਿਰਦੇਸ਼ਾਂ 'ਤੇ ਥਾਣਾ ਬੁੱਲ੍ਹੋਵਾਲ ਦੀ ਪੁਲਸ ਅੱਜ ਜਿਥੇ ਜਬਰ-ਜ਼ਨਾਹ ਪੀੜਤ ਨਾਬਾਲਗ ਮਾਂ ਨਾਲ ਨਵਜੰਮੀ ਬੱਚੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ, ਉੱਥੇ ਹੀ ਸੈਂਟਰਲ ਜੇਲ 'ਚ ਜਬਰ-ਜ਼ਨਾਹ ਦੇ ਦੋਸ਼ੀ ਅਜਮੇਰ ਸਿੰਘ ਨੂੰ ਲੈ ਕੇ ਜੇਲ 'ਚ ਤਾਇਨਾਤ ਸੁਰੱਖਿਆ ਕਰਮਚਾਰੀ ਪਹੁੰਚੇ। ਸਵੇਰੇ 11 ਵਜੇ ਨਵਜੰਮੀ ਬੱਚੀ ਦੇ ਨਾਲ-ਨਾਲ ਦੋਸ਼ੀ ਅਜਮੇਰ ਸਿੰਘ ਦਾ ਸੈਂਪਲ ਫੋਰੈਂਸਿਕ ਮਾਹਿਰ ਡਾ. ਜਸਵਿੰਦਰ ਨੇ ਲਿਆ।
ਕੀ ਹੈ ਮਾਮਲਾ : ਗੌਰਤਲਬ ਹੈ ਕਿ ਟਾਂਡਾ ਰੋਡ ਦੇ ਨਾਲ ਲੱਗਦੇ ਹਰਦੋਖਾਨਪੁਰ ਪਿੰਡ ਦੀ ਨਾਬਾਲਗ ਲੜਕੀ ਨੇ ਥਾਣਾ ਬੁੱਲ੍ਹੋਵਾਲ ਪੁਲਸ ਕੋਲ 22 ਅਗਸਤ 2017 ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਅਨੁਸਾਰ ਦੋਸ਼ੀ ਨੌਜਵਾਨ ਅਜਮੇਰ ਸਿੰਘ ਪੁੱਤਰ ਬਲਦੇਵ ਰਾਜ ਮੂਲ ਵਾਸੀ ਪਿੰਡ ਸਨਾਲ, ਜ਼ਿਲਾ ਊਨਾ, ਹਿਮਾਚਲ ਪ੍ਰਦੇਸ਼ ਹਰਦੋਖਾਨਪੁਰ ਪਿੰਡ 'ਚ ਹੀ ਹਲਵਾਈ ਦੀ ਦੁਕਾਨ ਚਲਾਉਂਦਾ ਹੈ। ਦੋਸ਼ੀ ਨੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ, ਜਿਸ ਕਾਰਨ ਉਸ ਨੂੰ ਗਰਭ ਠਹਿਰ ਗਿਆ। ਜਦੋਂ ਪੀੜਤਾ ਨੇ ਦੋਸ਼ੀ ਨੂੰ ਉਸ ਨਾਲ ਵਿਆਹ ਕਰਵਾਉਣ ਬਾਰੇ ਕਿਹਾ ਤਾਂ ਉਸ ਨੇ ਪੀੜਤਾ ਨੂੰ ਗਰਭਪਾਤ ਕਰਵਾਉਣ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ। ਗਰਭ ਜੋ ਕਿ 7 ਮਹੀਨੇ ਦਾ ਹੋ ਗਿਆ ਸੀ, ਜਿਸ 'ਤੇ ਨਾਬਾਲਗਾ ਦੇ ਪਰਿਵਾਰ ਦੇ ਲੋਕਾਂ ਨੇ ਦੋਸ਼ੀ ਅਤੇ ਉਸ ਦੇ ਪਰਿਵਾਰ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਸਿਵਲ ਹਸਪਤਾਲ 'ਚ ਪੀੜਤਾ ਦੇ ਨਾਲ-ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਵਜੰਮੀ ਬੱਚੀ ਦਾ ਜਨਮ 5 ਨਵੰਬਰ 2017 ਨੂੰ ਨਾਰਮਲ ਡਲਿਵਰੀ ਨਾਲ ਸਿਵਲ ਹਸਪਤਾਲ 'ਚ ਹੋਇਆ। ਹੁਣ ਸਾਡੇ ਸਾਹਮਣੇ ਸਵਾਲ ਇਹ ਹੈ ਕਿ ਇਸ ਮਾਸੂਮ ਬੱਚੀ ਦੇ ਪਿਤਾ ਦੇ ਤੌਰ 'ਤੇ ਕਿਸ ਦਾ ਨਾਂ ਲਿਖਵਾਇਆ ਜਾਵੇ।
ਕੀ ਕਹਿੰਦੀ ਹੈ ਪੁਲਸ : ਥਾਣਾ ਬੁੱਲ੍ਹੋਵਾਲ 'ਚ ਤਾਇਨਾਤ ਇਸ ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਅੱਜ ਨਵਜੰਮੀ ਬੱਚੀ ਦੇ ਨਾਲ ਦੋਸ਼ੀ ਨੌਜਵਾਨ ਦਾ ਡੀ. ਐੱਨ. ਏ. ਦਾ ਸੈਂਪਲ ਲਿਆ ਗਿਆ ਹੈ। ਸੈਂਪਲ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।
ਕੈਸ਼ ਵੈਨ 'ਚੋਂ 1.14 ਕਰੋੜ ਲੁੱਟਣ ਦਾ ਮਾਮਲਾ, ਭੋਗਪੁਰ ਵਿਚ ਇਕ ਡੇਰਾ ਸੰਚਾਲਕ ਦੇ ਕਾਤਲ ਨਿਕਲੇ ਲੁਟੇਰੇ, ਨਗਦੀ ਤੇ ਪਿਸਤੌਲ ਬਰਾਮਦ
NEXT STORY